ਨਵੀਂ ਦਿੱਲੀ – ਦਿੱਲੀ ਆ ਰਹੇ ਕਿਸਾਨਾਂ ਨੂੰ ਗਾਜੀਪੁਰ ਸਰਹੱਦ ਤੇ ਜਿਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਅਤੇ ਜਿਵੇਂ ਉਨ੍ਹਾਂ ਤੇ ਪਾਣੀ ਦੀਆਂ ਬੁਸ਼ਾਰਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ, ਉਸ ਦਾ ਰਾਹੁਲ ਗਾਂਧੀ ਸਮੇਤ ਹੋਰ ਵੀ ਕਈ ਨੇਤਾਵਾਂ ਵੱਲੋਂ ਕੇਂਦਰ ਸਰਕਾਰ ਦੇ ਇਸ ਰਵਈਏ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਰੈਲੀ ਕਰਕੇ ਦਿੱਲੀ ਦੇ ਅੰਦਰ ਜਾਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਹਨ ਅਤੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਵਿਅੰਗ ਕਸਦੇ ਹੋਏ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਦੀ ਮਾਰਕੁੱਟ ਦੇ ਨਾਲ ਗਾਂਧੀ ਜੰਤੀ ਸਮਾਗਮ ਦੀ ਸ਼ੁਰੂਆਤ ਕੀਤੀ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਵਿਸ਼ਵ ਅਹਿੰਸਾ ਦਿਵਸ ਤੇ ਬੀਜੇਪੀ ਦਾ ਦੋ ਸਾਲਾ ਗਾਂਧੀ ਜੰਤੀ ਸਮਾਗਮ ਸ਼ਾਂਤੀਪੂਰਵਕ ਦਿੱਲੀ ਆ ਰਹੇ ਕਿਸਾਨਾਂ ਦੀ ਬੁਰੀ ਤਰ੍ਹਾਂ ਪਿਟਾਈ ਨਾਲ ਸ਼ੁਰੂ ਹੋਇਆ।’ ਉਨ੍ਹਾਂ ਨੇ ਇਹ ਵੀ ਕਿਹਾ, ‘ਹੁਣ ਕਿਸਾਨ ਦੇਸ਼ ਦੀ ਰਾਜਧਾਨੀ ਆ ਕੇ ਆਪਣਾ ਦਰਦ ਵੀ ਨਹੀਂ ਸੁਣਾ ਸਕਦੇ। ਐਨਡੀਏ ਦੀ ਸਹਿਯੋਗੀ ਜਦਯੂ ਨੇ ਵੀ ਕਿਸਾਨਾਂ ਦੇ ਅੰਦੋਲਨ ਨਾਲ ਨਜਿਠਣ ਦੇ ਤਰੀਕੇ ਤੇ ਇਤਰਾਜ਼ ਜਾਹਿਰ ਕਰਦੇ ਹੋਏ ਕਿਹਾ ਕਿ ਸ਼ਾਂਤੀਪੂਰਣ ਅਤੇ ਨਿਹੱਥੇ ਕਿਸਾਨਾਂ ਨੂੰ ਰਾਜਘਾਟ ਜਾਣ ਤੋਂ ਰੋਕਿਆ ਗਿਆ।
ਵਰਨਣਯੋਗ ਹੈ ਕਿ ਕਿਸਾਨ ਪਿੱਛਲੇ 9 ਦਿਨਾਂ ਦੀ ਯਾਤਰਾ ਤੈਅ ਕਰਦੇ ਹੋਏ ਹਰਿਦੁਆਰ ਤੋਂ ਹੋ ਕੇ ਦਿੱਲੀ ਪਹੁੰਚੇ ਹਨ ਅਤੇ ਉਹ ਰਾਜਘਾਟ ਜਾਣਾ ਚਾਹੁੰਦੇ ਹਨ ਪਰ ਸਰਕਾਰ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਦਿੱਲੀ ਵਿੱਚ ਦਾਖਿਲ ਹੋਣ ਤੋਂ ਰੋਕ ਦਿੱਤਾ ਹੈ। ਕਾਂਗਰਸ ਨੇਤਾ ਸੂਰਜੇਵਾਲ ਨੇ ਵੀ ਕਿਹਾ, ‘ਮਹਾਤਮਾ ਗਾਂਧੀ ਦੀ ਜੰਤੀ ਤੇ ਮੋਦੀ ਸਰਕਾਰ ਨੇ ਵਿਖਾ ਦਿੱਤਾ ਹੈ ਕਿ ਇਹ ਸਰਕਾਰ ਆਜ਼ਾਦੀ ਤੋਂ ਪਹਿਲਾਂ ਵਾਲੀ ਬ੍ਰਿਟਿਸ਼ ਸਰਕਾਰ ਤੋਂ ਕਿਸੇ ਵੀ ਮਾਮਲੇ ਵਿੱਚ ਘੱਟ ਨਹੀਂ ਹੈ। ਉਸ ਸਮੇਂ ਅੰਗਰੇਜ ਸਰਕਾਰ ਕਿਸਾਨਾਂ ਦਾ ਦਮਨ ਕਰਦੀ ਸੀ ਅਤੇ ਅੱਜ ਮੋਦੀ ਸਰਕਾਰ ਕਿਸਾਨਾਂ ਦੀਆਂ ਛਾਤੀਆਂ ਤੇ ਲਾਠੀਆਂ ਵਰ੍ਹਾ ਰਹੀ ਹੈ, ਉਨ੍ਹਾਂ ਤੇ ਪਾਣੀ ਦੀਆਂ ਬੁਸ਼ਾਰਾਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ।
ਸਪਾ ਮੁੱਖੀ ਅਖਿਲੇਸ਼ ਨੇ ਕਿਹਾ, ‘ਇਸ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ, ਇਸ ਲਈ ਇਹ ਸੁਭਾਵਿਕ ਹੈ ਕਿ ਕਿਸਾਨ ਅੰਦੋਲਨ ਕਰਨਗੇ। ਇਹ ਦੁਰਭਾਗਿਆ ਪੂਰਣ ਹੈ ਅਤੇ ਅਸੀਂ ਕਿਸਾਨਾਂ ਦਾ ਖੁਲ੍ਹੇ ਤੌਰ ਤੇ ਸਮੱਰਥਨ ਕਰਦੇ ਹਾਂ।’’