ਬੀਤੇ ਹੋਏ ਦਾ ਮਨ ਤੇ, ਰੱਖੀਂ ਨਾ ਭਾਰ ਸੱਜਣਾ।
ਇਹ ਵਰਤਮਾਨ ਤੇਰਾ, ਇਸ ਨੂੰ ਸੰਵਾਰ ਸੱਜਣਾ।
ਜੇ ਜ਼ਿੰਦਗੀ ‘ਚ ਚਾਹੇਂ, ਤੂੰ ਮਾਨਣਾ ਖੁਸ਼ੀ ਨੂੰ,
ਰੋਸੇ ਤੇ ਸ਼ਿਕਵਿਆਂ ਨੂੰ, ਦਿਲ ਤੋਂ ਵਿਸਾਰ ਸੱਜਣਾ।
ਚਾਹੇਂ ਜੇ ਤੂੰ ਹਮੇਸ਼ਾ, ਰਹਿਮਤ ਰਹੇ ਖੁਦਾ ਦੀ,
ਉਸ ਦੀ ਸਰਿਸ਼ਟੀ ਤਾਈਂ, ਕਰ ਲੈ ਤੂੰ ਪਿਆਰ ਸੱਜਣਾ।
ਕਰਦਾ ਨਾ ਜਾ ਭਰੋਸਾ, ਅੱਖਾਂ ਨੂੰ ਬੰਦ ਕਰਕੇ,
ਸੱਚ ਝੂਠ ਨੂੰ ਤੂੰ ਪਹਿਲਾਂ, ਆਪੇ ਨਿਤਾਰ ਸੱਜਣਾ।
ਅਣਜੰਮੀਆਂ ਨੂੰ ਆਪੇ, ਕਰਕੇ ਕਤਲ ਤੂੰ ਹੱਥੀਂ,
ਨਿਤ ਸਿਰ ਚੜ੍ਹਾ ਰਿਹਾ ਏਂ, ਪਾਪਾਂ ਦਾ ਭਾਰ ਸੱਜਣਾ।
ਇਹ ਤਾਂ ਮਿਲੀ ਸੀ ਤੈਂਨੂੰ, ਕਰਨੇ ਲਈ ਗੁਜ਼ਾਰਾ,
ਮਾਇਆ ਹੀ ਤੇਰੇ ਉੱਤੇ, ਹੋਈ ਸਵਾਰ ਸੱਜਣਾ।
ਸਿੱਖਿਆ ਹੈ ‘ਦੀਸ਼’ ਨੇ ਤਾਂ, ਅਪਣੇ ਤਜਰਬਿਆਂ ਤੋਂ,
ਕਰਨਾ ਕਿਵੇਂ ਹੈ ਗ਼ਮ ਦੇ, ਸਾਗਰ ਨੂੰ ਪਾਰ ਸੱਜਣਾ।