ਸ੍ਰੀ ਨਗਰ – ਸਾਬਕਾ ਮੁੱਖਮੰਤਰੀ ਅਤੇ ਨੈਸ਼ਨਲ ਕਾਨਫਰੰਸ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੀਜੇਪੀ ਦੇ ਨਾਲ ਗਠਬੰਧਨ ਦੀਆਂ ਸੰਭਾਵਨਾਵਾਂ ਨੂੰ ਰਦ ਕਰਦੇ ਹੋਏ ਕਿਹਾ ਕਿ ਉਹ ਮਰ ਜਾਣਗੇ ਪਰ ਕਦੇ ਵੀ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਨਹੀਂ ਬਣਾਉਣਗੇ। ਕਸ਼ਮੀਰ ਵਿੱਚ ਭਾਜਪਾ ਦੀਆਂ ਜੜ੍ਹਾਂ ਫੈਲਾਉਣ ਦੇ ਲਈ ਪੀਡੀਪੀ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਸ ਨੇ ਬੀਜੇਪੀ ਨੂੰ ਇੱਥੇ ਲਿਆ ਕੇ ਬਹੁਤ ਵੱਡੀ ਗੱਲਤੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਅਸਾਂ ਸਾਬਕਾ ਮੁੱਖਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੂੰ ਇਸ ਸਬੰਧੀ ਕਈ ਵਾਰ ਚਿਤਾਵਨੀ ਦਿੱਤੀ ਸੀ ਕਿ ਇਹ ਗੱਲਤ ਹੋ ਰਿਹਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਹਨ। ਰਾਜ ਵਿੱਚ ਜਨਤਾ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਹਲ ਇੱਕ ਚੁਣੀ ਹੋਈ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਅਨੁਸਾਰ ਰਾਜ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਲੋਕਸਭਾ ਦੀਆਂ ਚੋਣਾਂ ਦੇ ਨਾਲ ਹੀ ਹੋਣੀਆਂ ਚਾਹੀਦੀਆਂ ਹਨ। ਜੇ ਇੱਥੇ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ ਤਾਂ ਵਿਧਾਨਸਭਾ ਚੋਣਾਂ ਕਰਵਾਉਣ ਵਿੱਚ ਕੀ ਹਰਜ਼ ਹੈ।
ਫਾਰੂਕ ਅਬਦੁੱਲਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਨਾਲ ਗੱਲਬਾਤ ਨਹੀਂ ਕਰਦੀ ਤਦ ਤੱਕ ਸਥਿਤੀ ਵਿੱਚ ਸੁਧਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਅੱਤਵਾਦ ਦੇ ਖਿਲਾਫ਼ ਕਾਰਵਾਈ ਕੀਤੀ ਹੈ ਤਾਂ ਇਹ ਚੰਗੀ ਗੱਲ ਹੈ।