ਇਸਲਾਮਾਬਾਦ – ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਭਾਰਤ ਵਿੱਚ ਗੁਸੇ ਦੀ ਲਹਿਰ ਹੈ,ਉਥੇ ਪਾਕਿਸਤਾਨ ਨੇ ਇਸ ਮਾਮਲੇ ਤੇ ਭਾਰਤ ਨੂੰ ਖੁਲ੍ਹੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਤੇ ਲਗੇ ਆਰੋਪਾਂ ਨੂੰ ਸਾਫ਼ ਤੌਰ ਤੇ ਖਾਰਿਜ਼ ਕਰ ਦਿੱਤਾ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ ਭਾਰਤ ਨੇ ਬਿਨਾਂ ਕਿਸੇ ਸਬੂਤ ਦੇ ਸਾਡੇ ਤੇ ਆਰੋਪ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਤੇ ਸੈਨਿਕ ਕਾਰਵਾਈ ਕਰੇਗਾ ਤਾਂ ਉਹ ਵੀ ਐਸਾ ਪਲਟ ਵਾਰ ਕਰਨਗੇ ਕਿ ਯੁੱਧ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ।
ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸ ਗੱਲ ਤੇ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਕਸ਼ਮੀਰ ਵਿੱਚ ਅਜਿਹੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ, ‘ਅਸੀਂ ਹਮਲਾ ਕਿਉਂ ਕਰਾਵਾਂਗੇ? ਸਾਨੂੰ ਇਸ ਨਾਲ ਕੀ ਫਾਇਦਾ ਹੋਵੇਗਾ। ਪਾਕਿਸਤਾਨ ਨੇ ਸੱਭ ਤੋਂ ਵੱਧ ਅੱਤਵਾਦ ਦਾ ਸੰਤਾਪ ਝੱਲਿਆ ਹੈ। ਹੁਣ ਇਹ ਨਵਾਂ ਪਾਕਿਸਤਾਨ, ਨਵੀਂ ਮਾਈਂਡ ਸੈਟ ਅਤੇ ਨਵੀਂ ਸੋਚ ਹੈ। ਅਸੀਂ ਵੀ ਅੱਤਵਾਦ ਦਾ ਖਾਤਮਾ ਚਾਹੁੰਦੇ ਹਾਂ।’ ਉਨ੍ਹਾਂ ਨੇ ਕਿਹਾ ਕਿ ਜਦੋਂ ਸਾਊਦੀ ਦੇ ਪ੍ਰਿੰਸ ਸਾਡੇ ਦੇਸ਼ ਦੇ ਦੌਰੇ ਤੇ ਸਨ ਤਾਂ ਪਾਕਿਸਤਾਨ ਅਜਿਹਾ ਕਿਉਂ ਕਰੇਗਾ। ਉਨ੍ਹਾਂ ਅਨੁਸਾਰ ਜਦੋਂ ਵੀ ਕਸ਼ਮੀਰ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ ਝੱਟਪੱਟ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ।
ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਦਾ ਸਾਲ ਹੈ ਅਤੇ ਭਾਰਤੀ ਨੇਤਾ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ‘ਦੁਨੀਆਂ ਦਾ ਕਿਹੜਾ ਅਜਿਹਾ ਕਾਨੂੰਨ ਹੈ ਜੋ ਕਿਸੇ ਵੀ ਇੱਕ ਵਿਅਕਤੀ ਜਾਂ ਮੁਲਕ ਨੂੰ ਜੱਜ, ਜਿਊਰੀ ਅਤੇ ਸਜ਼ਾ ਦੀ ਪਾਵਰ ਪ੍ਰਦਾਨ ਕਰਦਾ ਹੈ। ਅਗਰ ਆਪ ਪਾਕਿਸਤਾਨ ਤੇ ਹਮਲਾ ਕਰੋਂਗੇ ਤਾਂ ਅਸੀਂ ਵੀ ਪਲਟਵਾਰ ਕਰਾਂਗੇ। ਇਸ ਦੇ ਬਾਅਦ ਗੱਲ ਕਿਧਰ ਨੂੰ ਜਾਵੇਗੀ, ਕਿਸੇ ਨੂੰ ਵੀ ਪਤਾ ਨਹੀਂ।’