ਮਹੀਨਾ ਭਰ ਮਕਾਣਾ ਦਾ ਆਉਣ ਜਾਣ ਦਾ ਤਾਂਤਾ ਲੱਗਾ ਰਿਹਾ। ਵੇਲਾ ਸਿੰਘ ਦੇ ਸੰਸਕਾਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪ੍ਰਬੰਧ ਮੁਖਤਿਆਰ ਦੇ ਟੱਬਰ ਵਲੋਂ ਹੀ ਕੀਤਾ ਗਿਆ। ਇਸ ਕਾਰਨ ਇੰਦਰ ਸਿੰਘ ਦਾ ਜੱਥੇ ਨਾਲ ਜਾਣਾ ਵੀ ਪਿੱਛੇ ਪੈ ਗਿਆ। ਹੁਣ ਵੀ ਕਦੇ ਕਦੇ ਕੋਈ ਨਾ ਕੋਈ ਅਫਸੋਸ ਕਰਨ ਆ ਹੀ ਜਾਂਦਾ। ਅੱਜ ਵੀ ਮਿੰਦੀ ਦਾ ਸਾਰਾ ਪ੍ਰੀਵਾਰ ਫਿਰ ਦੁਬਾਰਾ ਆਏ। ਵੈਸੇ ਤਾਂ ਪਹਿਲਾ ਵੀ ਮਿੰਦੀ ਚਾਰ ਪੰਜ ਦਿਨ ਆਪਣੀ ਭੂਆ ਗਿਆਨ ਕੌਰ ਦੇ ਕੋਲ਼ ਰਹਿ ਕੇ ਗਈ ਸੀ। ਮਿੰਦੀ ਦੇ ਸਹੁਰੇ ਇੰਦਰ ਸਿੰਘ ਦੇ ਰਿਸ਼ਤੇਦਾਰ ਬਣਨ ਕਾਰਨ ਉਹਨਾ ਦਾ ਪਹਿਲਾਂ ਨਾਲੋ ਵੀ ਜ਼ਿਆਦਾ ਖਿਆਲ ਰੱਖਿਆ ਜਾਂਦਾ। ਬੇਸ਼ੱਕ ਮਿੰਦੀ ਦੇ ਜੇਠ ਜਿਠਾਣੀ ਦਾ ਸੁਭਾਅ ਮਿਲਣ ਸਾਰ ਸੀ ਫਿਰ ਵੀ ਦੀਪੀ ਉਹਨਾ ਦੇ ਸਾਹਮਣੇ ਸ਼ਰਮਾਉਂਦੀ ਸੀ। ਸਾਰੇ ਬਾਹਰ ਬੈਠੇ ਗੱਲਾਂ ਕਰ ਰਹੇ ਸਨ। ਰਸੋਈ ਵਿਚ ਬੈਠੀ ਦਾਲ ਚੁਗਦੀ ਦੀਪੀ ਦਾ ਧਿਆਨ ਇੱਕਦਮ ਉਹਨਾਂ ਦੀਆਂ ਗੱਲਾਂ ਵਿਚ ਖਿੱਚਿਆ ਗਿਆ, ਜਦੋਂ ਹਰਨਾਮ ਕੌਰ ਨੇ ਕਿਹਾ, “ਦਿਲਪ੍ਰੀਤ ਦਾ ਕੀ ਹਾਲ ਆ?”
“ਉਹ ਤਾਂ ਆਉਣਾ ਚਾਹੁੰਦਾ ਸੀ ਫੁਫੜ ਜੀ ਦਾ ਅਫਸੋਸ ਕਰਨ।” ਮਿੰਦੀ ਨੇ ਦੱਸਿਆ, “ਅਸੀਂ ਕਿਹਾ ਕਿ ਅਜੇ ਕੱਚੇ ਕੁਆਰੇ ਕੰਮ ਆ, ਤੂੰ ਰਹਿਣ ਦੇ।” “ਉਹ ਤਾਂ ਕੋਈ ਨਹੀਂ ਸੀ ਜੇ ਆ ਵੀ ਜਾਂਦਾ।” ਹਰਨਾਮ ਕੌਰ ਨੇ ਉਪਰੇ ਮਨ ਨਾਲ ਕਿਹਾ। ਅੰਦਰੋਂ ਹਰਨਾਮ ਕੌਰ ਇਸ ਗੱਲ ਨਾਲ ਸਹਿਮਤ ਨਹੀਂ ਸੀ ਕਿ ਵਿਆਹ ਤੋਂ ਪਹਿਲਾ ਹੀ ਆਉਣ-ਜਾਣ ਦਾ ਕੰਮ ਸ਼ੁਰੂ ਹੋਵੇ।
ਜਦੋਂ ਮਿੰਦੀ ਜਾਣ ਲੱਗੀ ਤਾਂ ਗਿਆਨ ਕੌਰ ਨੇ ਫਿਰ ਅੱਖਾਂ ਭਰ ਲਈਆਂ।
“ਭੂਆ ਜੀ, ਤੁਸੀ ਮਨ ਨਾਂ ਖਰਾਬ ਕਰੋ।” ਮਿੰਦੀ ਦੀ ਜਿਠਾਣੀ ਨੇ ਕਿਹਾ, “ਰੱਬ ਦਾ ਭਾਣਾ ਮੰਨਣਾ ਹੀ ਪੈਂਦਾ ਹੈ।”
“ਉਹ ਤਾਂ ਤੇਰੀ ਗੱਲ ਠੀਕ ਹੈ, ਧੀਏ।” ਗਿਆਨ ਕੌਰ ਨੇ ਭਰੇ ਮਨ ਨਾਲ ਕਿਹਾ, “ਉਹ ਸੀ ਤਾਂ ਮੈਨੂੰ ਸੌ ਅਹਾਰ ਸੀ।” ਇਹ ਕਹਿ ਕੇ ਗਿਆਨ ਕੌਰ ਰੋਣ ਲੱਗ ਪਈ।
“ਭੈਣ, ਤੂੰ ਆਪਣਾ ਦਿਲ ਤਕੜਾ ਕਰ।” ਹਰਨਾਮ ਕੌਰ ਨੇ ਕਿਹਾ, “ਮਰਨ ਵਾਲਿਆਂ ਨਾਲ ਕਿਹੜਾ ਮਰਿਆ ਜਾਂਦਾ ਆ।”
“ਤੇਰੀ ਗੱਲ ਤਾਂ ਠੀਕ ਆ, ਹਰਨਾਮ ਕੌਰੇ।” ਗਿਆਨ ਕੌਰ ਨੇ ਹਾਉਕਾ ਭਰ ਕੇ ਕਿਹਾ, “ਨਾਂ ਜੰਮੇ ਇਕੱਠੇ ਨਾਂ ਮਰਨਾ ਇਕੱਠੇ।”
“ਭੂਆ ਤੂੰ ਤਾਂ ਕਿਸਮਤ ਵਾਲੀ ਆ।” ਮਿੰਦੀ ਨੇ ਗਿਆਨ ਕੌਰ ਨੂੰ ਖੁਸ਼ ਕਰਨ ਦੇ ਤਰੀਕੇ ਨਾਲ ਕਿਹਾ, “ਤੇਰੇ ਦਿਉਰ ਦਾ ਟੱਬਰ ਤੈਨੂੰ ਹੱਥੀ ਛਾਵਾਂ ਕਰਦਾ ਆ।”
“ਇਹਨਾਂ ਦੇ ਸਹਾਰੇ ਤਾਂ ਪਹਿਲਾਂ ਦਿਨ ਕੱਟਦੇ ਸਾਂ।” ਗਿਆਨ ਕੌਰ ਨੇ ਕਿਹਾ, “ਹੁਣ ਵੀ ਇਹਨਾਂ ਦੀ ਦੇਣਦਾਰ ਹਾਂ।”
“ਤਾਈ ਜੀ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ।” ਸੁਰਜੀਤ ਨੇ ਕਿਹਾ, “ਜੋ ਸਾਡਾ ਫਰਜ਼ ਬਣਦਾ ਹੈ, ਅਸੀਂ ਕਰਦੇ ਹਾਂ। ਨਾਲੇ ਤੁਹਾਡਾ ਸੁਭਾਅ ਹੀ ਬਹੁਤ ਨਿੱਘਾ ਹੈ, ਜੋ ਸਭ ਕੁਝ ਆਪ ਹੀ ਕਰਵਾ ਲੈਂਦਾ ਹੈ।”
ਪਰਾਹੁਣਿਆ ਦੇ ਜਾਣ ਤੋਂ ਬਾਅਦ ਗਿਆਨ ਕੌਰ ਦਾ ਆਪਣੇ ਸੁੰਨੇ ਘਰ ਵਿਚ ਜਾਣ ਨੂੰ ਦਿਲ ਨਾਂ ਕਰੇ। ਉਸ ਦੇ ਦਿਲ ਦੀ ਗੱਲ਼ ਮੁਖਤਿਆਰ ਨੇ ਜਿਵੇ ਪਹਿਲਾਂ ਹੀ ਬੁੱਝ ਲਈ ਹੋਵੇ, ਬਿੱਲੀ ਭਾਣੇ ਛਿੱਕਾ ਟੁਟ ਗਿਆ ਹੋਵੇ ਜਦੋਂ ਉਸ ਨੇ ਕਿਹਾ, “ਤਾਈ ਤੁਸੀਂ ਹੁਣ ਇੱਧਰ ਹੀ ਰਹਿ ਲਿਆ ਕਰੋ।”
“ਉਹ ਤਾਂ ਤੇਰੀ ਗੱਲ ਠੀਕ ਆ ਪੁੱਤਰ, ਪਰ ਦੀਵਾ ਬੱਤੀ ਤਾਂ ਕਰਨ ਜਾਣਾਂ ਹੀ ਹੈ।”
“ਤਾਈ ਜੀ, ਲਾਈਟ ਮੈਂ ਜਗਾ ਆਉਂਦੀ ਹਾਂ।” ਦੀਪੀ ਨੇ ਕਿਹਾ, “ਤੁਸੀ ਬੈਠ ਜਾਉ।”
ਇਸ ਗੱਲ ਦਾ ਗਿਆਨ ਤਾਂ ਗਿਆਨ ਕੌਰ ਨੂੰ ਵੀ ਸੀ ਕਿ ਉਸ ਦੇ ਬੁਢਾਪੇ ਦਾ ਸਹਾਰਾ ਹੈ ਤਾਂ ਸਿਰਫ ਉਸ ਦੇ ਦੇਰ ਦਿਰਾਣੀ ਦਾ ਟੱਬਰ। ਉਹ ਚੁੱਪ ਕਰਕੇ ਹਰਨਾਮ ਕੌਰ ਨਾਲ ਹੀ ਮੰਜੇ ਤੇ ਬੈਠ ਗਈ।