ਨਵੀਂ ਦਿੱਲੀ – ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਤੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਈਡੀ ਨੇ ਸ਼ਿਕੰਜਾ ਕਸ ਦਿੱਤਾ ਹੈ। ਈਡੀ ਨੇ ਭਾਰਤ, ਲੰਡਨ ਅਤੇ ਸਪੇਨ ਵਿੱਚ ਸਥਿਤ ਕਾਰਤੀ ਚਿਦੰਬਰਮ ਦੀਆਂ ਸੰਪਤੀਆਂ ਜ਼ਬਤ ਕਰ ਲਈਆਂ ਹਨ। ਕਾਰਤੀ ਦੇ ਲੰਡਨ ਵਿੱਚ ਘਰ, ਕਾਟੇਜ ਅਤੇ ਜ਼ਮੀਨਾਂ ਨੂੰ ਜ਼ਬਤ ਕਰ ਲਿਆ ਹੈ। ਜ਼ਬਤ ਕੀਤੀਆਂ ਗਈਆਂ ਸੰਪਤੀਆਂ ਦੀ ਕੀਮਤ 54 ਕਰੋੜ ਰੁਪੈ ਦੇ ਕਰੀਬ ਹੈ। ਕਾਰਤੀ ਦੀਆਂ ਜੋ ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਊਟੀ ਅਤੇ ਕੋਡਾਈਕਨਾਲ ਵਿੱਚ ਸਥਿਤ ਬੰਗਲਾ,ਬ੍ਰਿਟੇਨ ਵਿੱਚਲਾ ਘਰ ਅਤੇ ਦਿੱਲੀ ਅਤੇ ਬਾਰਸਿਲੋਨਾ ਦੀਆਂ ਸੰਪਤੀਆਂ ਸ਼ਾਮਿਲ ਹਨ।
ਸੀਬੀਆਈ ਦਾ ਕਹਿਣਾ ਹੈ ਕਿ ਸਾਲ 2007 ਵਿੱਚ 305 ਕਰੋੜ ਰੁਪੈ ਦੀ ਵਿਦੇਸ਼ੀ ਧੰਨਰਾਸ਼ੀ ਪ੍ਰਾਪਤ ਕਰਨ ਲਈ ਆਈਐਨਐਕਸ ਮੀਡੀਆ ਨੂੰ ਐਫ਼ਆਈਪੀਬੀ ਤੋਂ ਮਿਲੀ ਮਨਜ਼ੂਰੀ ਵਿੱਚ ਕਥਿਤ ਤੌਰ ਤੇ ਘੱਪਲੇਬਾਜ਼ੀ ਦੀ ਸਿ਼ਕਾਇਤ ਪਾਈ ਗਈ,ਜਿਸ ਦੇ ਬਾਅਦ ਪਿੱਛਲੇ ਸਾਲ 15 ਮਈ ਨੂੰ ਐਫ਼ਆਈਆਰ ਦਰਜ਼ ਕੀਤੀ ਸੀ। ਇਸ ਦੀ ਮਨਜ਼ੂਰੀ ਪੀ. ਚਿਦੰਬਰਮ ਦੇ ਵਿੱਤਮੰਤਰੀ ਕਾਰਜਕਾਲ ਦੌਰਾਨ ਮਿਲੀ। ਇਸ ਮਾਮਲੇ ਵਿੱਚ ਕਾਰਤੀ ਤੇ 10 ਲੱਖ ਡਾਲਰ ਦੀ ਰਿਸ਼ਵਤ ਲੈਣ ਦਾ ਆਰੋਪ ਹੈ। ਕਾਰਤੀ ਤੇ ਇਹ ਆਰੋਪ ਹੈ ਕਿ ਉਨ੍ਹਾਂ ਨੇ ਇੰਦਰਾਣੀ ਮੁੱਖਰਜੀ ਦੀ ਕੰਪਨੀ ਦੇ ਖਿਲਾਫ਼ ਟੈਕਸ ਦਾ ਇੱਕ ਮਾਮਲਾ ਖਤਮ ਕਰਵਾਉਣ ਦੇ ਲਈ ਆਪਣੇ ਵਿੱਤਮੰਤਰੀ ਪਿਤਾ ਦੇ ਅਹੁਦੇ ਦਾ ਇਸਤੇਮਾਲ ਕੀਤਾ ਸੀ।
ਇਸ ਮਾਮਲੇ ਵਿੱਚ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਈਡੀ ਕਈ ਵਾਰ ਇਸ ਬਾਰੇ ਪੁੱਛਗਿੱਛ ਕਰ ਚੁੱਕੀ ਹੈ। ਸੀਬੀਆਈ ਨੇ ਪੀ. ਚਿਦੰਬਰਮ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਹੈ।