ਸ੍ਰੀਨਗਰ – ਜਮੂੰ-ਕਸ਼ਮੀਰ ਵਿੱਚ ਵਿਧਾਨਸਭਾ ਭੰਗ ਹੋਣ ਤੋਂ ਬਾਅਦ ਚੱਲ ਰਹੇ ਰਾਜਨੀਤਕ ਦੰਗਲ ਤੇ ਰਾਜਪਾਲ ਸਤਿਆਪਾਲ ਮਲਿਕ ਨੇ ਇਹ ਬਿਆਨ ਦੇ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਕੇਂਦਰ ਸਜਾਦ ਲੋਨ ਨੂੰ ਮੁੱਖਮੰਤਰੀ ਬਣਾਉਣ ਦੀ ਤਿਆਰੀ ਵਿੱਚ ਸੀ। ਰਾਜਪਾਲ ਨੇ ਕਿਹਾ ਕਿ ਜੇ ਸਜਾਦ ਦੀ ਸਰਕਾਰ ਬਣਦੀ ਤਾਂ ਰਾਜ ਦੇ ਲੋਕਾਂ ਦੇ ਨਾਲ ਬੇਈਮਾਨੀ ਹੁੰਦੀ ਅਤੇ ਉਹ ਇਮਾਨਦਾਰ ਨਹੀਂ ਸਨ ਰਹਿ ਸਕਦੇ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਉਹ ਕਦੋਂ ਤੱਕ ਰਾਜਪਾਲ ਬਣੇ ਰਹਿਣਗੇ।
ਗਵਰਨਰ ਮਲਿਕ ਨੇ ਜਮੂੰ-ਕਸ਼ਮੀਰ ਭੰਗ ਕਰਨ ਦੇ ਮੁੱਦੇ ਤੇ ਪਹਿਲੀ ਵਾਰ ਸਫ਼ਾਈ ਦਿੰਦੇ ਹੋਏ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, ‘ਦਿੱਲੀ ਵੱਲ ਵੇਖਦਾ ਤਾਂ ਲੋਨ ਦੀ ਸਰਕਾਰ ਬਣਾਉਣੀ ਪੈਂਦੀ। ਮੈਂ ਇਤਿਹਾਸ ਵਿੱਚ ਇੱਕ ਬੇਈਮਾਨ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ। ਇਸ ਕਰਕੇ ਮੈਨੂੰ ਉਸ ਮਾਮਲੇ ਨੂੰ ਹੀ ਸਮਾਪਤ ਕਰਨਾ ਪਿਆ। ਅੱਜ ਲੋਕ ਮੈਨੂੰ ਗਾਲ੍ਹਾਂ ਦਿੰਦੇ ਹਨ, ਤਾਂ ਦੇਈ ਜਾਣ। ਲੇਕਿਨ ਮੈਂ ਸਹੀ ਕੰਮ ਕੀਤਾ ਹੈ।’
ਉਨ੍ਹਾਂ ਨੇ ਕਿਹਾ, ਮੈਂ ਸਮਝਦਾ ਹਾਂ ਕਿ ਇਹ ਅਗਿਆਨਤਾ ਹੈ। ਇਸ ਨੂੰ ਵੇਖਣਾ ਹੀ ਨਹੀਂ ਚਾਹੀਦਾ। ਉਸੇ ਦਿਨ ਉਮਰ ਅਬਦੁਲਾ ਅਤੇ ਮਹਿਬੂਬਾ ਮੁਫ਼ਤੀ ਦੋਵੇਂ ਹੀ ਇਹ ਕਹਿ ਰਹੇ ਸਨ ਕਿ ਜਿੱਤ ਹੋ ਗਈ। ਅਸੀਂ ਚਾਹੁੰਦੇ ਸੀ ਕਿ ਅਸੈਂਬਲੀ ਟੁੱਟ ਜਾਵੇ। ਅਸੈਂਬਲੀ ਟੁੱਟ ਗਈ, ਅਸੀਂ ਜਿੱਤ ਗਏ। ਦੂਸਰੇ ਵੀ ਸਰਕਾਰ ਨਹੀਂ ਬਣਾ ਸਕੇ, ਇਹ ਵੀ ਜਿੱਤ ਹੈ।’
ਵਰਨਣਯੋਗ ਹੈ ਕਿ ਹਾਲ ਹੀ ਵਿੱਚ ਰਾਜ ਵਿੱਚ ਪੀਡੀਪੀ, ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਦਰਮਿਆਨ ਗਠਬੰਧਨ ਦੇ ਕਿਆਸ ਲਗਣ ਤੇ ਰਾਜਪਾਲ ਨੇ ਅਚਾਨਕ ਹੀ ਵਿਧਾਨਸਭਾ ਭੰਗ ਕਰ ਦਿੱਤੀ ਸੀ। ਜਿਸ ਕਰਕੇ ਗਵਰਨਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਸਨ