ਚੰਡੀਗੜ੍ਹ – ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਅਸੀਂ ਇਸ ਹਮਲੇ ਦਾ ਦੋਸ਼ ਪੂਰੇ ਦੇਸ਼ ਤੇ ਨਹੀਂ ਮੜ੍ਹ ਸਕਦੇ, ਪੂਰੇ ਦੇਸ਼ ਜਾਂ ਕਿਸੇ ਇੱਕ ਨੂੰ ਇਸ ਦਾ ਦੋਸ਼ ਦੇਣਾ ਠੀਕ ਨਹੀਂ ਹੈ, ਇਹ ਹਮਲਾ ਕਾਇਰਤਾ ਪੂਰਵਕ ਹੈ ਅਤੇ ਅੱਤਵਾਦ, ਹਿੰਸਾ ਕਿਸੇ ਪਾਸਿਓ ਵੀ ਸਹੀ ਨਹੀਂ ਹੈ ਅਤੇ ਜਿਸ ਕਿਸੇ ਨੇ ਵੀ ਇਹ ਸੱਭ ਕੀਤਾ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਿੱਧੂ ਦੇ ਇਸ ਬਿਆਨ ਨਾਲ ਪੂਰੇ ਦੇਸ਼ ਵਿੱਚ ਆਲੋਚਨਾ ਹੋਈ ਸੀ ਅਤੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੀ ਵੀ ਮੰਗ ਕੀਤੀ ਗਈ ਸੀ। ਇਹ ਵੀ ਕਿਹਾ ਗਿਆ ਸੀ ਕਿ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ, ‘ਮੈਨੂੰ ਵਿਧਾਨਸਭਾ ਸੈਸ਼ਨ ਵਿੱਚ ਸ਼ਾਮਿਲ ਹੋਣਾ ਸੀ, ਇਸ ਕਰਕੇ ਮੇਰੇ ਕੋਲ ਕਪਿਲ ਦੇ ਸ਼ੋਅ ਨੂੰ ਸ਼ੂਟ ਕਰਨ ਦਾ ਸਮਾਂ ਨਹੀਂ ਸੀ। ਇਸ ਲਈ ਦੋ ਐਪੀਸੋਡ ਦੇ ਲਈ ਕਿਸੇ ਹੋਰ ਨੂੰ ਮੇਰੇ ਸਥਾਨ ਤੇ ਲਿਆਂਦਾ ਸੀ। ਮੈਨੂੰ ਇਸ ਸ਼ੋਅ ਵਿੱਚੋਂ ਬਾਹਰ ਕੱਢੇ ਜਾਣ ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਨਹੀਂ ਮਿਲੀ। ਜਿੱਥੋਂ ਤੱਕ ਮੇਰੇ ਬਿਆਨ ਦੀ ਗੱਲ ਹੈ। ਮੈਂ ਅੱਜ ਵੀ ਆਪਣੀ ਗੱਲ ਤੇ ਹਾਂ ਅਤੇ ਕਲ੍ਹ ਵੀ ਰਹਾਂਗਾ।’
ਸਿੱਧੂ ਨੂੰ ਸ਼ੋਅ ਤੋਂ ਹਟਾਉਣ ਸਬੰਧੀ ਵੀ ਨਾ ਤਾਂ ਸੋਨੀ ਨੇ ਕੋਈ ਬਿਆਨ ਜਾਰੀ ਕੀਤਾ ਹੈ ਅਤੇ ਨਾ ਹੀ ਸ਼ੋਅ ਨੂੰ ਪ੍ਰੋਡਿਊਸ ਕਰਨ ਵਾਲੀ ਸਲਮਾਨ ਖਾਨ ਦੀ ਕੰਪਨੀ ਨੇ।ਅਰਚਨਾ ਦਾ ਵੀ ਇਹੋ ਕਹਿਣਾ ਹੈ ਕਿ ਉਹ ਸਿੱਧੂ ਦੀ ਪਰਮਾਨੈਂਟ ਰੀਪਲੇਸਮੈਂਟ ਨਹੀਂ ਹੈ।