ਕੋਲਕਾਤਾ – ਮੋਦੀ ਸਰਕਾਰ ਦੁਆਰਾ ਪਾਕਿਸਤਾਨ ਵਿੱਚ ਕਰਵਾਈ ਗਈ ਏਅਰ ਸਟਰਾਈਕ ਨੂੰ ਲੈ ਕੇ ਸਬੂਤ ਮੰਗਣ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸੇ ਸਬੰਧ ਵਿੱਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਵੀ ਨਰੇਂਦਰ ਮੋਦੀ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਮੋਦੀ ਤੇ ਚੋਣਾਂ ਤੋਂ ਪਹਿਲਾਂ ਜਵਾਨਾਂ ਦੇ ਖੂਨ ਤੇ ਰਾਜਨੀਤੀ ਕਰਨ ਦਾ ਆਰੋਪ ਲਗਾਇਆ ਹੈ।
ਮੁੱਖਮੰਤਰੀ ਮਮਤਾ ਨੇ ਕਿਹਾ ਕਿ ਹਾਲ ਹੀ ਵਿੱਚ ਪਾਕਿਸਤਾਨ ਤੇ ਕੀਤੀ ਗਈ ਏਅਰ ਸਟਰਾਈਕ ਦੇ ਬਾਅਦ ਪ੍ਰਧਾਨਮੰਤਰੀ ਨੇ ਸਾਰੇ ਰਾਜਨੀਤਕ ਦਲਾਂ ਦੀ ਕੋਈ ਵੀ ਬੈਠਕ ਨਹੀਂ ਬੁਲਾਈ। ਉਨ੍ਹਾਂ ਨੇ ਇਸ ਅਪਰੇਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਨ ਦੀ ਗੱਲ ਕੀਤੀ। ਮਮਤਾ ਨੇ ਰਾਸ਼ਟਰੀ ਮੀਡੀਆ ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੀਡੀਆ ਇੱਕ ਵਰਗ ਯੁੱਧ ਦਾ ਮਾਹੌਲ ਤਿਆਰ ਕਰ ਰਿਹਾ ਹੈ। ਮੀਡੀਆ ਤੇ ਵੀ ਕੰਟਰੋਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਏਅਰ ਸਟਰਾਈਕ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਕਾਰਵਾਈ ਵਿੱਚ ਕਿੰਨੇ ਅੱਤਵਾਦੀ ਮਾਰੇ ਗਏ ਹਨ, ਇਸ ਦਾ ਕੋਈ ਪ੍ਰਮਾਣ ਹੈ ਤਾਂ ਸਾਹਮਣੇ ਆਉਣਾ ਚਾਹੀਦਾ ਹੈ।
ਤ੍ਰਿਣਮੂਲ ਕਾਂਗਰਸ ਦੀ ਮੁੱਖੀ ਅਤੇ ਸੀਐਮ ਨੇ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਮੋਦੀ ਸਰਕਾਰ ਤੋਂ ਇਸ ਦਾ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਿਊਯਾਰਕ ਟਾਈਮਜ਼ ਪੜ੍ਹ ਰਹੀ ਸੀ ਅਤੇ ਉਸ ਵਿੱਚ ਲਿਖਿਆ ਸੀ ਕਿ ਇਸ ਅਪਰੇਸ਼ਨ ਵਿੱਚ ਕੋਈ ਵੀ ਨਹੀਂ ਮਾਰਿਆ ਗਿਆ ਅਤੇ ਕੁਝ ਮੀਡੀਆ ਰਿਪੋਰਟਾਂ ਵਿੱਚ ਇੱਕ ਮੌਤ ਹੋਣ ਦੀ ਗੱਲ ਕੀਤੀ ਗਈ ਹੈ। ਇਸ ਲਈ ਅਸੀਂ ਇਸ ਬਾਰੇ ਪੂਰੀ ਜਾਣਕਾਰੀ ਚਾਹੁੰਦੇ ਹਾਂ। ਉਨ੍ਹਾਂ ਨੇ ਫਿਰ ਤੋਂ ਮੋਦੀ ਸਰਕਾਰ ਤੇ ਜਵਾਨਾਂ ਦੇ ਖੂਨ ਤੇ ਰਾਜਨੀਤੀ ਕਰਨ ਦਾ ਆਰੋਪ ਲਗਾਇਆ ਹੈ।