ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ’ਤੇ ਪਿੰਡ ਬਾਜਵਾ ਕਲਾਂ ਨਜ਼ਦੀਕ ਪਰਜੀਆ ਰੋਡ ਦੇ ਸਾਹਮਣੇ ਵੀਰਵਾਰ ਸਵੇਰੇ ਇੱਕ ਇਨੋਵਾ ਗੱਡੀ ਅਤੇ ਵਰਨਾ ਕਾਰ ਦੀ ਆਪਸ ਵਿੱਚ ਜਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਕਾਰਾਂ ਜਿਥੇ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ, ਉਥੇ ਹੀ ਦੋਵੇਂ ਵਾਹਨ ਸਵਾਰਾਂ ਵੱਲੋਂ ਇੱਕ-ਦੂਸਰੇ ’ਤੇ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ। ਜਾਣਕਾਰੀ ਅਨੁਸਾਰ ਰੋਹਿਤ ਬਾਂਸਲ ਪੁੱਤਰ ਭੋਜਰਾਜ ਬਾਂਸਲ ਵਾਸੀ ਦੀਪਕ ਨਗਰ ਜਲੰਧਰ ਕੈਂਟ ਵੀਰਵਾਰ ਸਵੇਰੇ ਕਰੀਬ 11:30 ਵਜੇ ਆਪਣੇ ਭਰਾਂ ਹਨੀ ਬਾਂਸਲ, ਪਤਨੀ ਨੀਰੂ ਬਾਂਸਲ, ਭਰਜਾਈ ਮਨੀ ਬਾਂਸਲ, ਮਾਤਾ ਕਮਲੇਸ਼ ਬਾਂਸਲ, ਲੜਕੇ ਆਰੂਸ਼ ਬਾਂਸਲ ਅਤੇ ਭਤੀਜੀ ਸ਼ਗੂਨ ਬਾਂਸਲ ਸਮੇਤ ਆਪਣੀ ਚਿੱਟੇ ਰੰਗ ਦੀ ਇਨੋਵਾ ਗੱਡੀ ਨੰ: ਪੀ.ਬੀ.08-ਸੀ.ਡਬਲਯੂ.-4646 ’ਤੇ ਬਠਿੰਡਾ ਤੋਂ ਜਲੰਧਰ ਵਾਪਸ ਜਾ ਰਹੇ ਸਨ। ਗੱਡੀ ਨੂੰ ਹਨੀ ਬਾਂਸਲ ਚਲਾ ਰਿਹਾ ਸੀ। ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਨੰ: ਪੀ.ਬੀ.08.-ਬੀ.ਕਿਊ.-5309 ਪਿੰਡ ਨਰੰਗਪੁਰ ਤੋਂ ਸ਼ਾਹਕੋਟ ਵੱਲ ਆ ਰਹੀ ਸੀ, ਜਿਸ ਨੂੰ ਅਨਮੋਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨਰੰਗਪੁਰ (ਸ਼ਾਹਕੋਟ) ਚਲਾ ਰਿਹਾ ਸੀ। ਜਦ ਇਨੋਵਾ ਗੱਡੀ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ’ਤੇ ਪਰਜੀਆ ਰੋਡ ਨੂੰ ਜਾਂਦੀ ਕਰਾਸਿੰਗ ’ਤੇ ਪਹੁੰਚੀ ਤਾਂ ਇਸੇ ਦੌਰਾਨ ਵਰਨਾ ਕਾਰ ਚਾਲਕ ਅਨਮੋਲ ਸਿੰਘ ਕਰਾਸਿੰਗ ਪਾਰ ਕਰ ਨੈਸ਼ਨਲ ਹਾਈਵੇ ’ਤੇ ਚੜ੍ਹ ਰਿਹਾ ਸੀ ਕਿ ਵਰਨਾ ਕਾਰ ਅਤੇ ਇਨੋਵਾ ਗੱਡੀ ਦੀ ਆਪਸ ਵਿੱਚ ਜਬਰਦਸਤ ਟੱਕਰ ਹੋ ਗਈ, ਜਿਸ ਕਾਰ ਦੋਵੇਂ ਕਾਰਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ। ਹਾਦਸਾ ਐਨਾ ਜਬਰਦਸਤ ਸੀ ਕਿ ਇਨੋਵਾ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰਿਆ ’ਤੇ ਲੱਗੀ ਰੇਲਿੰਗ ਤੋੜਦੀ ਹੋਈ ਫੁੱਟਪਾਥ ’ਤੇ ਜਾ ਰਹੀ। ਹਾਦਸੇ ਉਪਰੰਤ ਦੋਵੇਂ ਵਾਹਨਾਂ ਦੇ ਚਾਲਕ ਆਪਸ ਵਿੱਚ ਉਲਝ ਪਏ ਅਤੇ ਨੌਬਤ ਹੱਥੋਂਪਾਈ ਤੱਕ ਪਹੁੰਚ ਗਈ। ਇਨੋਵਾ ਸਵਾਰ ਰੋਹਿਤ ਬਾਂਸਲ ਨੇ ਦੋਸ਼ ਲਗਾਇਆ ਕਿ ਕਾਰ ਚਾਲਕ ਅਨਮੋਲ ਨੇ ਆਪਣੇ 10-12 ਸਾਥੀਆਂ ਨੂੰ ਬੁਲਾਕੇ ਉਨਾਂ ਨਾਲ ਕੁੱਟਮਾਰ ਕੀਤੀ ਹੈ, ਜਿਸ ਵਿੱਚ ਉਸ ਦੀ ਪਤਨੀ ਨੀਰੂ ਬਾਂਸਲ ਅਤੇ ਉਸ ਦੇ ਸੁੱਟਾਂ ਲੱਗੀਆਂ ਹਨ। ਦੂਸਰੇ ਪਾਸੇ ਕਾਰ ਚਾਲਕ ਅਨਮੋਲ ਨੇ ਦੋਸ਼ ਲਗਾਇਆ ਕਿ ਇਨੋਵਾ ਸਵਾਰ ਵਿਅਕਤੀਆਂ ਵੱਲੋਂ ਹਾਦਸੇ ਉਪਰੰਤ ਉਸ ’ਤੇ ਹਮਲਾ ਕੀਤਾ ਗਿਆ ਹੈ, ਜਦਕਿ ਉਸ ਨੇ ਆਪਣੇ ਕਿਸੇ ਵੀ ਸਾਥੀ ਨੂੰ ਨਹੀਂ ਬੁਲਾਇਆ। ਇਸ ਹਾਦਸੇ ਬਾਰੇ ਜਦ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਏ.ਐੱਸ.ਆਈ. ਗੁਰਮੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭੇਜਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਵੱਲੋਂ ਇੱਕ-ਦੂਸਰੇ ’ਤੇ ਕੁੱਟਮਾਰ ਦੇ ਦੋਸ਼ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਦੋਵੇਂ ਧਿਰਾਂ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ਼ ਹਨ ਅਤੇ ਉਨਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੋਗਾ-ਸ਼ਾਹਕੋਟ ਨੈਸ਼ਨਲ ਹਾਈਵੇ ’ਤੇ ਇਨੋਵਾ ਗੱਡੀ ਅਤੇ ਵਰਨਾ ਕਾਰ ਦੀ ਹੋਈ ਜਬਰਦਸਤ ਟੱਕਰ
This entry was posted in ਪੰਜਾਬ.