ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਲਈ ਪ੍ਰਮੁੱਖ ਪੰਥ ਹਸਤੀਆਂ, ਵਿਦਵਾਨਾਂ, ਪੱਤਵੰਤੇ ਸੱਜਣਾਂ ਅਤੇ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਇੱਕ ਵਿਚਾਰ ਗੋਸ਼ਟੀ ਕਨਸੀਚਿਊਸ਼ਨ ਕਲੱਬ ਵਿੱਚ ਪ੍ਰੋਗਰਾਮ ਦੀ ਆਰੰਭਤਾ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਇਸ ਵਿਚਾਰ ਗੋਸ਼ਟੀ ਵਿੱਚ ਪਹੁੰਚੇ ਵਿਦਵਾਨਾਂ, ਪੱਤਵੰਤੇ ਸੱਜਣਾਂ ਅਤੇ ਦਿੱਲੀ ਕਮੇਟੀ ਨੂੰ ਜੀ ਆਇਆ ਆਖਿਆ ਤੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਲਈ ਆਪਣਾ ਵੱਡਮੁੱਲਾ ਸਮਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ’ਤੇ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇਹ ਵਿਚਾਰ ਗੋਸ਼ਟੀ ਆਯੋਜਿਤ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਅਸੀਂ ਉੱਘੇ ਬੁੱਧੀਜੀਵੀਆਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਇਸ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਉਦਿਆਂ ਹੋਇਆ ਸੀ੍ਰ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੇ ਫਲਸਫੇ ਹਰ ਧਰਮ ਦੇ ਲੋਕਾਂ ਤੱਕ ਪਹੁੰਚਾ ਸਕੀਏ ਅਤੇ ਇਨ੍ਹਾਂ ਵਿਦਵਾਨਾਂ ਵੱਲੋਂ ਜੋ ਵੀ ਸੁਝਾਅ ਦਿੱਤੇ ਜਾਣਗੇ ਉਨ੍ਹਾਂ ’ਤੇ ਅਮਲ ਕਰਦਿਆਂ ਹੋਇਆਂ ਇਸ ਸਬੰਧੀ ਰੂਪ ਰੇਖਾ ਤਿਆਰ ਕਰਕੇ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਵਿਚਾਰ ਗੋਸ਼ਟੀ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸ. ਪੁਸ਼ਪਿੰਦਰ ਸਿੰਘ, ਭਾਈ ਵੀਰ ਸਿੰਘ ਸਹਿਤ ਸਦਨ ਤੇ ਚੇਅਰਮੈਨ ਡਾ. ਮਹਿੰਦਰ ਸਿੰਘ, ਪਦਮਸ੍ਰੀ ਸ. ਵਿਕਰਮਜੀਤ ਸਿੰਘ ਸਾਹਨੀ, ਸ. ਐਚ. ਐਸ. ਹੰਸਪਾਲ, ਸ. ਕੇ. ਐਸ. ਬੈਸ, ਸ. ਤਰਜਿੰਦਰ ਸਿੰਘ ਸੋਨੀ, ਸ. ਪ੍ਰਤਾਪ ਸਿੰਘ, ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਅਤੇ ਹੋਰ ਵਿਦਵਾਨਾਂ ਅਤੇ ਪੱਤਵੰਤੇ ਸੱਜਣਾਂ ਨੇ ਹਾਜ਼ਰੀਆਂ ਭਰੀਆਂ। ਇਨ੍ਹਾਂ ਵਿਦਾਵਨਾਂ ਵਿੱਚ ਵਿਚਾਰ ਗੋਸ਼ਟੀ ਦੌਰਾਨ ਦਿੱਲੀ ਕਮੇਟੀ ਨੂੰ ਆਪਣੇ ਵੱਡੇ ਸੁਝਾਅ ਦਿੰਦਿਆਂ ਹੋਇਆ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਵੱਡੇ ਪੱਧਰ ’ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ ਤਾਂ ਹੀ ਅਸੀਂ ਇਸ ਸ਼ਤਾਬਦੀ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਹਰ ਧਰਮ ਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਨੌਜਵਾਨ ਪਨੀਰੀ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂ ਨੂੰ ਪਹੁੰਚਾਉਣ ਲਈ ਜਿਥੇ ਅਸੀਂ ਸੋਸਲ ਅਤੇ ਇਲੈਕਟ੍ਰੋਨਿਕ ਮੀਡੀਆ ਦਾ ਸਹਾਰਾ ਲੈਂਦਿਆਂ ਹੋਇਆਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਬਣਾਏ ਜਾਣ, ਉਥੇ ਨਾਲ ਹੀ ਦੇਸ਼ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰਕੇ ਉਥੇ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਇੱਕ ਚੇਅਰ ਵੀ ਸਥਾਪਿਤ ਕਰਾਉਣ ਦਾ ਉਪਰਾਲੇ ਕਰਦਿਆਂ ਹੋਇਆ ਗੁਰਬਾਣੀ ਸੰਗੀਤ ਦੀ ਰਵਾਇਤ ਅਨੁਸਾਰ ਕੀਰਤਨ ਮੁਕਾਬਲੇ ਕਰਵਾਏ ਜਾਣ। ਪ੍ਰੋਗਰਾਮਾਂ ਦੀ ਕਾਮਯਾਬੀ ਲਈ ਇੱਕ ਕੋਆਡੀਨੇਟਰ ਕਮੇਟੀ ਬਣਾਉਣ ਅਤੇ ਦੇਸ਼ ਵਿਦੇਸ਼ ਦੀਆਂ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਪ੍ਰੋਗਰਾਮ ਉਲੀਕੇ ਜਾਣ ਦੀ ਸਲਾਹ ਦਿੱਤੀ ਗਈ। ਗੁਰੂ ਸਾਹਿਬ ਵੱਲੋਂ ਉਚਾਰੀਆਂ ਗਈਆਂ ਬਾਣੀਆਂ ਦੇ ਅਰਥ ਵੱਖ-ਵੱਖ ਭਾਸ਼ਾਵਾਂ ਵਿੱਚ ਕਰਵਾਕੇ ਛਪਵਾਉਣ ਦੇ ਨਾਲ-ਨਾਲ ਦਿੱਲੀ ਵਿੱਚ ਗੁਰੂ ਸਾਹਿਬ ਦੇ ਨਾਮ ’ਤੇ ਇੱਕ ਮੈਮੋਰੀਅਲ ਵੀ ਤਿਆਰ ਕਰਵਾਇਆ ਜਾਵੇ ਜਿਥੇ ਗੁਰੂ ਜੀ ਦੇ ਅਹਿਮ ਉਪਦੇਸ਼ਾਂ ਨੂੰ ਦਰਸਾਇਆ ਜਾਵੇ ਤੇ ਗੁਰੂ ਜੀ ਦੀਆਂ ਅਹਿਮ ਉਦਾਸੀਆਂ ਤੇ ਜੀਵਨੀ ਬਾਰੇ ਅਲੱਗ-ਅਲੱਗ ਭਸ਼ਾਵਾਂ ਵਿੱਚ ਕਿਤਾਬਚੇ ਵੀ ਤਿਆਰ ਕਰਵਾਇਆ ਜਾਣੇ ਚਾਹੀਦੇ ਹਨ।
ਇਨ੍ਹਾਂ ਵਿਦਵਾਨਾਂ ਨੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਕੁੱਝ ਸਮੇਂ ਦੌਰਾਨ ਜੋ ਇਤਿਹਾਸਕ ਸ਼ਤਾਬਦੀਆਂ ਨੂੰ ਵੱਡੇ ਪੱਧਰ ’ਤੇ ਮਨਾ ਕੇ ਸੰਸਾਰ ਭਰ ਵਿੱਚ ਜਿਥੇ ਵਾਹ-ਵਾਹ ਖੱਟੀ ਹੈ ਉਥੇ ਸਿੱਖਾਂ ਦੀ ਵਿਲੱਖਣ ਕਿਰਦਾਰ ਤੋਂ ਵੀ ਜਾਣੂ ਕਰਵਾਇਆ ਹੈ।