ਸ਼ਾਹਕੋਟ/ਮਲਸੀਆਂ, 26 ਸਤੰਬਰ (ਏ.ਐੱਸ. ਸਚਦੇਵਾ) – ਸਤਲੁਜ ਦਰਿਆ ਵੱਲੋਂ ਪਿੰਡ ਬਾਊਪੁਰ ਨੇੜੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ ਤੋਂ ਬਚਾਉਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਤ ਨੂੰ ਮੋਰਚਾ ਸੰਭਾਲ ਲਿਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਦੋ ਤਿੰਨ ਥਾਵਾਂ ਤੋਂ ਲੱਗ ਰਹੀ ਢਾਅ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਹਾ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਸੁਨੇਹਾ ਮਿਲਿਆ ਸੀ ਤੇ ਉਦੋਂ ਹੀ ਉਹ ਸੇਵਾਦਾਰਾਂ ਨੂੰ ਨਾਲ ਲੈ ਕੇ ਮੌਕੇ ‘ਤੇ ਪਹੁੰਚ ਗਏ ਤਾਂ ਜੋ ਨੁਕਸਾਨੇ ਗਏ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਸਕੇ। ਦੇਰ ਰਾਤ ਤੱਕ ਉਹ ਮਿੱਟੀ ਦੇ ਬੋਰੇ ਭਰਨ ਵਿੱਚ ਲੱਗੇ ਹੋਏ ਸਨ। ਦੁਪਹਿਰ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਦਰੱਖਤ ਵੱਢ ਕੇ ਦਰਿਆ ਦੇ ਕੰਢੇ ‘ਤੇ ਸੁੱਟੇ ਸਨ ਤਾਂ ਜੋ ਲੱਗ ਰਹੀ ਢਾਅ ਨੂੰ ਰੋਕਿਆ ਜਾ ਸਕੇ। ਭਾਵੇਂ ਕਿ ਮੌਸਮ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈ ਸਤਲੁਜ ਦਰਿਆ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੇ ਕੁੱਝ ਘੰਟਿਆਂ ਦੌਰਾਨ ਕਿਸੇ ਵੀ ਹੰਗਾਮੀ ਹਾਲਾਤਾਂ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਰਿਹਾ ਜਾਵੇ। ਰੋਪੜ ਹੈੱਡ ਵਰਕਸ ਤੋਂ ਪਾਣੀ ਛੱਡੇ ਜਾਣ ਦੀ ਸਥਿਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਮੌਸਮ ਸਾਫ਼ ਹੋ ਚੁੱਕਾ ਹੈ ਪਰ ਫਿਰ ਵੀ ਗੁਆਂਢੀ ਪਹਾੜੀ ਸੂਬੇ ਦੇ ਖ਼ਰਾਬ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਚੌਕਸੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਰਕੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ, ਜੋਕਿ ਜ਼ਿਲ੍ਹੇ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਅਚਾਨਕ ਆਈ ਤਬਦੀਲੀ ਕਰਕੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਇਸ ਲਈ ਜਰੂਰੀ ਕਦਮ ਉਠਾਏ ਗਏ ਹਨ। ਸ੍ਰੀ ਸ਼ਰਮਾ ਨੇ ਸਬ ਡਿਵੀਜ਼ਨਲ ਮੈਜਿਸਟਰੇਟਾਂ ਨੂੰ ਕਿਹਾ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਧ ‘ਤੇ ਪਾਣੀ ਦੇ ਪੱਧਰ ਉਤੇ ਨਿਗਾਹ ਰੱਖਣ ਲਈ ਲਗਾਤਾਰ ਗਸ਼ਤ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਰਿਆ ਦੇ ਨਾਲ ਲੱਗਦੇ ਨਾਜ਼ੁਕ ਥਾਵਾਂ ਦੀ ਪਛਾਣ ਕਰਕੇ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣ। ਸ੍ਰੀ ਸ਼ਰਮਾ ਨੇ ਕਿਹਾ ਕਿ ਭਾਵੇਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੁਝ ਘਟਿਆ ਹੈ ਪਰ ਅਜੇ ਵੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ। ਇਸੇ ਤਰ੍ਹਾਂ ਜਿਵੇਂ ਹੀ ਪਿੰਡ ਬਾਊਪੁਰ ਵਿੱਚ ਪਾਣੀ ਦਾ ਪੱਧਰ ਵੱਧਣ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਪਾਸ ਪੁੱਜੀ ਤਾਂ ਉਨਾਂ ਤੁਰੰਤ ਐਸ।ਡੀ।ਐਮ। ਸ਼ਾਹਕੋਟ ਨਵਨੀਤ ਕੌਰ ਬੱਲ ਨੂੰ ਪਿੰਡ ਬਾਊਪੁਰ ਵਿੱਚ ਜਾ ਕੇ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭੇਜਿਆ। ਸਬ ਡਿਵੀਜ਼ਨ ਮੈਜਿਸਟਰੇਟ ਜੋ ਕਿ ਸਾਰਾ ਦਿਨ ਬਾਊਪੁਰ ਪਿੰਡ ਵਿੱਚ ਰਹੇ, ਵਲੋਂ ਪੂਰੀ ਸਰਕਾਰੀ ਮਸ਼ੀਨਰੀ ਲਗਾ ਕੇ ਦਰਿਆ ਦੇ ਬੰਧ ਨੂੰ ਮਜ਼ਬੂਤ ਕੀਤਾ ਗਿਆ ਤਾਂ ਜੋ ਪਾਣੀ ਪਿੰਡ ਵਿੱਚ ਦਾਖਲ ਨਾ ਹੋ ਸਕੇ। ਉਨ੍ਹਾਂ ਪਿੰਡ ਦੇ ਨਾਲ ਲੱਗਦੇ ਦਰਿਆ ਦੇ ਬੰਧ ਨੂੰ ਰੇਤ ਦੇ ਬੋਰਿਆਂ ਨਾਲ ਮਜਬੂਤ ਕਰਨ ਨੂੰ ਵੀ ਯਕੀਨੀ ਬਣਾਇਆ। ਸ਼੍ਰੀਮਤੀ ਬੱਲ ਵਲੋਂ ਕਿਸੇ ਵੀ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਪੁਲੀਸ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ। ਸਾਰੇ ਕੰਮ ਦੀ ਆਪ ਖੁਦ ਨਿਗਰਾਨੀ ਕਰਦਿਆਂ ਉਨਾਂ ਸਿੰਚਾਈ, ਪੰਚਾਇਤ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਬਾਊਪੁਰ ਨੇੜੇ ਸਤਲੁਜ ਵੱਲੋਂ ਲਾਈ ਜਾ ਰਹੀ ਢਾਅ ਨੂੰ ਰੋਕਣ ਲਈ ਸੰਤ ਸੀਚੇਵਾਲ ਨੇ ਸੰਭਾਲਿਆ ਮੋਰਚਾ
This entry was posted in ਪੰਜਾਬ.