ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਹੁਕਮਰਾਨਾਂ ਵੱਲੋਂ ਜੋ ਬੀਤੇ ਦਿਨੀਂ ਤੜਕੇ 3 ਵਜੇ ਇਸਲਾਮਿਕ ਪਾਕਿਸਤਾਨ ਵਿਚ ਜੋ ਹਵਾਈ ਹਮਲਾ ਕਰਕੇ ਕਾਰਵਾਈ ਕੀਤੀ ਗਈ ਹੈ, ਇਹ ਪ੍ਰਮਾਣੂ ਜੰਗ ਨੂੰ ਸੱਦਾ ਦੇਣ ਵਾਲਾ ਦੁੱਖਦਾਇਕ ਅਮਲ ਹੈ । ਅਜਿਹੀ ਕਾਰਵਾਈ ਕਾਉਮਨਿਸਟ ਚੀਨ, ਇਸਲਾਮਿਕ-ਪਾਕਿਸਤਾਨ ਅਤੇ ਹਿੰਦੂ-ਇੰਡੀਆਂ ਵਿਚ ਹੋਰ ਕੁੜੱਤਣ ਵੱਧਣ ਅਤੇ ਜੰਗ ਵਾਲਾ ਮਾਹੌਲ ਪੈਦਾ ਕਰਨ ਵਾਲੀ ਹੈ । ਜਦੋਂਕਿ ਸਿੱਖ ਕੌਮ ਦੀ ਨਾ ਤਾਂ ਇਸਲਾਮਿਕ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਹੈ, ਨਾ ਕਾਉਮਨਿਸਟ ਚੀਨ ਨਾਲ ਅਤੇ ਨਾ ਹੀ ਹਿੰਦੂ-ਇੰਡੀਆਂ ਨਾਲ । ਉਪਰੋਕਤ ਕਾਰਵਾਈ ਤਾਂ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਜਿਥੇ ਸਿੱਖ ਵਸੋਂ ਵੱਸਦੀ ਹੈ, ਉਸ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਮਨੁੱਖਤਾ ਵਿਰੋਧੀ ਅਮਲ ਹੈ । ਪ੍ਰਮਾਣੂ ਜੰਗ ਲੱਗਣ ਨਾਲ ਤਾਂ ਸਿੱਖ ਕੌਮ ਦਾ ਪੂਰਨ ਰੂਪ ਵਿਚ ਮਲੀਆ-ਮੇਟ ਹੋ ਕੇ ਰਹਿ ਜਾਵੇਗਾ । ਇਸ ਲਈ ਸਿੱਖ ਕੌਮ ਇਸ ਖਿੱਤੇ ਵਿਚ ਬਿਲਕੁਲ ਜੰਗ ਨਹੀਂ ਚਾਹੁੰਦੀ । ਬਲਕਿ ਏਸੀਆ ਖਿੱਤੇ ਦੇ ਪੁਰ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਇਨ੍ਹਾਂ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਸੰਪੂਰਨ ਬਾਦਸ਼ਾਹੀ ਸਿੱਖ ਰਾਜ ‘ਬਫ਼ਰ ਸਟੇਟ’ ਤੁਰੰਤ ਕਾਇਮ ਕਰਨ ਦੀ ਮੰਗ ਕਰਦਾ ਹੈ । ਜੇਕਰ ਹੁਕਮਰਾਨਾਂ ਨੇ ਜੰਗ ਨੂੰ ਸੱਦਾ ਦਿੱਤਾ ਤਾਂ ਸਿੱਖ ਕੌਮ ਇਸ ਵਿਚ ਬਿਲਕੁਲ ਹਿੱਸਾ ਨਹੀਂ ਲਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਹਿੰਦੂਤਵ ਹੁਕਮਰਾਨਾਂ ਵੱਲੋਂ ਪੰਜਾਬ ਸੂਬੇ ਦੀ ਸਰਹੱਦ ਦੇ ਪਾਰ ਇਸਲਾਮਿਕ-ਪਾਕਿਸਤਾਨ ਮੁਲਕ ਵਿਚ ਹਵਾਈ ਹਮਲੇ ਕਰਨ ਦੀ ਪ੍ਰਮਾਣੂ ਜੰਗ ਨੂੰ ਸੱਦਾ ਦੇਣ ਵਾਲੀ ਅਤੇ ਸਿੱਖ ਕੌਮ ਦਾ ਬੀਜ਼ ਨਾਸ ਕਰਨ ਵਾਲੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਵੱਲੋਂ ਅਜਿਹੀ ਕਿਸੇ ਜੰਗ ਵਿਚ ਵੀ ਹਿੱਸਾ ਨਾ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਨਾਈਟਡ ਨੇਸ਼ਨ ਦੀ ਸਕਿਊਰਟੀ ਕੌਂਸਲ ਨੂੰ ਤੁਰੰਤ ਇਹ ਪ੍ਰਮਾਣੂ ਜੰਗ ਵਾਲੇ ਪੈਦਾ ਹੋਏ ਹਾਲਾਤਾਂ ਵਿਚ ਦਖਲ ਦੇਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਣ ਹਿੱਤ ਕਾਰਵਾਈ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ । ਇਸਦੇ ਨਾਲ ਹੀ ਇਹ ਵੀ ਮੰਗ ਕਰਦਾ ਹੈ ਕਿ ਉਪਰੋਕਤ ਸਿੱਖ ਵਸੋਂ ਵਾਲੇ ਇਲਾਕਿਆ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ‘ਨੋ ਫਲਾਈ ਜੋਨ’ ਐਲਾਨ ਦਾ ਵੀ ਸਕਿਊਰਟੀ ਕੌਂਸਲ ਮਤਾ ਪਾਸ ਕਰੇ ਅਤੇ ਸਿੱਖ ਵਸੋਂ ਵਾਲੇ ਇਲਾਕੇ ਦੇ ਹਰੇਕ ਪਿੰਡ ਵਿਚ ਬੰਕਰ ਬਣਾਉਣ ਦੀ ਵੀ ਅਪੀਲ ਕਰਦਾ ਹੈ ਤਾਂ ਕਿ ਸਿੱਖ ਕੌਮ ਤੇ ਪੰਜਾਬੀਆਂ ਦਾ ਜਾਨੀ ਨੁਕਸਾਨ ਨਾ ਹੋ ਸਕੇ ।
ਉਨ੍ਹਾਂ ਸਪੱਸਟ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਕੇਵਲ ਸੰਪੂਰਨ ਤੌਰ ਤੇ ਅਮਨ-ਚੈਨ ਦੀ ਚਾਹਵਾਨ ਹੈ । ਕਿਉਂਕਿ ਅਸੀਂ ਸਟੇਟਲੈਸ ਕੌਮ ਹਾਂ ਅਤੇ ਸਾਡੀ ਉਪਰੋਕਤ ਤਿੰਨੇ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਵੈਰ-ਵਿਰੋਧ ਨਹੀਂ ਹੈ ਅਤੇ ਅਸੀਂ ਕਿਸੇ ਵੀ ਮੁਲਕ ਨੂੰ ਇਹ ਇਜ਼ਾਜਤ ਨਹੀਂ ਦੇਵਾਂਗੇ ਕਿ ਉਹ ਸਿੱਖ ਕੌਮ ਨੂੰ ਜ਼ਬਰੀ ਪ੍ਰਮਾਣੂ ਜੰਗ ਵਿਚ ਝੌਕੇ ਅਤੇ ਜਾਨੀ ਤੌਰ ਤੇ ਸਾਡਾ ਨੁਕਸਾਨ ਕਰੇ ।