ਅਦੀਸ ਅਬਾਬਾ – ਕੀਨੀਆ ਜਾ ਰਿਹਾ ਇਥੋਪੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਥੋਪੀਅਨ ਏਅਰਲਾਈਨ ਦੇ ਇਸ ਬੋਇੰਗ 737 ਵਿਚ 149 ਯਾਤਰੀ ਅਤੇ ਚਾਲਕ ਦਲ ਦੇ 8 ਮੈਂਬਰ ਮੌਜੂਦ ਸਨ।
ਇਥੋਪੀਅਨ ਏਅਰਲਾਈਨ ਦੇ ਬੁਲਾਰੇ ਨੇ ਸਰਕਾਰੀ ਟੀਵੀ ਚੈਨਲ ਨੂੰ ਕਿਹਾ ਹੈ ਕਿ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ। ਹਾਦਸਾਗ੍ਰਸਤ ਜਹਾਜ਼ ਵਿਚ 33 ਦੇਸ਼ਾਂ ਦੇ ਯਾਤਰੀ ਮੌਜੂਦ ਸਨ। ਇਹ ਜਹਾਜ਼ ਅਦੀਸ ਅਬਾਬਾ ਤੋਂ ਨੈਰੋਬੀ ਲਈ ਉਡਾਨ ਭਰ ਰਿਹਾ ਸੀ। ਬੁਲਾਰੇ ਅਨੁਸਾਰ ਇਹ ਹਾਦਸਾ ਇਥੋਪੀਆ ਦੇ ਸਮੇਂ ਮੁਤਾਬਕ ਸਵੇਰੇ 8:44 ਵਜੇ ਵਾਪਰਿਆ। ਬੁਲਾਰੇ ਮੁਤਾਬਕ ਇਹ ਹਾਦਸਾ ਬੀਸ਼ੋਫਤੂ ਸ਼ਹਿਰ ਦੇ ਨਜ਼ਦੀਕ ਵਾਪਰਿਆ ਅਤੇ ਉਥੇ ਬਚਾਅ ਟੀਮ ਪਹੁੰਚ ਗਈ ਹੈ। ਇਹ ਸ਼ਹਿਰ ਰਾਜਧਾਨੀ ਅਦੀਸ ਅਬਾਬਾ ਤੋਂ ਸੜਕ ਮਾਰਗ ਰਾਹੀਂ ਅੰਦਾਜ਼ਨ ਇਕ ਘੰਟੇ ਦੀ ਦੂਰੀ ‘ਤੇ ਹੈ।
ਇਥੋਪੀਆ ਦੇ ਪ੍ਰਧਾਨਮੰਤਰੀ ਵਲੋਂ ਇਸ ਹਾਦਸੇ ‘ਤੇ ਸ਼ੋਕ ਪ੍ਰਗਟਾਇਆ ਗਿਆ ਹੈ। ਹਾਦਸਾਗ੍ਰਸਤ ਹੋਇਆ ਇਹ ਜਹਾਜ਼ ਬਿਲਕੁਲ ਨਵਾਂ ਸੀ। ਇਹ ਏਅਰਲਾਈਨ ਨੂੰ 4 ਮਹੀਨੇ ਪਹਿਲਾਂ ਹੀ ਮਿਲਿਆ ਸੀ। ਹਾਦਸਾਗ੍ਰਸਤ ਜਹਾਜ਼ ਉਡਾਨ ਭਰਨ ਤੋਂ 6 ਮਿੰਟ ਬਾਅਦ ਹੀ ਰਾਡਾਰ ਤੋਂ ਲਾਪਤਾ ਹੋ ਗਿਆ ਸੀ।