ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਦੁਬਈ ਦੇ ਸ਼ਹਿਰ ਸ਼ਾਰਜਾਹ ਵਿੱਚ ਕਰਵਾਏ ਗਏ ‘ਕੋਹਿਨੂਰ ਮਿਸਜ਼ ਵਰਲਡ ਪੰਜਾਬਣ’ ਦੇ ਮੁਕਾਬਲੇ ’ਚ ਸ਼ਾਹਕੋਟ ਦੀ ਦਲਜੀਤ ਕੌਰ ਨੇ ਇਹ ਖਿਤਾਬ ਜਿੱਤ ਕੇ ਕੋਹਿਨੂਰ ਮਿਸਜ਼ ਵਰਲਡ ਪੰਜਾਬਣ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਬੁਢਲਾਡਾ ਦੀ ਸੰਦੀਪ ਕੌਰ ਨੇ ਸੈਕਿੰਡ ਰਨਰ ਅੱਪ ਰਹਿਕੇ ਪੰਜਾਬ ਦਾ ਮਾਣ ਵਧਾਇਆ ਹੈ। ਕੋਹਿਨੂਰ ਮਿਸਜ਼ ਵਰਲਡ ਪੰਜਾਬਣ ਦੀ ਜੇਤੂ ਦੇ ਭਰਾ ਕਿਰਪਾਲ ਸਿੰਘ ਵਾਸੀ ਸ਼ਾਹਕੋਟ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਕਰਵਾਏ ਗਏ ਇਸ ਮੁਕਾਬਲੇ ਲਈ ਦਲਜੀਤ ਕੌਰ ਦੀ ਚੋਣ ਗਰੈਡ ਫਿਨਾਲੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੋਈ ਸੀ। ਇਸ ਮੁਕਾਬਲੇ ਵਿੱਚ 6 ਦੇਸ਼ਾ ਦੀਆਂ ਔਰਤਾਂ ਨੇ ਭਾਗ ਲਿਆ ਸੀ। ਇਸ ਮੁਕਾਬਲੇ ਵਿੱਚ 4 ਭਾਰਤ ਅਤੇ 2 ਦੁਬਈ ਦੇ ਰਹਿਣ ਵਾਲਿਆਂ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ ਸੀ। ਉਨਾਂ ਦੀ ਜਿਊਰੀ ਨੇ ਮੁਕਾਬਲੇ ਵਿੱਚ ਸ਼ਾਮਲ ਔਰਤਾਂ ਕੋਲੋ ਪੰਜਾਬੀ ਸੱਭਿਆਚਾਰ ਸਬੰਧੀ ਅਨੇਕਾਂ ਸਵਾਲ ਵੀ ਪੁੱਛੇ ਸਨ। ਉਨਾਂ ਕਿਹਾ ਕਿ ਉਨਾਂ ਦੀ ਭੈਣ ਦਲਜੀਤ ਕੌਰ ਵੱਲੋਂ ਮੁਕਾਬਲੇ ਵਿੱਚ ਕੀਤੀ ਪੇਸ਼ਕਾਰੀ ਅਤੇ ਸਵਾਲਾਂ ਦੇ ਦਿੱਤੇ ਗਏ ਤਸੱਲੀਬਖਸ਼ ਜਵਾਬਾਂ ਦੇ ਅਧਾਰ ’ਤੇ ਉਨਾਂ ਨੂੰ ਕੋਹਿਨੂਰ ਮਿਸਜ਼ ਵਰਲਡ ਪੰਜਾਬਣ ਦਾ ਖਿਤਾਬ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨਾਂ ਨੂੰ ਲਭਾਵਣੀ ਮੁਟਿਆਰ ਦਾ ਟੈਗ ਵੀ ਦਿੱਤਾ ਗਿਆ ਹੈ। ਕਿਰਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀ ਭੈਣ ਵੱਲੋਂ ਇਸ ਖਿਤਾਬ ਨੂੰ ਪ੍ਰਾਪਤ ਕਰਨ ਪਿੱਛੇ ਨੈਨਸੀ ਘੁੰਮਣ ਦਾ ਵਿਸ਼ੇਸ਼ ਯੋਗਦਾਨ ਦੱਸਿਆ ਹੈ। ਘੁੰਮਣ ਤੋਂ ਇਲਾਵਾ ਉਨਾਂ ਦੇ ਪਤੀ ਪਵਿਤਰ ਸਿੰਘ, ਬੱਚਿਆਂ ਅਤੇ ਉਨਾਂ ਹੋਰ ਪਰਿਵਾਰਕ ਮੈਂਬਰਾਂ ਦਾ ਵੀ ਇਹ ਖਿਤਾਬ ਜਿੱਤਣ ਵਿੱਚ ਪੂਰਾ ਯੋਗਦਾਨ ਰਿਹਾ।