ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਕੀਤੇ ਜਾਣ ਵਾਲੇ ਪਾਪਾ ਦਾ ਘੜਾ ਬੇਸ਼ੱਕ ਭਰਕੇ ਉੱਛਲ ਰਿਹਾ ਹੈ ਅਤੇ ਸਮੁੱਚੀ ਕੌਮ ਨੂੰ ਦਿਖਾਈ ਦੇ ਰਿਹਾ ਹੈ । ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਤਾਂ ਸੱਚ ਨੂੰ ਸਮੁੱਚੀ ਦੁਨੀਆਂ ਵਿਚ ਉਜਾਗਰ ਕਰ ਦਿੱਤਾ ਹੈ, ਪਰ ਫਿਰ ਵੀ ਬਾਦਲ ਦਲ ਵਿਚ ਬੈਠੇ ਕਈ ਟਕਸਾਲੀ ਅਤੇ ਹੰਢੇ ਹੋਏ ਸਿਆਸਤਦਾਨ ਲੰਮੇਂ ਸਮੇਂ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਨਾਸ਼ਾਹੀ ਸੋਚ ਅਤੇ ਅਮਲਾਂ ਨੂੰ ਪਤਾ ਨਹੀਂ ਕਿਉਂ ਅਜੇ ਵੀ ਬਰਦਾਸਤ ਕਰਦੇ ਆ ਰਹੇ ਹਨ ? ਉਨ੍ਹਾਂ ਦੀ ਜਮੀਰ ਕਿਉਂ ਸੌ ਗਈ ਹੈ ? ਪਰ ਫਿਰ ਵੀ ਬੀਤੇ ਦਿਨੀਂ ਮਾਝੇ ਦੇ ਸ. ਰਣਜੀਤ ਸਿੰਘ ਬ੍ਰਾਹਮਪੁਰਾ, ਸ. ਰਤਨ ਸਿੰਘ ਅਜਨਾਲਾ ਅਤੇ ਸ. ਸੇਵਾ ਸਿੰਘ ਸੇਖਵਾਂ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਅਸਤੀਫੇ ਦੇਣ ਲਈ ਬੁਲਾਈ ਸੀ, ਪਰ ਉਨ੍ਹਾਂ ਦੀ ਜਮੀਰ ਨੂੰ ਹਲੂਣਾ ਤਾਂ ਜ਼ਰੂਰ ਆਇਆ ਹੈ, ਪਰ ਅਜੇ ਵੀ ਪੂਰੀ ਤਰ੍ਹਾਂ ਨਹੀਂ ਜਾਗੀ ਜਿਸ ਕਾਰਨ ਉਨ੍ਹਾਂ ਨੇ ਸ. ਬਾਦਲ ਅਤੇ ਬਾਦਲ ਪਰਿਵਾਰ ਦੀਆਂ ਵੱਡੀਆ ਖਾਮੀਆ ਦੀ ਗੱਲ ਕਰਦੇ ਹੋਏ, ਪਾਰਟੀ ਵਿਚ ਰਹਿਕੇ ਹੀ ਉਨ੍ਹਾਂ ਨੂੰ ਠੀਕ ਕਰਨ ਦੀ ਗੱਲ ਕਰਕੇ ਆਪੋ-ਆਪਣੇ ਅਸਤੀਫੇ ਦੇਣ ਦੀ ਗੱਲ ਨੂੰ ਪ੍ਰੈਸ ਸਾਹਮਣੇ ਟਾਲਣ ਵਿਚ ਕਾਮਯਾਬ ਹੋ ਗਏ । ਜਦੋਂਕਿ ਇਨ੍ਹਾਂ ਟਕਸਾਲੀ ਆਗੂਆਂ ਨੂੰ ਆਪਣੀ ਜ਼ਮੀਰ ਨੂੰ ਪੂਰਨ ਰੂਪ ਵਿਚ ਜਿਊਦੇ ਰੱਖਦੇ ਹੋਏ ਸਿੱਖ ਕੌਮ ਅਤੇ ਪੰਜਾਬ ਸੂਬੇ ਪ੍ਰਤੀ ਹੋ ਰਹੀਆ ਨਿਰੰਤਰ ਬੇਇਨਸਾਫ਼ੀਆਂ, ਜ਼ਬਰ-ਜੁਲਮ ਵਿਰੁੱਧ ਸੁੱਤੇ ਸ਼ੇਰ ਵਾਂਗੂ ਜਾਗਕੇ ਦਹਾੜ ਮਾਰਦੇ ਹੋਏ ਦ੍ਰਿੜਤਾ ਨਾਲ ਬਾਦਲ ਪਰਿਵਾਰ ਦੀਆਂ ਆਪਹੁਦਰੀਆ ਵਿਰੁੱਧ ਕਾਰਵਾਈ ਕਰਨੀ ਬਣਦੀ ਸੀ । ਜਿਸ ਤੋਂ ਅਜੇ ਇਹ ਆਗੂ ਖੁੰਝ ਗਏ ਹਨ ਅਤੇ ਬਰਗਾੜੀ ਮੋਰਚੇ ਦੀਆਂ ਕੌਮੀ ਮੰਗਾਂ ਜਿਨ੍ਹਾਂ ਉਤੇ ਸਮੁੱਚੀ ਕੌਮ ਇਕੱਤਰ ਹੋ ਚੁੱਕੀ ਹੈ, ਉਸਦੀ ਪੈਰਵੀ ਕਰਨੀ ਬਣਦੀ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਤਿੰਨੇ ਆਗੂਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵਿਚ ਕੌਮੀ ਅਤੇ ਸੱਚ ਦੀ ਗੱਲ ਨੂੰ ਉਭਾਰਨ ਤੋਂ ਖੁੰਝ ਜਾਣ ਅਤੇ ਕੌਮੀ ਪਾੜੇ ਵਿਚ ਆ ਕੇ ਬਰਗਾੜੀ ਮੋਰਚੇ ਵਿਚ ਬੈਠ ਜਾਣ ਤੋਂ ਕੰਨੀ ਕਤਰਾਉਣ ਦੇ ਅਮਲਾਂ ਉਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਹਾਕਮ ਵਿਰੁੱਧ ਜਾਂ ਆਗੂ ਵਿਰੁੱਧ ਹਿੰਮਤ ਜੁਟਾਉਣਾ ਵੀ ਅੱਜ ਦੇ ਸਮੇਂ ਵਿਚ ਵੱਡੀ ਗੱਲ ਹੈ । ਪਰ ਅਜਿਹੇ ਆਗੂਆਂ ਨੂੰ ਲੁੱਕਣ-ਮਿੱਟੀ ਖੇਡਣ ਦੀ ਬਜਾਇ ਬਾਦਲ ਦਲ ਵਿਚ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਇਖਲਾਕੀ, ਸਮਾਜਿਕ ਅਤੇ ਰਾਜਨੀਤਿਕ ਖਾਮੀਆ ਦਾ ਪੂਰਨ ਰੂਪ ਵਿਚ ਖਾਤਮਾ ਕਰਨ ਲਈ ਅਤੇ ਕੌਮ ਲਈ ਕੋਈ ਵੱਡੀ ਪ੍ਰਾਪਤੀ ਕਰਨ ਹਿੱਤ, ਕੁਝ ਨਾ ਕੁਝ ਤਾਂ ਗਵਾਉਣਾ ਹੀ ਪਵੇਗਾ । ਜੋ ਆਗੂ ਲੰਮੇਂ ਸਮੇਂ ਤੋਂ ਬਾਦਲ ਪਰਿਵਾਰ ਦੀਆਂ ਗੈਰ-ਦਲੀਲ ਕਾਰਵਾਈਆ ਤੋਂ ਖਫਾ ਚੱਲਦੇ ਆ ਰਹੇ ਹਨ ਅਤੇ ਪਾਰਟੀ ਵਿਚ ਸਨਿਆਰਟੀ ਦੇ ਪੈਮਾਨੇ ਤੇ ਅੱਗੇ ਹਨ, ਉਨ੍ਹਾਂ ਨੂੰ ਇਕ ਕਦਮ ਅੱਗੇ ਵੱਧਕੇ, ਪਿੱਛੇ ਹੱਟ ਜਾਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਇਹ ਆਗੂ ਅਜੇ ਵੀ ਆਪਣੀਆ ਸਿਆਸੀ, ਪਰਿਵਾਰਿਕ ਉਲਝਣਾ ਵਿਚ ਫਸੇ ਹੋਏ ਹਨ । ਕੌਮੀ ਅਤੇ ਮਨੁੱਖੀ ਹਿੱਤਾ ਦੀ ਬਜਾਇ ਆਪਣੇ ਪਰਿਵਾਰ ਅਤੇ ਰਿਸਤੇਦਾਰ ਹੀ ਦਿਖਾਈ ਦਿੰਦੇ ਹਨ । ਜਦੋਂਕਿ ਪਾਰਟੀ ਵਿਚ ਜਾਂ ਕਿਸੇ ਸੰਸਥਾਂ ਜਾਂ ਸੰਗਠਨ ਵਿਚ ਅਮਲੀ ਰੂਪ ਵਿਚ ਸੁਧਾਰ ਲਿਆਉਣ ਦੇ ਚਾਹਵਾਨ ਆਗੂ ਕੇਵਲ ਆਪ ਹੀ ਅਜਿਹੀਆ ਕੁਰੀਤੀਆ ਅਤੇ ਬੇਨਿਯਮੀਆ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਹੀ ਨਹੀਂ ਲੈਦੇ, ਬਲਕਿ ਆਪਣੇ ਪੁਰਾਤਨ ਲੰਮੇਂ ਸਮੇਂ ਦੇ ਤੁਜਰਬੇ ਅਤੇ ਕੌਮ ਪੱਖੀ ਫੈਸਲਾਕੁੰਨ ਨਤੀਜੇ ਕੱਢਣ ਲਈ ਵੱਡੀ ਗਿਣਤੀ ਵਿਚ ਹੋਰਨਾਂ ਆਗੂਆਂ ਅਤੇ ਵਰਕਰਾਂ ਨੂੰ ਵੀ ਸਹੀ ਦਿਸ਼ਾ ਵੱਲ ਤਿਆਰ ਕਰਕੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਦੇ ਹਨ । ਇਸ ਲਈ ਉਪਰੋਕਤ ਤਿੰਨੇ ਆਗੂਆਂ ਨੇ ਪਾਰਟੀ ਵਿਚ ਰਹਿਕੇ ਸੁਧਾਰ ਕਰਨ ਦੀ ਗੱਲ ਕਹਿਕੇ ਜੋ ਟਾਲਾ ਵੱਟਣ ਦੀ ਗੱਲ ਕੀਤੀ ਹੈ, ਉਹ ਪਾਰਟੀ ਤੇ ਕੌਮ ਨੂੰ ਹੋਰ ਦੁਸਵਾਰੀਆ ਤਾਂ ਦੇ ਸਕਦੀ ਹੈ, ਲੇਕਿਨ ਕੌਮ ਅਤੇ ਪੰਜਾਬ ਸੂਬੇ ਪ੍ਰਤੀ ਕੌਮ ਦੀਆਂ ਭਾਵਨਾਵਾ ਅਨੁਸਾਰ ਨਤੀਜੇ ਨਹੀਂ ਦੇ ਸਕਦੀ । ਜਦੋਂਕਿ ਅਜੋਕੇ ਸਮੇਂ ਦੀ ਮੁੱਖ ਮੰਗ ਹੈ ਕਿ ਆਪਣੇ ਪਰਿਵਾਰਿਕ ਅਤੇ ਸਿਆਸੀ ਹਿੱਤਾ ਤੋ ਉਪਰ ਉੱਠਕੇ ਲੰਮੇਂ ਸਮੇਂ ਤੋਂ ਸੈਂਟਰ ਦੇ ਹੁਕਮਰਾਨਾਂ ਅਤੇ ਪੰਜਾਬ ਦੇ ਹੁਕਮਰਾਨਾਂ ਵੱਲੋਂ ਜੋ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕੀਤੀਆ ਗਈਆ ਹਨ, ਉਨ੍ਹਾਂ ਦੇ ਦੋਸ਼ੀਆਂ ਨੂੰ ਬਣਦੀਆ ਸਜ਼ਾਵਾਂ ਦਿਵਾਉਣ ਲਈ ਅਤੇ ਕੌਮੀ ਇਨਸਾਫ਼ ਪ੍ਰਾਪਤ ਕਰਨ ਲਈ ਬਿਨ੍ਹਾਂ ਕਿਸੇ ਡਰ-ਭੈ ਜਾਂ ਪੱਖਪਾਤ ਤੋਂ ‘ਬਰਗਾੜੀ ਮੋਰਚੇ’ ਵਿਚ ਸਹਿਯੋਗ ਕੀਤਾ ਜਾਵੇ ਅਤੇ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਸਭ ਸਿੱਖ ਕਿਨਾਰੇ ਤੇ ਲਗਾਉਣ ਲਈ ਸੁਹਿਰਦਤਾ ਨਾਲ ਆਪਣਾ ਯੋਗਦਾਨ ਪਾਉਣ ।
ਸ. ਮਾਨ ਨੇ ਅਜਿਹੇ ਟਕਸਾਲੀ ਆਗੂਆ ਅਤੇ ਬਾਦਲ ਦਲ ਵਿਚ ਹੋਰ ਵੀ ਲੰਮੇਂ ਸਮੇਂ ਤੋਂ ਘੁਟਨ ਮਹਿਸੂਸ ਕਰਦੇ ਆ ਰਹੇ ਆਗੂਆਂ ਨੂੰ ਕੌਮ ਦੇ ਬਿਨ੍ਹਾਂ ਤੇ ਜੋਰਦਾਰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ 1947 ਤੋਂ ਲੈਕੇ ਅੱਜ ਤੱਕ ਸ. ਬਾਦਲ ਅਤੇ ਬਾਦਲ ਪਰਿਵਾਰ ਵਰਗੀ ਸਵਾਰਥੀ ਲੀਡਰਸਿ਼ਪ ਦੀ ਬਦੌਲਤ ਕਦੀ ਵੀ ਪੂਰਾ ਨਾ ਹੋਣ ਵਾਲਾ ਅਸਹਿ ਘਾਟਾ ਪੈ ਚੁੱਕਾ ਹੈ । ਜੇਕਰ ਅਜੇ ਵੀ ਅਜਿਹੀ ਲੀਡਰਸਿ਼ਪ ਦੋਚਿਤੀ ਵਿਚ ਫਸੀ ਰਹੀ ਤਾਂ ਉਹ ਵੀ ਸ. ਬਾਦਲ ਅਤੇ ਬਾਦਲ ਪਰਿਵਾਰ ਦੀ ਤਰ੍ਹਾਂ ਕੌਮੀ ਇਤਿਹਾਸ ਦੇ ਪੰਨਿਆ ਵਿਚ ਕੌਮੀ ਦੋਸ਼ੀ ਹੋਣ ਅਤੇ ਆਪਣੀਆ ਜਮੀਰਾਂ ਮਰ ਜਾਣ ਦੇ ਬੋਝ ਤੋਂ ਬਚ ਨਹੀਂ ਸਕਣਗੇ । ਇਸ ਲਈ ਇਹ ਸੁਨਹਿਰੀ ਅਤੇ ਉਸ ਅਕਾਲ ਪੁਰਖ ਵੱਲੋਂ ਬਣਾਇਆ ਸੁਭ ਮੌਕਾ ਹੈ ਕਿ ਉਹ ਉਸ ਅਕਾਲ ਪੁਰਖ ਨੂੰ ਹਾਜਰ ਨਾਜਰ ਸਮਝਕੇ ਆਪਣੀ ਆਖਰੀ ਉਮਰੇ ਕੋਈ ਕੌਮ ਪੱਖੀ ਚੰਗੇਰਾ ਉਦਮ ਕਰਨ ਦੀ ਜਿਥੇ ਹਿਮਤ ਕਰਨ, ਉਥੇ ਬਾਦਲ ਪਰਿਵਾਰ ਵਰਗੇ ਦੋਸ਼ੀ ਤੋਂ ਕੌਮ ਦਾ ਖਹਿੜਾ ਛੁਡਵਾਉਣ ਲਈ ਉਪਰਾਲਾ ਕਰਨ ਤਾਂ ਬਿਹਤਰ ਹੋਵੇਗਾ।