ਫ਼ਤਹਿਗੜ੍ਹ ਸਾਹਿਬ – “ਸ੍ਰੀ ਮੋਦੀ ਹਕੂਮਤ ਵੱਲੋਂ ਨਵੰਬਰ 2016 ਵਿਚ ਨੋਟਬੰਦੀ ਕੀਤੀ ਗਈ ਸੀ । ਉਸ ਸਮੇਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਨੋਟਾਂ ਦੀ ਤਬਦੀਲੀ ਲਈ ਕੋਈ ਅਮਲੀ ਕਾਰਵਾਈ ਨਾ ਕੀਤੀ । ਲੇਕਿਨ ਹੁਣ 2 ਸਾਲ ਦਾ ਨੋਟਬੰਦੀ ਨੂੰ ਹੋਏ ਸਮਾਂ ਬੀਤ ਜਾਣ ਉਪਰੰਤ ਰਿਜਰਬ ਬੈਂਕ ਨੂੰ ਗੋਲਕਾਂ ਵਿਚ ਆਈ ਭੇਟਾਂ ਦਾ ਨਾਮ ਦੇ ਕੇ ਤਬਦੀਲ ਕਰਨ ਦੀ ਜੋ ਮੰਗ ਕੀਤੀ ਗਈ ਹੈ, ਇਸ ਉਤੇ ਸਿਆਸਤਦਾਨਾਂ ਵੱਲੋਂ ਗਲਤ ਢੰਗਾਂ ਰਾਹੀ ਇਕੱਤਰ ਕੀਤੀ ਗਈ ਮਾਇਆ ਨੂੰ ਇਸ ਧਾਰਮਿਕ ਸੰਸਥਾਂ ਜਰੀਏ ਬਦਲਣ ਦੀ ਗੱਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਮੌਜੂਦਾ ਐਸ.ਜੀ.ਪੀ.ਸੀ. ਅਤੇ ਇਸ ਸੰਸਥਾਂ ਉਤੇ ਕਾਬਜ ਅਹੁੇਦਦਾਰਾਂ ਦਾ ਬੀਤੇ ਸਮੇਂ ਦਾ ਅਤੇ ਅਜੋਕੇ ਸਮੇਂ ਦਾ ਇਤਿਹਾਸ ਦਾਗੀ ਹੈ । ਇਸ ਲਈ ਰਿਜਰਬ ਬੈਂਕ ਆਫ਼ ਇੰਡੀਆ ਐਸ.ਜੀ.ਪੀ.ਸੀ. ਵੱਲੋਂ ਗੋਲਕਾਂ ਦੇ ਨਾਮ ਦੀ ਵਰਤੋਂ ਕਰਕੇ ਲੱਖਾਂ ਦੀ ਮਾਇਆ ਤਬਦੀਲ ਕਰਨ ਲਈ ਲਿਖੇ ਗਏ ਪੱਤਰ ਦੀ ਪੂਰੀ ਤਰ੍ਹਾਂ ਡੂੰਘਾਈ ਤੱਕ ਛਾਣਬੀਨ ਕਰ ਲੈਣੀ ਚਾਹੀਦੀ ਹੈ ਤਾਂ ਕਿ ਮੌਜੂਦਾ ਦਾਗੀ ਐਸ.ਜੀ.ਪੀ.ਸੀ. ਉਤੇ ਕਾਬਜ ਸਿਆਸਤਦਾਨ ਅਤੇ ਬਾਦਲ ਦਲੀਆ ਦੀ ਇਸ ਕਾਰਵਾਈ ਨਾਲ ਸਮੁੱਚੀ ਕੌਮ ਨੂੰ ਅਤੇ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਨੂੰ ਨਮੋਸੀ ਦਾ ਸਾਹਮਣਾ ਨਾ ਕਰਨਾ ਪਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਦਫ਼ਤਰ ਵੱਲੋਂ ਰਿਜਰਬ ਬੈਂਕ ਆਫ਼ ਇੰਡੀਆਂ ਨੂੰ ਲੱਖਾਂ ਰੁਪਇਆ ਦੀ ਤਬਦੀਲੀ ਲਈ ਲਿਖੇ ਗਏ ਪੱਤਰ ਉਤੇ ਸੱਕ ਦੀ ਸੂਈ ਵੱਲ ਇਸਾਰਾ ਕਰਦੇ ਹੋਏ ਅਤੇ ਇਸਦੀ ਤੱਥਾਂ ਸਹਿਤ ਰਿਜਰਬ ਬੈਂਕ ਨੂੰ ਤਹਿਕੀਕਾਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹਿੰਦ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ, ਉਦਯੋਗਪਤੀਆ, ਕਾਰੋਬਾਰੀਆ ਅਤੇ ਆਮ ਜਨਤਾ ਨੇ ਰਿਜਰਬ ਬੈਂਕ ਆਫ਼ ਇੰਡੀਆਂ ਦੀਆਂ ਹਦਾਇਤਾ ਅਨੁਸਾਰ ਨੋਟਬੰਦੀ ਤੋਂ ਪਹਿਲੇ ਚੱਲਣ ਵਾਲੀ ਕਰੰਸੀ ਨੂੰ ਦਿੱਤੇ ਗਏ ਸਮੇਂ ਵਿਚ ਤਬਦੀਲ ਕਰਵਾਇਆ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਸ ਵੱਡੇ ਖਜ਼ਾਨੇ ਨੂੰ ਬਦਲਣ ਲਈ 2 ਸਾਲ ਬਾਅਦ ਕਿਉਂ ਯਾਦ ਆਈ ਹੈ ? ਇਹ ਕਾਰਵਾਈ ਖੁਦ ਹੀ ਇਸ ਮਾਮਲੇ ਵਿਚ ਵੱਡੀ ਖਾਮੀ ਨੂੰ ਪ੍ਰਤੱਖ ਕਰਦੀ ਹੈ । ਸ. ਮਾਨ ਨੇ ਬੀਤੇ ਸਮੇਂ ਦੇ ਐਸ.ਜੀ.ਪੀ.ਸੀ. ਦੇ ਵੱਡੇ ਉਸ ਘਪਲੇ, ਜਿਸ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਬਲਾਤਕਾਰੀ ਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਸਹੀ ਸਾਬਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੀ ਪਹਿਲੇ ਦੁਰਵਰਤੋਂ ਕੀਤੀ । ਜਦੋਂ ਸਿੱਖ ਕੌਮ ਨੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਇਸਾਰੇ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਮਰਿਯਾਦਾਵਾਂ ਦਾ ਘੋਰ ਉਲੰਘਣ ਕਰਕੇ ਉਸ ਦੋਸ਼ੀ ਸਾਧ ਨੂੰ ਮੁਆਫ਼ ਕਰਵਾ ਦਿੱਤਾ ਤਾਂ ਸਿੱਖ ਕੌਮ ਨੇ ਇਸ ਹੋਏ ਫੈਸਲੇ ਨੂੰ ਪ੍ਰਵਾਨ ਨਾ ਕਰਦੇ ਹੋਏ ਵੱਡੀ ਬ਼ਗਾਵਤ ਕਰ ਦਿੱਤੀ ਤਾਂ ਸ. ਬਾਦਲ ਅਤੇ ਉਨ੍ਹਾਂ ਦੇ ਐਸ.ਜੀ.ਪੀ.ਸੀ. ਉਤੇ ਕਾਬਜ ਜੀ ਹਜ਼ੂਰੀਆ ਨੇ ਐਸ.ਜੀ.ਪੀ.ਸੀ. ਦੇ ਕੌਮੀ ਖਜਾਨੇ ਅਤੇ ਗੋਲਕਾਂ ਵਿਚੋਂ 92 ਲੱਖ ਰੁਪਏ ਦੀ ਸਿਰਸੇ ਵਾਲੇ ਸਾਧ ਨੂੰ ਸਹੀ ਠਹਿਰਾਉਣ ਲਈ ਇਸਤਿਹਾਰਬਾਜੀ ਉਤੇ ਖ਼ਰਚ ਦਿੱਤਾ । ਇਸੇ ਤਰ੍ਹਾਂ ਹੋਰ ਵੀ ਬਹੁਤ ਵੱਡੇ ਘਪਲੇ ਇਸ ਮੌਜੂਦਾ ਐਸ.ਜੀ.ਪੀ.ਸੀ. ਦੇ ਹੋਏ ਹਨ । ਇਸ ਲਈ ਸਾਡੀ ਰਿਜਰਬ ਬੈਂਕ ਆਫ਼ ਇੰਡੀਆਂ ਦੇ ਗਵਰਨਰ ਨੂੰ ਇਹ ਜੋਰਦਾਰ ਅਪੀਲ ਹੈ ਕਿ ਜਿਸ ਲੱਖਾਂ ਦੀ ਕਰੰਸੀ ਨੂੰ ਬਦਲਣ ਲਈ ਐਸ.ਜੀ.ਪੀ.ਸੀ. ਨੇ ਪੱਤਰ ਲਿਖਿਆ ਹੈ, ਉਸਦੀ ਤਹਿਕੀਕਾਤ ਕਰਦੇ ਹੋਏ ਪਤਾ ਲਗਾਇਆ ਜਾਵੇ ਕਿ ਇਹ ਵੱਡੀ ਰਕਮ ਬਾਦਲ ਦਲੀਆ ਨਾਲ ਸੰਬੰਧਤ ਮੁੱਖ ਆਗੂਆਂ ਦੀ 2 ਨੰਬਰ ਦੀ ਕਮਾਈ ਦਾ ਹਿੱਸਾ ਤਾਂ ਨਹੀਂ ? ਇਹ ਛਾਣਬੀਨ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇ ।
ਸ. ਮਾਨ ਨੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਪੰਥਕ ਸਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਵੀ ਸਾਂਝੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਇਸ ਦਿਸ਼ਾ ਵੱਲ ਕੋਈ ਸੰਜ਼ੀਦਾ ਭਰੀ ਕਮੇਟੀ ਕਾਇਮ ਕਰਕੇ ਐਸ.ਜੀ.ਪੀ.ਸੀ. ਵੱਲੋਂ ਮਾਇਆ ਤਬਦੀਲ ਲਈ ਰਿਜਰਬ ਬੈਂਕ ਨੂੰ ਲਿਖੇ ਗਏ ਪੱਤਰ ਦੇ ਪਿਛੋਕੜ ਦੀ ਜਾਂਚ ਕਰਵਾਉਣ ਅਤੇ ਅਗਲੇਰੀ ਕਾਰਵਾਈ ਕਰਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬਾਨ ਅਤੇ ਪੰਥਕ ਸਖਸ਼ੀਅਤਾਂ ਇਸ ਕੌਮ ਨੂੰ ਨਮੋਸ਼ੀ ਦੇਣ ਵਾਲੇ ਵਿਸ਼ੇ ਉਤੇ ਸਹੀ ਸਮੇਂ ਤੇ ਸਹੀ ਕਾਰਵਾਈ ਕਰਨ ਦੀ ਆਪਣੀ ਜਿੰਮੇਵਾਰੀ ਨਿਭਾਉਣਗੇ ਅਤੇ ਸਿਆਸਤਦਾਨਾਂ ਦੀਆਂ ਗੁੱਝੇ ਰੂਪ ਵਿਚ ਅਜਿਹੀਆ ਕੀਤੀਆ ਜਾਣ ਵਾਲੀਆ ਕਾਰਵਾਈਆ ਤੋਂ ਸਿੱਖ ਸੰਗਤ ਅਤੇ ਪੰਜਾਬੀਆਂ ਨੂੰ ਜਾਣੂ ਕਰਵਾਉਣਗੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਗ੍ਰਹਿ ਵਿਭਾਗ ਹਿੰਦ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਤੇ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋਵੇ ਤਾਂ ਸਿੱਖ ਕੌਮ ਤੇ ਪੰਜਾਬ ਨਿਵਾਸੀ ਅਜਿਹੇ ਦਾਗੀ ਸਿਆਸਤਦਾਨਾਂ ਤੇ ਐਸ.ਜੀ.ਪੀ.ਸੀ. ਉਤੇ ਕਾਬਜ ਗੈਰ-ਇਖ਼ਲਾਕੀ ਦਾਗੀ ਆਗੂਆ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਅਜਿਹੀਆ ਸੰਸਥਾਵਾਂ ਉਤੇ ਕਾਇਮ ਹੋਏ ਮਾੜੇ ਪ੍ਰਬੰਧ ਨੂੰ ਖ਼ਤਮ ਕਰਨ ਵਿਚ ਆਪਣੀ ਭੂਮਿਕਾ ਨਿਭਾਉਣਗੇ ।