ਅਸਲ ਵਿਚ ਨਾਟਕ ਪੜ੍ਹਨ ਨਾਲੋਂ ਵੇਖਣ ਵਿਚ ਆਨੰਦ ਜ਼ਿਆਦਾ ਆਉਂਦਾ ਹੈ ਕਿਉਂਕਿ ਜਿਉਂਦੇ ਜਾਗਦੇ ਪਾਤਰਾਂ ਰਾਹੀਂ ਸਮਾਜ ਵਿਚ ਜੋ ਵਾਪਰ ਰਿਹਾ ਹੁੰਦਾ ਹੈ, ਉਸਦਾ ਦ੍ਰਿਸ਼ਟਾਤਿਕ ਵਿਵਰਣ ਹੋ ਜਾਂਦਾ ਹੈ। ਡਾ. ਕੁਲਦੀਪ ਸਿੰਘ ਦੀਪ ਹੋਰਾਂ ਦਾ ਲਿਖਿਆ ਭੁੱਬਲ ਦੀ ਅੱਗ ਨਾਟਕ ਗ਼ਰੀਬ ਦਲਿਤਾਂ, ਮਜ਼ਦੂਰਾਂ ਅਤੇ ਛੋਟੇ ਕਿਸਾਨਾ ਨਾਲ ਉਚ ਸ਼੍ਰੇਣੀ ਦੇ ਲੋਕ ਵਿਵਹਾਰ ਕਰਦੇ ਸਮੇਂ ਉਨ੍ਹਾਂ ਦਾ ਆਰਥਿਕ, ਸਮਾਜਿਕ ਅਤੇ ਧੀਆਂ ਭੈਣਾਂ ਦਾ ਸਰੀਰਕ ਸ਼ੋਸਣ ਕਰਦੇ ਹਨ, ਇਸ ਨਾਟਕ ਵਿਚ ਉਸ ਦੀ ਹੂਬਹੂ ਤਸਵੀਰ ਪੇਸ਼ ਕੀਤੀ ਗਈ ਹੈ। ਇਹ 99 ਪੰਨਿਆਂ ਅਤੇ 120 ਰੁਪਏ ਕੀਮਤ ਦੀ ਪੁਸਤਕ ਅਦਬੀ ਪਰਵਾਜ਼ ਪ੍ਰਕਾਸ਼ਨ ਮਾਨਸਾ ਨੇ ਪ੍ਰਕਾਸ਼ਤ ਕੀਤੀ ਹੈ। ਇਸ ਨਾਟਕ ਦੇ ਲੇਖਕ ਦੀ ਕਮਾਲ ਇਸ ਗੱਲ ਵਿਚ ਹੈ ਕਿ ਪੜ੍ਹਦੇ ਸਮੇਂ ਵੀ ਦ੍ਰਿਸ਼ ਸਾਹਮਣੇ ਆ ਜਾਂਦੇ ਹਨ। ਸਟੇਜ ਤੇ ਤਾਂ ਇਹ ਨਾਟਕ ਬਹੁਤ ਹੀ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਨਾਟਕਕਾਰ ਨੇ ਇਨ੍ਹਾਂ ਸ਼੍ਰੇਣੀਆਂ ਦੇ ਲੋਕਾਂ ਵਿਚ ਆ ਰਹੀ ਜਾਗ੍ਰਤੀ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਹੁਣ ਇਹ ਲੋਕ ਰਜਵਾੜੇ, ਜ਼ੈਲਦਾਰਾਂ ਅਤੇ ਅਮੀਰ ਕਿਸਾਨਾ ਦੇ ਦਬਕਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਦਲਿਤ ਲੋਕਾਂ ਦੇ ਬੱਚੇ ਭਾਵੇਂ ਉਚ ਪੜ੍ਹਾਈਆਂ ਨਹੀਂ ਕਰ ਸਕਦੇ ਪ੍ਰੰਤੂ ਜਿਹੜੇ ਇੱਕਾ ਦੁੱਕਾ ਜਿਹੜੇ ਪੜ੍ਹ ਜਾਂਦੇ ਹਨ, ਉਹ ਆਪਣੇ ਭਾਈਚਾਰੇ ਨੂੰ ਲਾਮਬੰਦ ਕਰਕੇ ਅਮੀਰਾਂ ਦੀਆਂ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ ਇੱਕਮੁਠ ਹੋ ਜਾਂਦੇ ਹਨ। ਸ਼ੁਰੂ ਵਿਚ ਤਾਂ ਉਨ੍ਹਾਂ ਦੀ ਬਰਾਦਰੀ ਅਮੀਰ ਲੋਕਾਂ ਦੇ ਹੱਥਠੋਕੇ ਬਣਕੇ ਵਿਰੋਧ ਕਰਦੇ ਹਨ ਪ੍ਰੰਤੂ ਜਦੋਂ ਉਨ੍ਹਾਂ ਸਾਹਮਣੇ ਅਮੀਰਾਂ ਦੇ ਪਰਦੇ ਫਾਸ਼ ਹੋ ਜਾਂਦੇ ਹਨ ਫਿਰ ਆਪਣੀ ਬਰਾਦਰੀ ਦੇ ਲੋਕਾਂ ਦੀ ਗੱਲ ਸੁਣਨ ਲੱਗਦੇ ਹਨ। ਕਈ ਵਾਰ ਤਾਂ ਅਮੀਰ ਕਿਸਾਨ ਗ਼ਰੀਬ ਦਲਿਤਾਂ ਵਿਚ ਫੁੱਟ ਪੁਆ ਕੇ ਆਪਣਾ ਉਲੂ ਸਿੱਧਾ ਕਰਨ ਵਿਚ ਸਫਲ ਵੀ ਹੋ ਜਾਂਦੇ ਹਨ। ਪ੍ਰੰਤੂ ਨਾਟਕਕਾਰ ਅਨੁਸਾਰ ਹੁਣ ਉਨ੍ਹਾਂ ਦੀਆਂ ਚਾਲਾਂ ਬਹੁਤੀ ਦੇ ਨਹੀ ਚਲਣਗੀਆਂ। ਦਲਿਤਾਂ ਦੀਆਂ ਲੜਕੀਆਂ ਨੌਕਰੀਆਂ ਦੇ ਲਾਲਚ ਵਿਚ ਅਮੀਰ ਕਿਸਾਨਾ ਦੇ ਸਾਹਿਬਜ਼ਾਦਿਆਂ ਦੇ ਚਕਰ ਵਿਚ ਫਸ ਵੀ ਜਾਂਦੀਆਂ ਹਨ। ਉਹ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ ਪ੍ਰੰਤੂ ਜਦੋਂ ਉਨ੍ਹਾਂ ਲੜਕੀਆਂ ਨੂੰ ਅਸਲੀਅਤ ਪਤਾ ਲੱਗਦਾ ਹੈ ਤਾਂ ਉਹ ਵੀ ਬਦਲਾ ਲੈਣ ਦੀ ਠਾਣ ਲੈਂਦੀਆਂ ਹਨ। ਨਾਟਕ ਦੀ ਕਹਾਣੀ ਪਾਠਕ ਨੂੰ ਲਗਾਤਾਰ ਪੜ੍ਹਨ ਲਈ ਪ੍ਰੇਰਦੀ ਹੈ। ਜਿਹੜਾ ਪਾਠਕ ਇਕ ਵਾਰ ਇਸ ਨਾਟਕ ਨੂੰ ਪੜ੍ਹਨ ਲੱਗ ਜਾਵੇਗਾ ਤਾਂ ਉਹ ਇਸਨੂੰ ਖ਼ਤਮ ਕੀਤੇ ਬਿਨਾ ਚੈਨ ਨਹੀਂ ਲੈ ਸਕਦਾ ਕਿਉਂਕਿ ਅੱਗੋਂ ਕੀ ਹੋਵੇਗਾ, ਇਸ ਦਾ ਇੰਤਜ਼ਾਰ ਪਾਠਕ ਨੂੰ ਉਤਸ਼ਾਹਤ ਕਰਦਾ ਰਹਿੰਦਾ ਹੈ। ਨਾਟਕਕਾਰ ਨੇ ਸ਼ਬਦਾਵਲੀ ਬਿਲਕੁਲ ਹੀ ਦਿਹਾਤੀ ਲੋਕ ਬੋਲੀ ਵਰਤੀ ਹੈ। ਕਈ ਵਾਰ ਤਾਂ ਇਉਂ ਜਾਪਣ ਲੱਗਦਾ ਹੁੰਦਾ ਹੈ ਕਿ ਪਾਠਕ ਵੀ ਉਸ ਸਭਾ ਵਿਚ ਹਾਜ਼ਰ ਹੈ, ਜਿਥੇ ਵਿਚਾਰ ਵਟਾਂਦਰਾ ਜਾਂ ਵਾਦ ਵਿਵਾਦ ਹੋ ਰਿਹਾ ਹੁੰਦਾ ਹੈ। ਨਾਟਕ ਲੇਖਕ ਵੱਲੋਂ ਵਰਤੀ ਗਈ ਬੋਲੀ ਦੀ ਉਦਾਹਰਣ ਲਈ ਗੱਜਣ ਦਲਿਤਾਂ ਬਾਰੇ ਕਹਿੰਦਾ ਹੈ ‘‘ਭੇਡਾਂ ਨੂੰ ਜੁਕਾਮ ਹੋ ਗਿਆ ਹੈ’’ ਜ਼ੈਲਦਾਰ ਕਹਿੰਦਾ ਹੈ‘‘ ਜੇ ਇਨ੍ਹਾਂ ਨੂੰ ਨਕੇਲ ਨਾ ਪਾਈ ਗਈ ਇਹ ਤਾਂ ਸਾਡੇ ਨਾਸੀਂ ਧੂੰਆਂ ਲਿਆ ਦੇਣਗੇ।’’ ਸੂਤਰਧਾਰ‘‘ ਸਾਰਾ ਪਿੰਡ ਖਖੜੀਆਂ ਕਰੇਲੇ ਹੋ ਗਿਆ। ਹਰ ਕੋਈ ਨਾਸਾਂ ਤੋਂ ਠੂੰਹੇਂ ਡੇਗਦਾ ਫਿਰਦਾ ਸੀ’’। ਕੀਪਾ ਜਿਹੜਾ ਸੂਤਰਧਾਰ ਹੈ ਉਹ ਕਹਿੰਦਾ ਹੈ ‘‘ਸਾਨੂੰ ਜੇਲ੍ਹਾਂ ਵਿਚ ਤੁੰਨ ਦਿੰਦੇ ਓ ਤੇ ਜਦ ਤੱਕ ਜ਼ੈਲਦਾਰ ਤੇ ਇਹਨਾਂ ਦੇ ਲਗਾੜੇ ਇੰਝ ਹਰਲ ਹਰਲ ਕਰਦੇ ਫਿਰਨਗੇ ਤੇ ਤੁਸੀਂ ਇਹਨਾਂ ਦੀ ਪਿੱਠ ਥਾਪੜਦੇ ਰਹੋਗੇ।’’ ਇਸ ਤੋਂ ਇਲਾਵਾ ਇਸ ਨਾਟਕ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵੰਡੀਆਂ ਜਮਾਤ ਅਧਾਰਤ ਹਨ, ਜਾਤ ਅਧਾਰਤ ਨਹੀਂ। ਸ਼ੈਲੀ ਠੇਠ ਪੇਂਡੂ ਹੋਣ ਕਰਕੇ ਕਈ ਵਾਰ ਸ਼ਬਦਾਵਲੀ ਆਧੁਨਿਕ ਪੜ੍ਹੇ ਲਿਖੇ ਪਾਠਕਾਂ ਨੂੰ ਰੜਕਦੀ ਹੈ ਪ੍ਰੰਤੂ ਪਿੰਡਾਂ ਵਿਚ ਅਜਿਹੀ ਸ਼ਬਦਾਵਲੀ ਅਜ ਵੀ ਵਰਤੀ ਜਾ ਰਹੀ ਹੈ। ਅਸਲ ਵਿਚ ਇਹ ਨਾਟਕ ਦਲਿਤਾਂ ਦੀ ਮਾਨਸਿਕ ਗ਼ੁਲਾਮੀ ਦਾ ਦਸਤਾਵੇਜ ਹੈ। ਛੋਟੇ ਕਿਸਾਨਾ, ਮਜ਼ਦੂਰਾਂ ਅਤੇ ਸੀਰੀ ਵਰਗ ਦੇ ਲੋਕਾਂ ਦੀ ਧਨੀ ਕਿਸਾਨਾ ਨਾਲ ਟਕਰਾਓ ਦੀ ਕਹਾਣੀ ਵੀ ਕਿਹਾ ਜਾ ਸਕਦਾ ਹੈ। ਭੁੱਬਲ ਦੀ ਅੱਗ ਨਾਟਕ ਦਾ ਨਾਮ ਵੀ ਸੰਕੇਤਕ ਹੈ। ਇਸਦਾ ਸੰਕੇਤ ਇਹ ਹੈ ਕਿ ਦਲਿਤ ਲੋਕ ਅਮੀਰਾਂ ਦੀਆਂ ਵਧੀਕੀਆਂ ਸਹਿੰਦੇ ਹੋਏ ਭੁੱਬਲ ਦੀ ਅੱਗ ਦੀ ਤਰ੍ਹਾਂ ਸੁਲਗਦੇ ਰਹਿੰਦੇ ਹਨ। ਉਪਰੋਂ ਵੇਖਣ ਨੂੰ ਇਸ ਧੁਖਦੀ ਅੱਗ ਦਾ ਪਤਾ ਨਹੀਂ ਲੱਗਦਾ ਪ੍ਰੰਤੂ ਇਨ੍ਹਾਂ ਲੋਕਾਂ ਦੇ ਅੰਦਰ ਬਗ਼ਾਬਤ ਦੇ ਬੀਜ ਬੀਜਦੀ ਹੈ। ਇਕ ਦਿਨ ਇਹ ਭੁੱਬਲ ਦੀ ਅੱਗ ਭਾਂਬੜ ਬਣਕੇ ਉਠੇਗੀ ਤੇ ਇਹ ਸਾਰੀਆਂ ਵਧੀਕੀਆਂ ਖ਼ਤਮ ਕਰਕੇ ਆਪਣਾ ਭਵਿਖ ਆਪ ਬਣਾਏਗੀ। ਇਕ ਕਿਸਮ ਨਾਲ ਇਸ ਨਾਟਕ ਵਿਚ ਦਰਸਾਇਆ ਗਿਆ ਹੈ ਕਿ ਬਗ਼ਾਬਤ ਦਲਿਤਾਂ ਵਿਚ ਉਸਲਵੱਟੇ ਲੈ ਰਹੀ ਹੈ। ਇਸਦਾ ਕਾਰਨ ਆਰਥਿਕ ਅਸਾਵਾਂਪਣ ਹੈ। ਸਾਡਾ ਸਮਾਜ ਇਕ ਪਾਸੇ ਜਾਤ ਤੇ ਅਧਾਰਤ ਹੈ ਪ੍ਰੰਤੂ ਦੂਜੇ ਪਾਸੇ ਆਰਥਿਕਤਾ ਅਨੁਸਾਰ ਢਾਂਚਾ ਹੈ। ਪਹਿਲਾਂ ਜਾਗੀਰਦਾਰ ਹੁੰਦੇ ਸਨ ਅਤੇ ਹੁਣ ਪੂੰਜੀਪਤੀ ਹਨ ਪ੍ਰੰਤੂ ਦਲਿਤਾਂ ਦਾ ਵੁਹੀ ਹਾਲ ਰਿਹਾ। ਉਨ੍ਹਾਂ ਦੀ ਆਰਥਿਕਤਾ ਵਿਚ ਕੋਈ ਵਾਧਾ ਨਹੀਂ ਹੋਇਆ। ਇਹ ਨਾਟਕ ਇਸ ਪਸਾਰੇ ਦੀ ਵਿਆਖਿਆ ਕਰਦਾ ਹੋਇਆ ਦਲਿਤਾਂ ਨੂੰ ਆਪਣੇ ਹੱਕਾਂ ਲਈ ਲੜਾਈ ਕਨ ਲਈ ਪ੍ਰੇਰਦਾ ਹੈ। ਜਦੋਂ ਦਲਿਤ ਆਪਣੇ ਹੱਕ ਮੰਗਦੇ ਹਨ ਤਾਂ ਅਮੀਰ ਕਿਸਾਨ ਉਨ੍ਹਾਂ ਦੇ ਬਾਈਕਾਟ ਦਾ ਦਬਕਾ ਮਾਰਦੇ ਹਨ ਪ੍ਰੰਤੂ ਅੰਦਰਖਾਤੇ ਤਿਬਕਦੇ ਵੀ ਹਨ ਕਿ ਇਨ੍ਹਾਂ ਵਰਗਾਂ ਦੀਆਂ ਵੋਟਾਂ ਤੋਂ ਬਿਨਾ ਉਨ੍ਹਾਂ ਦਾ ਗ਼ੁਜ਼ਾਰਾ ਨਹੀਂ। ਇਹ ਵੀ ਸੰਕੇਤ ਦਿੱਤੇ ਹਨ ਕਿ ਪਰਜਾਤੰਤਰ ਵਿਚ ਹਰ ਇਕ ਨੂੰ ਬਰਾਬਰ ਅਧਿਕਾਰ ਹਨ। ਵੋਟ ਦੀ ਰਾਜਨੀਤੀ ਦਲਿਤਾਂ ਲਈ ਲਾਹੇਬੰਦ ਸਾਬਤ ਹੋ ਰਹੀ ਹੈ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਦਲਿਤ ਅਤੇ ਛੋਟਾ ਕਿਸਾਨ ਆੜ੍ਹਤੀਆਂ ਅਤੇ ਮਹਾਜਨਾ ਤੇ ਨਿਰਭਰ ਹੈ। ਇਸ ਨਾਟਕ ਰਾਹੀਂ ਇਹ ਨਿਰਭਰਤਾ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਇਸ ਨਾਟਕ ਦਾ ਘੱਟ ਲਾਮ ਲਸ਼ਕਰ ਅਤੇ ਖਰਚੇ ਤੋਂ ਬਿਨਾ ਮੰਚਨ ਕੀਤਾ ਜਾ ਸਕਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਭੁੱਬਲ ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
This entry was posted in ਸਰਗਰਮੀਆਂ.