ਮਜੀਠਾ – ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਦੀ ਕਾਂਗਰਸ ਸਰਕਾਰ ਵਲੋਂ ਸੇਵਾ ਕੇਂਦਰਾਂ ਦੀਆਂ ਫੀਸਾਂ ’ਚ ਬੇਤਹਾਸ਼ਾ -ਮਣਾਂ ਮੂੰਹੀ ਕੀਤੇ ਗਏ ਵਾਧੇ ਦੀ ਸਖਤ ਅਲੋਚਨਾ ਕੀਤੀ ਹੈ। ਸ: ਮਜੀਠੀਆ ਅਜ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਦਲ ਦੇ ਜੇਤੂ ਪੰਚ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ ਨੇ, ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਰੋਜਾਨਾ ਨਵੇ ਟੈਕਸ ਲਾ ਕੇ ਲੋਕਾਂ ’ਤੇ ਵਾਧੂ ਆਰਥਿਕ ਬੋਝ ਪਾਉਦਿਆਂ ਕਚੂਬਰ ਕੱਢ ਰਹੀ ਹੈ। ਉਹਨਾਂ ਦਸਿਆ ਕਿ ਸੇਵਾ ਕੇਦਰਾਂ ਦੀ ਸਥਾਪਤੀ ਦਾ ਮਕਸਦ ਮੁਨਾਫਾ ਕਮਾਉਣਾ ਨਹੀਂ ਰਿਹਾ। ਅਕਾਲੀ ਭਾਜਪਾ ਸਰਕਾਰ ਸਮੇਂ ਨਾਗਰਿਕਾਂ ਨੂੰ ਵਖ ਵਖ ਸੇਵਾਵਾਂ ਇਕੋਂ ਛੱਤ ਹੇਠਾਂ ਦੇਣ ਦੇ ਮਕਸਦ ਨਾਲ 2 ਹਜਾਰ ਕਰੋੜ ਦੀ ਲਾਗਤ ਨਾਲ 2000 ਤੋਂ ਵੱਧ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ। ਜਿਸ ਤੋਂ ਹੁਣ ਤਕ ਲੋਕ ਲਾਭ ਲੈ ਰਹੇ ਹਨ। ਉਹਨਾਂ ਸੇਵਾ ਕੇਦਰਾਂ ’ਚ ਫੀਸਾਂ ਸੰਬੰਧੀ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਜੇਤੂ ਪੰਚਾਂ ਸਰਪੰਚਾਂ ਨੁੰ ਵਧਾਈ ਦਿਤੀ ਤੇ ਕਿਹਾ ਕਿ ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਉਹਨਾਂ ਅਕਾਲੀ ਦਲ ਦੀ ਜਿਤ ਦਾ ਝੰਡਾ ਬੁਲੰਦ ਕਰ ਕੇ ਪਾਰਟੀ ਨੂੰ ਬੱਲ ਦਿਤਾ ਹੈ। ਉਹਨਾਂ ਦਸਿਆ ਕਿ ਕਾਂਗਰਸ ਨੇ ਧਕੇਸ਼ਾਹੀਆਂ ਨਾ ਕੀਤੀਆਂ ਹੁੰਦੀਆਂ ਤਾਂ ਬਹੁਤਾ ਨਤੀਜਾ ਅਕਾਲੀ ਦਲ ਦੇ ਹੱਕ ’ਚ ਆਉਣਾ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਮੁਕਰ ਚੁਕੀ ਹੈ। ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਥਾਂ ਉਹਨਾਂ ਨਾਲ ਮਜਾਕ ਕੀਤਾ ਗਿਆ।
ਨੌਕਰੀਆਂ ਦੇਣ ਦੀ ਥਾਂ ਸਰਕਾਰ ਨੇ ਆਪਣੇ ਚਹੇਤਿਆਂ ਦਾ ਹੀ ਘਰ ਭਰਿਆ। ਸ਼ਗਨ ਸਕੀਮ ਅਤੇ ਪੈਨਸ਼ਨਾਂ ਨੂੰ ਅਜ ਲੋੜਵੰਦ ਲੋਕ ਬੇਸਬਰੀ ਨਾਲ ਉਡੀਕ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਹੱਕ ਲਈ ਕਾਂਗਰਸ ਸਰਕਾਰ ਖਿਲਾਫ ਲੜਾਈ ਜਾਰੀ ਰਖੇਗਾ।