ਲੰਡਨ, (ਮਨਦੀਪ ਖੁਰਮੀ) – ਸਕਾਟਲੈਂਡ ਵਿੱਚ ਉਂਗਲਾਂ ਦੇ ਪੋਟਿਆਂ ‘ਤੇ ਗਿਣੀ ਜਾਣ ਵਾਲੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਥਾਨਕ ਟਰਿਨਟੀ ਹਾਲ ਵਿੱਚ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਸ੍ਰੋਤਿਆਂ ਦੇ ਭਰਵੇਂ ਇਕੱਠ ਅੱਗੇ ਸਥਾਨਕ ਕਵੀਆਂ ਸਲੀਮ ਰਜਾ, ਇਮਤਿਆਜ਼ ਅਲੀ ਗੌਹਰ, ਸੁਖਰਾਜ ਢਿੱਲੋ, ਦਿਲਜੀਤ ਦਿਲਬਰ, ਗਾਇਕ ਸੁੱਖੀ ਦੁਸਾਂਝ, ਹਰਜੀਤ ਦੁਸਾਂਝ ਅਤੇ ਅਮਨਦੀਪ ਅਮਨ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਇੰਗਲੈਡ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਸ਼ਾਇਰਾਂ ਵਿੱਚ ਰਾਜਿੰਦਰ ਕੌਰ, ਉਂਕਾਰ ਸਿੰਘ, ਭੁਪਿੰਦਰ ਸਿੰਘ ਸੱਗੂ ਤੇ ਉੱਘੇ ਸ਼ਾਇਰ ਰਜਿੰਦਰਜੀਤ ਨੇ ਆਪਣੀਆਂ ਰਚਨਾਵਾਂ ਪੇਸ਼ ਸ੍ਰੋਤਿਆਂ ਦੀ ਵਾਹ ਵਾਹ ਖੱਟੀ। ਇਸ ਮੌਕੇ ‘ਤੇ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਅਮਨਦੀਪ ਸਿੰਘ ਅਮਨ ਦੀ ਗ਼ਜ਼ਲਾਂ ਦੀ ਪੁਸਤਕ ‘ਪੌਣ ਦਾ ਸਿਮਰਨ’ ਲੋਕ ਅਰਪਣ ਕੀਤੀ ਗਈ। ਮੰਚ ਸੰਚਾਲਕ ਦੇ ਫ਼ਰਜ਼ ਦਲਜੀਤ ਸਿੰਘ ਦਿਲਬਰ ਨੇ ਬਾਖੂਬੀ ਅਦਾ ਕੀਤੇ। ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਬੜਿੰਗ ਨੇ ਆਏ ਹੋਏ ਕਵੀਆਂ ਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ।