ਨਵੀਂ ਦਿੱਲੀ – ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਦਾਅਵੇ ਨਾਲ ਕਿਹਾ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫੇਲ ਸੌਦਾ ਦੇਣ ਲਈ ਭਾਰਤ ਸਰਕਾਰ ਨੇ ਹੀ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਅਨੁਸਾਰ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹੀ ਇਸ ਸਮਝੌਤੇ ਤੇ ਸਹਿਮਤੀ ਬਣ ਗਈ ਸੀ। ਸਾਬਕਾ ਰਾਸ਼ਟਰਪਤੀ ਨੇ ਇਸ ਸੌਦੇ ਵਿੱਚ ਆਪਣੀ ਗਰਲ ਫਰੈਂਡ ਜੂਲੀ ਗਏਟ ਦੇ ਨਾਲ ਕਿਸੇ ਵੀ ਕਿਸਮ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।
ਰਾਸ਼ਟਰਪਤੀ ਓਲਾਂਦ ਨੇ ਕਿਹਾ, ‘ਅਨਿਲ ਅੰਬਾਨੀ ਦੀ ਰਿਲਾਇੰਸ ਡਿਫੈਂਸ ਨੂੰ ਇਸ ਸੌਦੇ ਵਿੱਚ ਸ਼ਾਮਿਲ ਕਰਨ ਵਿੱਚ ਸਾਡੀ ਕੋਈ ਭੂਮਿਕਾ ਨਹੀਂ ਸੀ। ਭਾਰਤ ਸਰਕਾਰ ਨੇ ਹੀ ਇਸ ਕੰਪਨੀ ਦਾ ਨਾਮ ਪ੍ਰਸਤਾਵਿਤ ਕੀਤਾ ਸੀ ਅਤੇ ਦਸਾਲਟ ਨੇ ਅੰਬਾਨੀ ਨਾਲ ਸਮਝੌਤਾ ਕੀਤਾ। ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਮੈਂ ਤਾਂ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਜੂਲੀ ਗਏਟ ਦੀ ਫ਼ਿਲਮ ਦਾ ਇਸ ਸੌਦੇ ਨਾਲ ਕੋਈ ਸਬੰਧ ਹੋ ਸਕਦਾ ਹੈ।’
ਵਰਨਣਯੋਗ ਹੈ ਕਿ ਭਾਰਤ ਦੀ ਬੀਜੇਪੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਦਸਾਲਟ ਦੇ ਨਾਲ ਰਿਲਾਇੰਸ ਦੇ ਹੋਏ ਰਾਫੇਲ ਸਮਝੌਤੇ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਿੱਛਲੇ ਕਾਫ਼ੀ ਅਰਸੇ ਤੋਂ ਮੋਦੀ ਤੇ ਇਹ ਆਰੋਪ ਲਗਾਉਂਦਾ ਆ ਰਿਹਾ ਹੈ ਕਿ ਉਸ ਨੇ ਆਪਣੇ ਕਾਰੋਬਾਰੀ ਦੋਸਤ ਨੂੰ ਲਾਭ ਪਹੁੰਚਾਉਣ ਲਈ ਹੀ ਹਿੰਦੋਸਤਾਨ ਐਰੋਨਾਟਿਕਸ ਲਿਮਿਟਿਡ ਨੂੰ ਇਸ ਤੋਂ ਬਾਹਰ ਕੀਤਾ ਸੀ।
ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਵੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਇਹ ਸਵਾਲ ਕੀਤਾ ਸੀ, ‘ਕਿਰਪਾ ਕਰਕੇ ਇਹ ਵੀ ਦਸੋ ਕਿ ਰਾਫੈਲ ਦੀ 2012 ਵਿੱਚ 590 ਕਰੋੜ ਦੀ ਕੀਮਤ 2015 ਵਿੱਚ 1690 ਕਰੋੜ ਕਿਵੇਂ ਹੋ ਗਈ? ਮੂਨੂੰ ਪਤਾ ਹੈ ਕਿ ਇਹ ਯੂਰੋ ਦੀ ਦੀ ਵਜ੍ਹਾ ਨਾਲ ਇਹ ਕੈਲਕੁਲੇਸ਼ਨ ਦੀ ਸਮੱਸਿਆ ਨਹੀਂ ਹੈ।’
ਮੋਦੀ ਸਰਕਾਰ ਇਸ ਘੋਟਾਲੇ ਨੂੰ ਛੁਪਾਉਣ ਲਈ ਇਸ ਨੂੰ ਦੋ ਪਰਾਈਵੇਟ ਕੰਪਨੀਆਂ ਦਰਮਿਆਨ ਹੋਇਆ ਸਮਝੌਤਾ ਕਰਾਰ ਦੇ ਕੇ ਪੱਲਾ ਝਾੜਦੀ ਆਈ ਹੈ, ਪਰ ਹੁਣ ਉਸ ਦੇ ਇਸ ਮਾਮਲੇ ਵਿੱਚ ਫਸ ਜਾਣ ਦੇ ਆਸਾਰ ਵੱਧ ਗਏ ਹਨ।