ਲੇਖਕ: ਰੂਪ ਸਿੰਘ
ਪ੍ਰਕਾਸਕ: ਸਿੰਘ ਬ੍ਰਦਰਜ਼,ਅੰਮ੍ਰਿਤਸਰ
ਮੁਲ : 200 ਰੁਪੈ
ਨਿਰਭਉ, ਨਿਰਵੈਰ ਤੇ ਮਰਜੀਵੜੇ ਸਿੱਖ ਸੇਵਕਾਂ ਨੇ ਗੁਰਦੁਆਰਾ ਪ੍ਰਬੰਧ ਮਹੰਤਾਂ, ਪੁਜਾਰੀਆਂ ਅਤੇ ਅੰਗਰੇਜ਼ਾਂ ਦੇ ਜ਼ਬਰ ਜੁਲਮ ਦੇ ਜੂਲੇ ਹੇਠੋਂ ਕੱਢਣ ਲਈ ਲੰਮਾ ਚੌੜਾ ਸੰਘਰਸ਼ ਕੀਤਾ। ਜਿਸ ’ਚੋਂ ਉਪਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਵੇਕਲਾ ਅਤੇ ਸ਼ਾਨਮੱਤਾ ਇਤਿਹਾਸ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ। ਲੋਕਤੰਤਰੀ ਢੰਗ ਨਾਲ ਇਸਦੀ ਚੋਣ ਹੂੰਦੀ ਹੈ ਅਤੇ ਚੁਣੇ ਹੋਏ ਨੁਮਾਇੰਦਿਆਂ ’ਚੋਂ ਹੀ ਇਸਦੇ ਅਹੁਦੇਦਾਰ ਬਣਦੇ ਹਨ। ਇਸ ਦੇ ਸੁਘੜ ਸਿਆਣੇ ਆਗੂਆਂ ਨੇ ਸਮੁੱਚੇ ਸਿੱਖ ਪੰਥ ਦੀ ਪ੍ਰਤਿਭਾ ਦਾ ਜੋਰਦਾਰ ਪ੍ਰਗਟਾ ਕਰਕੇ ਇਸ ਨੂੰ ਨਿਵੇਕਲਾ ਮਹੱਤਵ ਦਿੱਤਾ ਜਿਸ ਕਾਰਨ ਇਤਿਹਾਸ ਵਿਚ ਸਿੱਖ ਧਰਮ ਦੀ ਪੁਹਿਲੀ ਸੰਸਥਾ ਬਣ ਕੇ ਉਭਰੀ। ਗੁਰਦੁਆਰਾ ਸੁਧਾਰ ਲਹਿਰ , ਅਕਾਲੀ ਲਹਿਰ, ਸਿੰਘ ਸਭਾ ਲਹਿਰ ਦੀ ਕਾਰਜ਼ਗੁਜਾਰੀ ਬਾਰੇ ਬਹੁਤ ਸਾਰੀਆਂ ਪੁਸਤਕਾਂ ਮਿਲ ਜਾਂਦੀਆਂ ਹਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਉਸਦੇ ਪ੍ਰਧਾਨਾਂ, ਅਹੁਦੇਦਾਰਾਂ ਤੇ ਹੋਰ ਪ੍ਰਬੰਧਕੀ ਪਦ ਤੇ ਰਹਿਣ ਵਾਲੀਆਂ ਸ਼ਖਸ਼ੀਅਤਾਂ ਬਾਰੇ ਪੁਸਤਕ ਰੂਪ ’ਚ ਪੜ੍ਹਣ ਨੂੰ ਅਜੇ ਤਕ ਕੁਝ ਨਹੀਂ ਮਿਲਦਾ। ਇਹ ਇਤਿਹਾਸਕ ਕਾਰਜ ਸ. ਰੂਪ ਸਿੰਘ ਨੇ ਕਰ ਵਿਖਾਇਆ ਹੈ। ਸ੍ਰ. ਰੂਪ ਸਿੰਘ ਧਾਰਮਿਕ ਪੱਤਰਕਾਰੀ ਦੇ ਲੇਖਕ ਵਜੋਂ ਚਰਚਿਤ ਅਤੇ ਸਥਾਪਤ ਨਾਂ ਹੈ। ਉਸਨੇ ਪਹਿਲਾਂ ਵੀ ਸਿੱਖ ਧਰਮ ਮੂਲ ਸਿਧਾਂਤ,ਜਾਣ ਪਹਿਚਾਣ ਬੱਚਿਆਂ ਵਾਸਤੇ, ਗੁਰਦੁਆਰੇ ਗੁਰਧਾਮ, ਹੁਕਮਨਾਮੇ, ਆਦੇਸ਼-ਸੰਦੇਸ਼, ਸੋ ਥਾਨ ਸੁਹਾਵਾ, ਪ੍ਰਮੁੱਖ ਸਿੱਖ ਸਖਸ਼ੀਅਤਾਂ ਪੁਸਤਕਾਂ ਸਿੱਖ ਜਗਤ ਨੂੰ ਅਰਪਤ ਕੀਤੀਆਂ ਹਨ। ਹੁਣ ‘ਪੰਥ ਸੇਵਕ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਸੰਬੰਧੀ ਨਿਵੇਕਲੀ ਤੇ ਯਾਦਗਾਰੀ ਪੁਸਤਕ ਲਿਖੀ ਹੈ।
ਪੁਸਤਕ ਵਿਚ ਸੰਨ 1920 ਤੋਂ 2010 ਤੀਕ ਲਗਭਗ 90 ਸਾਲਾਂ ਦੇ ਸ਼੍ਰੋਮਣੀ ਗੁ.ਪ੍ਰ. ਕਮੇਟੀ ਦੇ ਰਹਿ ਚੁੱਕੇ ਪ੍ਰਧਾਨਾਂ ਜਿਨਾਂ ’ਚ ਪ੍ਰਸਿੱਧ ਵਿਦਵਾਨ , ਵਿੱਦਿਆ ਸ਼ਾਸਤਰੀ, ਰਾਜਨੇਤਾ, ਨੀਤੀਵੇਤਾ, ਧਰਮ ਸ਼ਾਸਤਰੀ, ਦਾਰਸ਼ਨਿਕ , ਕੁੱਝ ਅੱਖਰ ਗਿਆਨ ਤੋਂ ਕੋਰੇ ਪਰ ਤਜ਼ਰਬੇ ਵਿਚੋਂ ਪ੍ਰਵੀਨ ਅਤੇ ਸੰਸਥਾ ਪ੍ਰਤੀ ਮਨ ਬਚਨ ਕਰਮ ਤੋਂ ਸਮਰਪਤ ਸ਼ਖਸ਼ੀਅਤਾਂ ਬਾਰੇ ਸੰਖੇਪ ਅਤੇ ਮਹੱਤਵਪੂਰਣ ਜਾਣਕਾਰੀ ਦਿੱਤੀ ਹੈ। ਜਿੰਨ੍ਹਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੀ ਗੌਰਵਸ਼ਾਲੀ ਮੈਂਬਰੀ ਦੀ ਸੇਵਾ ਕੀਤੀ ਹੈ ਉਹ ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਬਣੇ। ਜਿਵੇਂ ਕਿ ਸ੍ਰ. ਪ੍ਰਤਾਪ ਸਿੰਘ ਕੈਰੋਂ, ਸ੍ਰ. ਲਛਮਣ ਸਿੰਘ ਗਿੱਲ, ਸ੍ਰ. ਗਿਆਨ ਸਿੰਘ ਰਾੜੇਵਾਲਾ, ਸ੍ਰ. ਗੁਰਨਾਮ ਸਿੰਘ ਅਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਵਜੋਂ ਆਉਂਦਾ ਹੈ ਸ੍ਰ. ਰੂਪ ਸਿੰਘ ਨੇ ਸਰੋਤਾਂ ਦੀ ਭਾਲ ਕਰਕੇ ਇਸ ਮਹੱਤਵਪੂਰਣ ਇਤਿਹਾਸ ਦੇ ਪੰਨਿਆਂ ਤੋਂ ਲੁਪਤ ਹੋ ਰਹੇ ਚਿਹਰਿਆਂ ਨੂੰ ਮੁੜ ਇਤਿਹਾਸ ਦੀ ਲੜੀ ਵਿਚ ਪਰੋ ਕੇ ਇਕ ਨਾਜ਼ਾਬ ਦਸਤਾਵੇਜ਼ ਪੇਸ਼ ਕੀਤਾ ਹੈ। ਅਜਿਹੀ ਸੰਦਰਭ ਪੁਸਤਕ ਦੀ ਪ੍ਰਕਾਸ਼ਨਾ ਪਹਿਲ ਦੇ ਅਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਹੋਣੀ ਬਣਦੀ ਸੀ। ਇਸ ਤੋਂ ਪਹਿਲਾਂ ਵੀ ਇਸੇ ਕਲਮ ਦੁਆਰਾ ਲਿਖੀ ਸ੍ਰੋਤਜਨਕ ਪੁਸਤਕ ‘ਹੁਕਮਨਾਮੇ-ਆਦੇਸ਼-ਸੰਦੇਸ਼’ ਵੀ ਸ਼੍ਰੋਮਣੀ ਕਮੇਟੀ ਦੀ ਫੇਰਵੀਂ ਅੱਖ ਕਾਰਨ ਸਿੰਘ ਬ੍ਰਦਰਜ਼ ਨੇ ਪ੍ਰਕਾਸ਼ਤ ਕੀਤੀ ਹੈ। ਅਜਿਹੀਆਂ ਪੁਸਤਕਾਂ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ।ਇਸ ਪੁਸਤਕ ਵਿਚ 26 ਪ੍ਰਧਾਨਾਂ ਦਾ ਜੀਵਨ ਚਰਿੱਤਰ ਹੈ। ਜਿੰਨਾ ਵਿਚ ਸ. ਸੁੰਦਰ ਸਿੰਘ ਮਜੀਠੀਆਂ, ਬਾਬਾ ਖੜਕ ਸਿੰਘ, ਸ. ਸੁੰਦਰ ਸਿੰਘ ਰਾਮਗੜ੍ਹੀਆਂ, ਸ. ਬਹਾਦਰ ਮਹਿਤਾਬ ਸਿੰਘ, ਸ. ਮੰਗਲ ਸਿੰਘ, ਮਾਸਟਰ ਤਾਰਾ ਸਿੰਘ, ਸ. ਗੋਪਾਲ ਸਿੰਘ ਕੌਮੀ, ਸ. ਪ੍ਰਤਾਪ ਸਿੰਘ ਸ਼ੰਕਰ, ਜਥੇਦਾਰ ਮੋਹਨ ਸਿੰਘ ਨਾਗੋਕੇ, ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਚੰਨਣ ਸਿੰਘ ਉਰਾੜਾ, ਜਥੇਦਾਰ ਪ੍ਰੀਤਮ ਸਿੰਘ ਖੁੰੜਜ, ਸ. ਈਸ਼ਵਰ ਸਿੰਘ ਮਝੈਲ, ਪ੍ਰਿੰਸੀਪਲ ਬਾਵਾ ਹਰਿਕ੍ਰਿਸ਼ਨ ਸਿੰਘ, ਸ. ਗਿਆਨ ਸਿੰਘ ਰਾੜੇਵਾਲਾ, ਸ. ਪ੍ਰੇਮ ਸਿੰਘ ਲਾਲਪੁਰਾ, ਅਜੀਤ ਸਿੰਘ ਬਾਲਾ, ਸ. ਕਿਰਪਾਲ ਸਿੰਘ ਚੱਕਸ਼ੇਰੇਵਾਲਾ, ਸੰਤ ਚੰਨਣ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਬਲਦੇਵ ਸਿੰਘ ਸਿਬੀਆਂ, ਸ. ਕਾਬਲ ਸਿੰਘ, ਬੀਬੀ ਜਗੀਰ ਕੌਰ ਬੇਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਾਮ ਸ਼ਾਮਿਲ ਹਨ। ਏਸੇ ਤਰ੍ਹਾਂ ਹੀ 35 ਸਕੱਤਰ ਸਾਹਿਬਾਨ ਦਾ ਵੇਰਵਾ 22 ਅਪ੍ਰੈਲ 1959 ਤੋਂ ਹੁਣ ਤੀਕ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ 1926 ਤੋਂ 2000 ਤੀਕ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦੀ ਸੂਚੀ ਦਰਜ ਕੀਤੀ ਗਈ ਹੈ। ਪ੍ਰਧਾਨ, ਮੀਤ ਪ੍ਰਧਾਨ ਤੇ ਜਨਰਲ ਸਕੱਤਰਾਂ ਦੇ ਨਾਵਾਂ ਦੀ ਤਫ਼ਸੀਲ ਵੀ ਇਤਿਹਾਸਕਾਰੀ ਸ੍ਰੋਤ ਵਜੋਂ ਵਰਤੋਂ ’ਚ ਆਵੇਗੀੇ। ਸ. ਰੂਪ ਸਿੰਘ ਨੇ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਦੀ ਸੇਵਾ 9 ਸਾਲ ਤੋਂ ਵਧੇਰੇ ਨਿਭਾਈ ਹੈ ਉਸ ਨੇ ਆਪਣੀ ਮਿਹਨਤ ਤੇ ਨਿਰਮਲ ਸੋਚ ਸਦਕਾ ਇਸ ਪੱਤਰ ਨੂੰ ਬੇਹੱਦ ਮਕਬੂਲ ਕਰਵਾ ਕੇ ਸੁਚੱਜੀ ਸੰਪਾਦਕ ਕਲਾ ਦਾ ਸਿੱਕਾ ਮਨਵਾਇਆ ਹੈ। ਸ. ਰੂਪ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਨੇ 2009 ਵਿਚ ਸ਼੍ਰੋਮਣੀ ਗੁਰਮਤਿ ਸਾਹਿਤਕਾਰ ਦੇ ਐਵਾਰਡ ਨਾਲ ਸਨਮਾਨਿਆ ਹੈ। ਹੱਥਲੀ ਪੁਸਤਕ ਰਾਹੀਂ ਉਸਨੇ ਇਕ ਮਿਹਨਤੀ ਵਿਦਵਾਨ ਵਜੋਂ ਵੀ ਆਪਣੀ ਸ਼ਾਖ ਬਣਵਾ ਲਈ ਹੈ। ਪੁਸਤਕ ਦੀ ਦਿੱਖ ਬਹੁਤ ਖ਼ੂਬਸੂਰਤ ਹੈ ਅਤੇ 26 ਪ੍ਰਧਾਨਾਂ ਦੇ ਫੋਟੋ ਚ੍ਰਿਤਰ ਵੀ ਸ਼ਾਮਲ ਕੀਤੇ ਗਏ ਹਨ। ਲੇਖਕ ਦਾ ਵਧੀਆ ਉਪਰਾਲਾ ਹੈ।
ਪੰਥ ਸੇਵਕ
This entry was posted in ਸਰਗਰਮੀਆਂ.