ਫ਼ਤਹਿਗੜ੍ਹ ਸਾਹਿਬ – “ਕਸ਼ਮੀਰ ਵਿਚ ਦਿਨ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਦਾ ਰਾਜ ਹੁੰਦਾ ਹੈ ਅਤੇ ਰਾਤ ਨੂੰ ਆਜ਼ਾਦੀ ਚਾਹੁੰਣ ਵਾਲੇ ਕਸ਼ਮੀਰੀਆਂ ਦਾ । ਜਦੋਂਕਿ ਰਾਤ ਨੂੰ ਵੀ ਜਿਥੇ ਸੜਕਾਂ ਤੇ ਆਵਾਜਾਈ ਚੱਲਦੀ ਹੈ, ਉਥੇ ਫ਼ੌਜ ਦੀ ਡਿਊਟੀ ਦੇਣੀ ਬਣਦੀ ਹੈ । ਜਿਨ੍ਹਾਂ ਕਸ਼ਮੀਰੀ ਆਗੂਆਂ ਮੀਰਵਾਇਜ ਉਮਰ ਫਾਰੂਕ, ਸ਼ਬੀਰ ਸ਼ਾਹ, ਅਬਦੁੱਲ ਗਨੀ ਭੱਟ ਅਤੇ ਬਿਲਾਲ ਲੋਨ ਦੀ ਸਰਕਾਰ ਨੇ ਨਫ਼ਰਤ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਵਾਪਿਸ ਲੈ ਲਈ ਹੈ, ਇਹ ਇਨ੍ਹਾਂ ਆਜ਼ਾਦੀ ਚਾਹੁੰਣ ਵਾਲੇ ਆਗੂਆਂ ਨੂੰ ਪਹਿਲੋ ਹੀ ਸਰਕਾਰੀ ਸੁਰੱਖਿਆ ਵਾਪਿਸ ਕਰ ਦੇਣੀ ਚਾਹੀਦੀ ਸੀ । ਕਿਉਂਕਿ ਜੋ ਹਕੂਮਤਾਂ ਕਸ਼ਮੀਰੀਆਂ, ਪੰਜਾਬੀਆਂ, ਸਿੱਖਾਂ ਉਤੇ ਤਸੀਹੇ, ਜ਼ਬਰ-ਜੁਲਮ ਕਰਦੇ ਆ ਰਹੇ ਹਨ, ਉਨ੍ਹਾਂ ਦੀ ਸੁਰੱਖਿਆ ਉਤੇ ਤਾਂ ਆਜ਼ਾਦੀ ਚਾਹੁੰਣ ਵਾਲਿਆ ਨੂੰ ਵਿਸਵਾਸ ਹੀ ਨਹੀਂ ਕਰਨਾ ਚਾਹੀਦਾ, ਬਲਕਿ ਆਪਣੀ ਨਿੱਜੀ ਸੁਰੱਖਿਆ ਰੱਖਣੀ ਚਾਹੀਦੀ ਹੈ, ਹਾਂ ਇਸ ਲਈ ਲਾਈਸੈਸ ਸੁਦਾ ਹਥਿਆਰਾਂ ਲਈ ਜ਼ਰੂਰ ਮੰਗ ਕਰਨੀ ਚਾਹੀਦੀ ਹੈ । ਮੈਂ ਵੀ ਆਪਣੀ ਸੁਰੱਖਿਆ ਬਹੁਤ ਪਹਿਲੇ ਵਾਪਸ ਕਰ ਦਿੱਤੀ ਸੀ । ਜੋ ਆਜ਼ਾਦੀ ਚਾਹੁੰਣ ਵਾਲਿਆ ਆਗੂਆਂ ਦੇ ਲਾਈਸੈਸ ਜਾਰੀ ਕਰਨੇ ਬੰਦ ਕੀਤੇ ਗਏ ਹਨ, ਇਹ ਸਰਕਾਰ ਤੇ ਹੁਕਮਰਾਨਾਂ ਦੀ ਮੰਦਭਾਵਨਾ ਹੈ । ਜਿਸਦੀ ਅਸੀਂ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰੀ ਆਜ਼ਾਦੀ ਚਾਹੁੰਣ ਵਾਲੇ ਆਗੂਆਂ ਦੀ ਸੁਰੱਖਿਆ ਨੂੰ ਵਾਪਸ ਲੈਣ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਛਤੀਸਗੜ੍ਹ, ਮਹਾਂਰਾਸਟਰਾਂ, ਝਾਂਰਖੰਡ, ਬਿਹਾਰ, ਨਾਗਾਲੈਡ, ਮਿਜੋਰਮ, ਮਨੀਪੁਰ ਆਦਿ ਸੂਬਿਆਂ ਵਿਚ ਜੋ ਉਥੋਂ ਦੇ ਨਾਗਰਿਕਾਂ ਉਤੇ ਫ਼ੌਜ ਅਤੇ ਨੀਮਦਸਤੇ ਲਗਾਏ ਹੋਏ ਹਨ, ਉਨ੍ਹਾਂ ਨੂੰ ਖ਼ਤਮ ਕਰਕੇ ਆਪਣੇ ਹੀ ਨਾਗਰਿਕਾਂ ਉਤੇ ਦਹਿਸਤ ਪੈਦਾ ਕਰਨ ਦੇ ਅਮਲਾਂ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਸੂਬਿਆਂ ਵਿਚ ਜੋ ਵੀ ਮਸਲੇ, ਵਿਤਕਰੇ ਜਾਂ ਨਰਾਜਗੀਆ ਹਨ, ਉਨ੍ਹਾਂ ਨੂੰ ਆਪਸੀ ਟੇਬਲਟਾਕ ਰਾਹੀ ਹੱਲ ਕਰਨਾ ਬਣਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਅਤੇ ਅਮਨ-ਚੈਨ ਦੇ ਬਿਨ੍ਹਾਂ ਤੇ ਕੇਵਲ ਹਿੰਦੂਤਵ ਹੁਕਮਰਾਨਾਂ ਨੂੰ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਮੁਲਕਾਂ ਅਤੇ ਤਾਕਤਾਂ ਨੂੰ ਇਹ ਗੁਜਾਰਿਸ ਕਰਨੀ ਚਾਹੇਗਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਕਸ਼ਮੀਰ ਸੂਬੇ ਵਿਚ ਵੱਸਣ ਵਾਲੀ ਮੁਸਲਿਮ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੀਆ ਜਾ ਰਹੀਆ ਵਧੀਕੀਆ ਨੂੰ ਤੁਰੰਤ ਬੰਦ ਕਰਕੇ ਇਹ ਮਸਲੇ ਬਾਦਲੀਲ ਢੰਗ ਨਾਲ ਟੇਬਲ ਤੇ ਬੈਠਕੇ ਹੱਲ ਕੀਤੇ ਜਾਣ ਅਤੇ ਮਨੁੱਖਤਾ ਨੂੰ ਜੰਗ ਜਾਂ ਪ੍ਰਮਾਣੂ ਜੰਗ ਵਰਗੇ ਖ਼ਤਰਨਾਕ ਸ਼ਬਦਾਂ ਤੋਂ ਦੂਰ ਰੱਖਿਆ ਜਾਵੇ । ਜੋ ਪੰਜਾਬ ਦੇ ਜਵਾਨ ਬੀਤੇ ਦਿਨੀਂ ਪੁਲਵਾਮਾ ਵਿਚ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਤੇ ਸੈਂਟਰ ਸਰਕਾਰ ਦੋ-ਦੋ ਕਰੋੜ ਦੀ ਰਾਸੀ ਦੀ ਤੁਰੰਤ ਸਹਾਇਤਾ ਕਰੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਜਾਂ ਪਤਨੀਆਂ ਵਿਚੋਂ ਇਕ-ਇਕ ਨੂੰ ਚੰਗੀ ਤਨਖਾਹ ਵਾਲੀ ਸਰਕਾਰੀ ਨੌਕਰੀ ਪ੍ਰਦਾਨ ਕਰੇ ।