ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ੍ਰੋਮਣੀ ਕਮੇਟੀ ਦੇ ਮੈਬਰ ਭਾਈ ਮਨਜੀਤ ਸਿੰਘ ਨੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਤੇ ਭਰੋਸਾ ਜਿਤਾਇਆ ਹੈ। ਉਹਨਾਂ ਵਲੋਂ ਅਜ ਆਪਣੀ ਰਿਹਾਇਸ਼ ‘ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦੀ ਆਮਦ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਕੁਝ ਪੰਥਕ ਮੁਦਿਆਂ ਪ੍ਰਤੀ ਮਤਭੇਦ ਸਨ ਜਿਨਾਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨਾਲ ਅੰਦਰ ਮਿਲ ਬੈਠ ਕੇ ਵਿਚਾਰ ਵਤਾਂਦਰੇ ਰਾਹੀਂ ਵਖਰੇਵਿਆਂ ਨੂੰ ਦੂਰ ਕਰਲਿਆ ਗਿਆ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਪਾਰਟੀ ਦੇ ਸਨ ਅਤੇ ਹੁਣ ਵੀ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕਾਰਜ ਕਰਦੇ ਰਹਿਣਗੇ।
ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਅਤੇ ਇਸ ਦਾ ਪਰਿਵਾਰ ਇਕ ਪੰਥਕ ਪਰਿਵਾਰ ਹੈ ਜਿਨਾਂ ਦੀ ਪੰਥ ‘ਚ ਬਹੁਤ ਵਡੀ ਦੇਣ ਸਦਕਾ ਬਹੁਤ ਵਡਾ ਸਤਿਕਾਰ ਹੈ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਹੋਰਨਾਂ ਨਰਾਜ ਟਕਸਾਲੀ ਆਗੂਆਂ ਬਾਰੇ ਪੁਛੇ ਜਾਣ ‘ਤੇ ਉਹਨਾਂ ਬਾਰੇ ਪਹਿਲੀ ਵਾਰ ਖੁਲ ਕੇ ਬੋਲਦਿਆਂ ਉਨਾਂ ਕਿਹਾ ਕਿ ਜ: ਰਣਜੀਤ ਸਿੰਘ ਬ੍ਰਹਮਪੁਰਾ, ਡਾ: ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਨਾਂ ਲਈ ਮੇਰੇ ਮਨ ‘ਚ ਬਹੁਤ ਸਤਿਕਾਰ ਹੈ। ਇਨਾਂ ਆਗੂਆਂ ਦੀ ਪਾਰਟੀ ਪ੍ਰਤੀ ਵਡਾ ਯੋਗਦਾਨ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਸਭ ਦੀ ਪਾਰਟੀ ਹੈ ਇਕ ਪਰਿਵਾਰ ਹੈ, ਕਿਸੇ ਨੂੰ ਅਖੋਂ ਪਰੋਖੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਉਹ ਬ੍ਰਹਮਪੁਰਾ ਜੀ ਦੇ ਹਮੇਸ਼ਾਂ ਪੈਂਰੀਂ ਹਥ ਲਾਉਦੇ ਆ ਰਹੇ ਹਨ। ਅਸੀ ਇਕ ਪਰਿਵਾਰ ਹਾਂ। ਪਾਰਟੀ ਨੇ ਉਹਨਾਂ ਨੂੰ ਜਿਮੇਵਾਰੀ ਦਿਤੀ ਹੈ। ਜੇ ਪਾਰਟੀ ਕਹੇਗੀ ਤਾਂ ਉਹ ਪ੍ਰਧਾਨਗੀ ਛਡ ਦੇਣਗੇ। ਮੇਰੇ ਲਈ ਪਾਰਟੀ ਪ੍ਰਮੁਖ ਹੈ। ਪਾਰਟੀ ਦੀ ਚੜਦੀਕਲਾ ਲਹੀ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ। ਨਵਜੋਤ ਸਿੰਘ ਸਿਧੂ ਵਲੋਂ ਲਗਾਤਾਰ ਅਕਾਲੀ ਦਲ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ ‘ਤੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਧੂ ਇਕ ਹੰਕਾਰਿਆ ਇਨਸਾਨ ਹੈ ਅਤੇ ਉਸ ਦੀ ਹਊਮੈ ਕਰਕੇ ਹੀ ਇਹ ਹਾਦਸਾ ਹੋਇਆ। ਸਿਧੂ ਆਪਣੀ ਜਿਮੇਵਾਰੀ ਤੋਂ ਨਹੀਂ ਭਜ ਸਕਦਾ। ਸਕੂਲੀ ਸਿਲੇਬਸ ਨਾਲ ਛੇੜਛਾੜ ‘ਤੇ ਉਹਨਾਂ ਇਸ ਨੂੰ ਕਾਂਗਰਸ ਦੀ ਸਾਜਿਸ਼ ਕਰਾਰ ਦਿਤਾ ਅਤੇ ਦਸਿਆ ਕਿ ਇਸ ਬਾਰੇ ਕਲ ਨੂੰ ਪਾਰਟੀ ਕੋਰ ਕਮੇਟੀ ‘ਚ ਵਿਚਾਰਿਆ ਜਾਵੇਗਾ ਅਤੇ ਕੋਈ ਵਡਾ ਅਹਿਮ ਫੈਸਲਾ ਲਿਆ ਜਾਵੇਗਾ। ਇਸ ਮੌਕੇ ਮੌਜੂਦ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਪਾਰਟੀ ਤੋਂ ਬਾਹਰ ਕਦੇ ਵੀ ਨਹੀਂ ਸੀ , ਪਾਰਟੀ ਦੀ ਚੜਦੀਕਲਾ ਲਈ ਹਮੇਸ਼ਾਂ ਤਤਪਰ ਰਹੇ ਹਨ । ਉਨਾਂ ਵੀ ਸਿੱਧੂ ਦੀ ਸ਼ਬਦਾਵਲੀ ‘ਤੇ ਚੋਟ ਕਰਦਿਆਂ ਕਿਹਾ ਕਿ ਸਿੱਧੂ ਦਾ ਦਿਮਾਗੀ ਸੰਤੁਲਣ ਵਿਘੜ ਚੁਕਿਆ ਹੈ ਅਤੇ 65 ਲਾਸ਼ਾਂ ‘ਤੇ ਸਿਆਸਤ ਕਰਨ ਕਰ ਕੇ ਪੂਰੀ ਤਰਾਂ ਹਿਲ ਚੁਕਿਆ ਹੈ। ਗਰੀਬਾਂ ਪ੍ਰਤੀ ਦਰਦ ਨਹੀਂ, ਸੋਚ ਘਟੀਆ ਸੀ। ਜੇ ਗਰੀਬਾਂ ਨੂੰ ਆਪਣਾ ਪਰਿਵਾਰ ਕਹਿੰਦਾ ਸੀ ਤਾਂ ਔਖੇ ਵਲੇ ਬੀਬੀ ਸਿਧੂ ਨੂੰ ਮੌਕੇ ਤੋਂ ਫਰਾਰ ਨਹੀ ਸੀ ਹੋਣਾ ਚਾਹੀਦਾ। ਇਸ ਮੌਕੇ ਵਿਰਾਸ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਤਲਬੀਰ ਸਿੰਘ ਗਿਲ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।