ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਸਹਾਇਕ ਦੀ ਸਹੂਲਤ ਮੁਹਈਆ ਨਹੀਂ ਕਰਵਾਈ ਜਾਵੇਗੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ਼ ਨੂੰ ਕੋਟ ਲਖਪਤ ਜੇਲ੍ਹ ਵਿੱਚ ਵਧੀਆ ਸੈਲ ਮਿਲਿਆ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਹੈਲਪਰ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ ਜੋ ਕਿ ਉਨ੍ਹਾਂ ਦੀ ਸੇਵਾ ਕਰ ਸਕੇ। ਉਨ੍ਹਾਂ ਨੂੰ ਆਪਣੀ ਬੈਰਕ ਦੀ ਸਾਫ਼ ਸਫ਼ਾਈ ਖੁਦ ਹੀ ਕਰਨੀ ਹੋਵੇਗੀ।
ਸ਼ਰੀਫ਼ ਨੂੰ ਅਲ-ਅਜੀਜਿਆ ਸਟੀਲ ਮਿਲਜ਼ ਭ੍ਰਿਸ਼ਟਾਚਾਰ ਮਾਮਲੇ ਵਿੱਚ 7 ਸਾਲ ਦੀ ਜੇਲ੍ਹ ਦੀ ਸਜ਼ਾ ਮਿਲੀ ਹੈ। ਉਹ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹਨ। ਸਾਬਕਾ ਪ੍ਰਧਾਨਮੰਤਰੀ ਨੂੰ ਜੇਲ੍ਹ ਵਿੱਚ ਆਪਣੀ ਬੈਰਕ ਤੋਂ ਬਾਹਰ ਆਉਣ ਦੀ ਇਜ਼ਾਜ਼ਤ ਨਹੀਂ ਹੈ। ਜੇਲ੍ਹ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਜੇਲ ਦੇ ਨਿਯਮਾਂ ਅਨੁਸਾਰ ਬੈਰਕ ਨੂੰ ਖੁਦ ਹੀ ਸਾਫ਼-ਸੁਥਰਾ ਰੱਖਣ ਦੇ ਲਈ ਕਿਹਾ ਗਿਆ ਹੈ।
ਜੇਲ੍ਹ ਦੇ ਉਚ ਅਧਿਕਾਰੀ ਸ਼ਾਹਿਦ ਸਲੀਮ ਬੇਗ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਨਵਾਜ਼ ਸ਼ਰੀਫ਼ ਤੇ ਕੋਈ ਸਖਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਲ੍ਹ ਮੈਨੂਅਲ ਅਨੁਸਾਰ ਬਜ਼ੁਰਗ ਕੈਦੀਆਂ ਨੂੰ ਕੁਝ ਰਿਆਇਤਾਂ ਮੁਹਈਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ, ‘ਜੇਲ੍ਹ ਵਿੱਚ ਨਵਾਜ਼ ਸ਼ਰੀਫ਼ ਨਾਲ ਸਬੰਧਿਤ ਕੋਈ ਵੀ ਮੁੱਦਾ ਪਾਕਿਸਤਾਨ ਦੇ ਅਕਸ ਨੂੰ ਖਰਾਬ ਕਰ ਸਕਦਾ ਹੈ।’