ਫ਼ਤਹਿਗੜ੍ਹ ਸਾਹਿਬ – “ਹਿੰਦੂ ਪ੍ਰੈਸ ਅਤੇ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਵੱਲੋਂ ‘ਸ੍ਰੀ ਕਰਤਾਰਪੁਰ ਸਾਹਿਬ ਲਾਂਘੇ’ ਦੀ ਪੂਰਨ ਹੋਈ ਗੱਲ ਵਿਚ ਮੰਦਭਾਵਨਾ ਅਧੀਨ ਵਿਘਨ ਪਾਉਣ ਅਤੇ ਜਿਸ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿ ਨਾਲ ਅੱਛੇ ਦੋਸਤਾਨਾਂ ਸੰਬੰਧਾਂ ਰਾਹੀ ਸਿੱਖ ਕੌਮ ਦੀ ਲੰਮੇਂ ਸਮੇਂ ਤੋਂ ਕੀਤੀ ਜਾਂਦੀ ਆ ਰਹੀ ਅਰਦਾਸ ਨੂੰ ਪੂਰਨ ਕਰਵਾਉਣ ਵਿਚ ਬਹੁਤ ਵੱਡਾ ਉਦਮ ਕੀਤਾ ਹੈ, ਉਸ ਸ. ਸਿੱਧੂ ਦਾ ਸ. ਗੋਪਾਲ ਸਿੰਘ ਚਾਵਲਾ ਜਰਨਲ ਸਕੱਤਰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਰਨਲ ਤੌਰ ਤੇ ਆਈ ਫੋਟੋ ਨੂੰ ਉਛਾਲਕੇ ਇਹ ਹਿੰਦੂ ਪ੍ਰੈਸ ਅਤੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪੂਰਨ ਹੋਈ ਅਰਦਾਸ ਵਿਚ ਰੁਕਾਵਟਾ ਪਾਉਣ ਲਈ ਘਟੀਆ ਸੋਚ ਅਧੀਨ ਬਹਾਨੇ ਲੱਭ ਰਹੇ ਹਨ । ਜਦੋਂਕਿ ਸ. ਗੋਪਾਲ ਸਿੰਘ ਸਿੱਖ ਕੌਮ ਦੀ ਪਾਕਿਸਤਾਨ ਵਿਚ ਧਾਰਮਿਕ ਸੰਸਥਾਂ ਦੇ ਜਿੰਮੇਵਾਰ ਅਹੁਦੇ ਤੇ ਬਿਰਾਜਮਾਨ ਹਨ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹਨ, ਨਾ ਕਿ ਕੋਈ ਗੈਰ-ਕਾਨੂੰਨੀ ਇਨਸਾਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਪਾਲ ਸਿੰਘ ਚਾਵਲਾ ਜਰਨਲ ਸਕੱਤਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ. ਨਵਜੋਤ ਸਿੰਘ ਸਿੱਧੂ ਦੀ ਆਈ ਫੋਟੋ ਨੂੰ ਲੈਕੇ ਹਿੰਦੂ ਪ੍ਰੈਸ ਅਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਖੜ੍ਹਾ ਕੀਤਾ ਜਾ ਰਿਹਾ ਵਾਵੇਲਾ ਹਿੰਦੂ ਪ੍ਰੈਸ ਅਤੇ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਕੌਮ ਵਿਰੋਧੀ ਸੋਚ ਨੂੰ ਸਪੱਸਟ ਰੂਪ ਵਿਚ ਪ੍ਰਤੱਖ ਕਰਦਾ ਹੈ । ਜਦੋਂਕਿ ਦੁਨੀਆਂ ਦੀ ਕੋਈ ਵੀ ਤਾਕਤ ਜਾਂ ਕੋਈ ਵੀ ਨਿਯਮ, ਅਸੂਲ ਇਕ ਸਿੱਖ ਨੂੰ ਦੂਸਰੇ ਸਿੱਖ ਨਾਲ ਮੁਲਾਕਾਤ ਕਰਨ ਜਾਂ ਗੱਲਬਾਤ ਕਰਨ ਤੋਂ ਕਤਈ ਨਹੀਂ ਰੋਕ ਸਕਦੇ । ਉਨ੍ਹਾਂ ਇਹ ਵੀ ਵਰਣਨ ਕੀਤਾ ਕਿ ਸ. ਗੋਪਾਲ ਸਿੰਘ ਚਾਵਲਾ ਨੂੰ ਹਿੰਦੂ ਪ੍ਰੈਸ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਪਹਿਲੋ ਹੀ ਵਰਤੇ ਜਾ ਰਹੇ ਨਾਵਾਂ ਵੱਖਵਾਦੀ, ਅੱਤਵਾਦੀ, ਗਰਮਦਲੀਏ ਅਤੇ ਸ਼ਰਾਰਤੀ ਅਨਸਰ ਦੀ ਦੁਰਵਰਤੋਂ ਕਰਕੇ ਖੁਦ ਹੀ ਇਨਸਾਨੀਅਤ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਹੋਣਾ ਜਾਹਰ ਕਰ ਰਹੀ ਹੈ । ਜਿਸਦੇ ਨਤੀਜੇ ਕਦੀ ਵੀ ਇਨਸਾਨੀਅਤ ਪੱਖੀ ਤੇ ਇੰਡੀਆ ਪੱਖੀ ਨਹੀਂ ਨਿਕਲ ਸਕਣਗੇ । ਉਨ੍ਹਾਂ ਕਿਹਾ ਕਿ ਜਦੋਂ ਜਨਾਬ ਇਮਰਾਨ ਖਾਨ ਨੇ ਆਪਣੀ ਵਜ਼ੀਰ-ਏ-ਆਜ਼ਮ ਦੇ ਅਹੁਦੇ ਦੀ ਸੌਹ ਚੁੱਕ ਸਮਾਗਮ ਸਮੇਂ ਆਪਣੇ ਦੋਸਤ ਸ. ਨਵਜੋਤ ਸਿੰਘ ਸਿੱਧੂ ਨੂੰ ਸਮੂਲੀਅਤ ਕਰਨ ਲਈ ਸੱਦਾ ਪੱਤਰ ਦਿੱਤਾ ਸੀ ਅਤੇ ਸ੍ਰੀ ਸਿੱਧੂ ਪਾਕਿਸਤਾਨ ਜਾ ਕੇ ਕੇਵਲ ਆਪਣੇ ਵੱਲੋਂ ਹੀ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਇਜਹਾਰ ਕਰਵਾਉਦੇ ਹੋਏ ਮੁਬਾਰਕਬਾਦ ਦਿੱਤੀ ਸੀ ਤਾਂ ਉਸ ਸਮੇਂ ਪਾਕਿਸਤਾਨ ਫ਼ੌਜ ਦੇ ਮੁੱਖੀ ਜਰਨਲ ਕਮਰ ਜਾਵੇਦ ਬਾਜਵਾ ਜੋ ਉਸ ਸੌਹ ਚੁੱਕ ਸਮਾਗਮ ਸਮੇਂ ਹਾਜਰ ਸਨ, ਤਾਂ ਜਰਨਲ ਬਾਜਵਾ ਨੇ ਆਪਣੀ ਪੰਜਾਬੀਅਤ ਅਤੇ ਪੁਰਾਤਨ ਸੱਭਿਅਤਾ ਤਹਿਜੀਬ ਤੇ ਸਲੀਕੇ ਨੂੰ ਮੁੱਖ ਰੱਖਦੇ ਹੋਏ ਸ. ਸਿੱਧੂ ਨਾਲ ਜੱਫ਼ੀ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੂਰਨ ਕਰਨ ਦੀ ਖੁਸ਼ੀ ਦਾ ਇਜਹਾਰ ਕਰ ਰਹੇ ਸਨ, ਉਸ ਸਮੇਂ ਵੀ ਇਸ ਹਿੰਦੂ ਪ੍ਰੈਸ ਅਤੇ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਨੇ ਸ. ਸਿੱਧੂ ਅਤੇ ਜਰਨਲ ਬਾਜਵਾ ਦੀ ਸੱਭਿਅਕ ਤੌਰ ਤੇ ਪਾਈ ਗਈ ਜੱਫੀ ਨੂੰ ਤੁਲ ਦੇ ਕੇ ਉਪਰੋਕਤ ਲਾਂਘੇ ਦੇ ਮਿਸ਼ਨ ਵਿਚ ਰੁਕਾਵਟ ਪਾਉਣ, ਸ. ਸਿੱਧੂ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਸੀ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਜੋ ਜਨਾਬ ਇਮਰਾਨ ਖਾਨ ਨੇ ਜਰਮਨੀ ਦੀ ਕੰਧ ਨੂੰ ਖ਼ਤਮ ਕਰਨ ਦੀ ਤਰ੍ਹਾਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀਆਂ ਸਰਹੱਦਾਂ ਤੇ ਹਿੰਦੂਤਵ ਹੁਕਮਰਾਨਾਂ ਨੇ ਕੰਡਿਆਲੀ ਤਾਰ ਲਗਾਕੇ ਰੋਕਾ ਲਗਾਈਆ ਹੋਈਆ ਹਨ, ਉਨ੍ਹਾਂ ਨੂੰ ਖ਼ਤਮ ਕਰਕੇ ਦੋਵਾਂ ਮੁਲਕਾਂ ਤੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਆਪਸੀ ਪਿਆਰ, ਮਿਲਵਰਤਣ, ਵਪਾਰ ਹੋਰ ਸਭ ਤਰ੍ਹਾਂ ਦੇ ਅਦਾਨ-ਪ੍ਰਦਾਨ ਦੀ ਜੇਕਰ ਸੁਰੂਆਤ ਕੀਤੀ ਜਾਵੇ ਤਾਂ ਇਸ ਨੇਕ ਉਦਮ ਵਿਚ ਪਾਕਿਸਤਾਨ ਹਕੂਮਤ ਆਪਣੇ ਸਭ ਇਨਸਾਨੀ ਇਖਲਾਕੀ ਫਰਜਾਂ ਨੂੰ ਪੂਰਨ ਕਰਨ ਵਿਚ ਖੁਸ਼ੀ ਮਹਿਸੂਸ ਕਰੇਗੀ, ਦਾ ਜੋਰਦਾਰ ਸਵਾਗਤ ਕਰਦੇ ਹੋਏ ਅਸੀਂ ਸਿੱਖ ਕੌਮ ਦੇ ਬਿਨ੍ਹਾਂ ਤੇ ਜਨਾਬ ਇਮਰਾਨ ਖਾਨ ਅਤੇ ਉਨ੍ਹਾਂ ਦੇ ਦੋਸਤ ਸ. ਨਵਜੋਤ ਸਿੰਘ ਸਿੱਧੂ ਦਾ ਦਿਲ ਦੀਆਂ ਗਹਿਰਾਈਆ ਵਿਚੋਂ ਜਿਥੇ ਧੰਨਵਾਦ ਕਰਦੇ ਹਾਂ, ਉਥੇ ਜਿਸ ਵੱਡਮੁੱਲੀ ਸੋਚ ਨੂੰ ਮੁੱਖ ਰੱਖਕੇ ਉਪਰੋਕਤ ਦੋਵਾਂ ਸਖਸ਼ੀਅਤਾਂ ਨੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਇਕ ਕਰਨ ਲਈ ਸੁਹਿਰਦਤਾ ਨਾਲ ਯਤਨ ਸੁਰੂ ਕੀਤੇ ਹਨ, ਉਸ ਨੂੰ ਹਿੰਦੂਤਵ ਹੁਕਮਰਾਨ ਉਸੇ ਸੰਜ਼ੀਦਗੀ ਨਾਲ ਅਤੇ ਸਿੱਖ ਕੌਮ ਵਿਰੋਧੀ ਸੋਚ ਨੂੰ ਅਲਵਿਦਾ ਕਹਿਕੇ ਉਦਮ ਕਰਨ ਤਾਂ ਦੋਵਾਂ ਮੁਲਕਾਂ ਦੀਆਂ ਸਮੁੱਚੀਆ ਸਮੱਸਿਆਵਾਂ ਅਤੇ ਮਾਲੀ ਹਾਲਤ ਜਿਥੇ ਬਿਹਤਰ ਹੋ ਸਕੇਗੀ, ਉਥੇ 1200 ਸਾਲਾ ਤੋਂ ਹਿੰਦੂ-ਮੁਸਲਿਮ ਦੀ ਚੱਲਦੀ ਆ ਰਹੀ ਦੁਸ਼ਮਣੀ ਦਾ ਅੰਤ ਕਰਨ ਵਿਚ ਵੀ ਵੱਡਾ ਸਹਿਯੋਗ ਮਿਲੇਗਾ ਅਤੇ ਸਮੁੱਚੀ ਸਿੱਖ ਕੌਮ ਇਸ ਮਿਸ਼ਨ ਦੀ ਪ੍ਰਾਪਤੀ ਲਈ ਇਕ ਪੁਲ ਦਾ ਕੰਮ ਕਰੇਗੀ । ਕਿਉਂਕਿ ਗੁਰੂ ਸਾਹਿਬ ਨੇ ਬਹੁਤ ਪਹਿਲੇ ਇਹ ਕਹਿ ਦਿੱਤਾ ਸੀ ਕਿ ਨਾ ਅਸੀਂ ਹਿੰਦੂ, ਨਾ ਮੁਸਲਮਾਨ । ਸਾਡਾ ਦੋਵਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ-ਵਿਰੋਧ ਨਹੀਂ ਅਤੇ ਅਸੀਂ ਸਰਬੱਤ ਦੇ ਭਲੇ ਦੀ ਸੋਚ ਅਧੀਨ ਹਰ ਇਨਸਾਨ, ਹਰ ਕੌਮ, ਧਰਮ, ਫਿਰਕੇ ਦੀ ਦੋਵੇ ਸਮੇਂ ਅਰਦਾਸ ਵਿਚ ਭਲਾ ਲੋੜਦੇ ਹਾਂ ਅਤੇ ਇਸ ਮਿਸ਼ਨ ਨੂੰ ਹੋਰ ਅੱਗੇ ਲਿਜਾਉਣਾ ਚਾਹੁੰਦੇ ਹਾਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਸ ਸੁਹਿਰਦਤਾ ਨਾਲ ਜਨਾਬ ਇਮਰਾਨ ਖਾਨ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ ਉਸੇ ਸੁਹਿਰਦਤਾ ਨਾਲ ਹਿੰਦੂਤਵ ਹੁਕਮਰਾਨ ਅਤੇ ਹਿੰਦੂ ਪ੍ਰੈਸ ਇਨਸਾਨੀਅਤ ਵਾਲੇ ਫਰਜਾਂ ਦੀ ਪੂਰਤੀ ਕਰੇ ਜਿਸ ਨਾਲ ਸਮੁੱਚੇ ਏਸੀਆ ਖਿੱਤੇ ਵਿਚ ਅਮਨ-ਚੈਨ ਦੀ ਬੰਸਰੀ ਵੱਜੇਗੀ ਅਤੇ ਦੋਵਾਂ ਮੁਲਕਾਂ ਦਾ ਹਰ ਨਿਵਾਸੀ ਅਮਨ-ਚੈਨ ਦੀ ਜਿੰਦਗੀ ਬਸਰ ਕਰ ਸਕੇਗਾ ।