ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ।
ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ।
ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ।
ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ।
ਮੌਤ ਲਾੜੀ ਸਾਹਮਣੇ ਹੈ, ਚੜ੍ਹੀ ਆਉਂਦੀ ਪੌੜੀਆਂ
ਗਾਈਏ……..
ਖੂਨ ਵਾਲੀ ਮਹਿੰਦੀ ਅੱਜ, ਹੱਥਾਂ ਉੱਤੇ ਲਾਈ ਏ।
ਗੋਬਿੰਦ ਨੇ ਆਪ ਜੋੜੀ, ਲਾਲਾਂ ਦੀ ਸਜਾਈ ਏ।
ਸਜਦੀ ਏ ਕਲਗੀ, ਨਾ ਪਾਈਆਂ ਮੱਥੇ ਤਿਉੜੀਆਂ
ਗਾਈਏ……..
ਦੂਜੀ ਜੰਝ ਚੜ੍ਹਨੀ ਹੈ, ਵਿੱਚ ਸਰਹੰਦ ਦੇ।
ਦਾਦੀ ਨੇ ਸਜਾਏ ਛੋਟੇ, ਲਾਲ ਫਰਜ਼ੰਦ ਦੇ।
ਗੰਗੂ ਏ ਵਿਚੋਲਾ, ਸੁੱਚਾ ਨੰਦ ਵੰਡੇ ਰਿਉੜੀਆਂ
ਗਾਈਏ………..
‘ਬੋਲੇ ਸੋ ਨਿਹਾਲ’ ਦੇ, ਜੈਕਾਰੇ ‘ਦੀਸ਼’ ਗੱਜਦੇ।
ਇਹੋ ਜਿਹੇ ਵਿਆਹ ਨਿੱਤ, ਨਿੱਤ ਨਹੀਉਂ ਸੱਜਦੇ।
ਦਾਦੇ ਕੋਲ ਲੈਣ ਲਈ, ਅਸੀਸਾਂ ਅੱਜ ਬਹੁੜੀਆਂ
ਗਾਈਏ………