ਨਵੀਂ ਦਿੱਲੀ- ਚੋਣ ਕਮਿਸ਼ਨ ਵਲੋਂ ਭਾਰਤ ਵਿਚ ਹੋਣ ਵਾਲੀਆਂ ਲੋਕਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ 11 ਅਪ੍ਰੈਲ ਤੋਂ 19 ਮਈ 2019 ਦੌਰਾਨ 7 ਪੜਾਵਾਂ ਵਿਚ ਹੋਣਗੀਆਂ। ਚੋਣਾਂ ਦੇ ਨਤੀਜਿਆਂ ਦਾ ਐਲਾਨ 23 ਮਈ ਨੂੰ ਕੀਤਾ ਜਾਵੇਗਾ। ਇਹ ਚੋਣਾਂ ਲੋਕਸਭਾ ਦੀਆਂ 543 ਸੀਟਾਂ ‘ਤੇ ਹੋਣਗੀਆਂ। 11 ਅਪ੍ਰੈਲ ਨੂੰ 20 ਰਾਜਾਂ ਦੀਆਂ 91 ਸੀਟਾਂ ਲਈ, 12 ਅਪ੍ਰੈਲ ਨੂੰ 13 ਰਾਜਾਂ ਦੀਆਂ 97 ਸੀਟਾਂ ਲਈ, 23 ਅਪ੍ਰੈਲ ਨੂੰ 14 ਰਾਜਾਂ ਦੀਆਂ 115 ਸੀਟਾਂ ਲਈ, 29 ਅਪ੍ਰੈਲ ਨੂੰ 9 ਰਾਜਾਂ ਦੀਆਂ 71 ਸੀਟਾਂ ਲਈ, 6 ਮਈ ਨੂੰ 7 ਰਾਜਾਂ ਦੀਆਂ 51 ਸੀਟਾਂ ਲਈ, 12 ਮਈ ਨੂੰ 7 ਰਾਜਾਂ ਦੀਆਂ 59 ਸੀਟਾਂ ਲਈ ਅਤੇ 19 ਮਈ ਨੂੰ 8 ਰਾਜਾਂ ਦੀਆਂ 59 ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਬਹੁਮਤ ਹਾਸਲ ਕਰਨ ਲਈ 272 ਸੀਟਾਂ ਜਿੱਤਣੀਆਂ ਹੋਣਗੀਆਂ।
ਪੰਜਾਬ ਦੀਆਂ 13 ਲੋਕਸਭਾ ਸੀਟਾਂ ਲਈ ਵੋਟਾਂ 19 ਮਈ ਦਿਨ ਐਤਵਾਰ ਨੂੰ ਪਾਈਆਂ ਜਾਣਗੀਆਂ। ਇੱਕ ਪੜਾਅ ਦੌਰਾਨ ਜਿਨ੍ਹਾਂ ਰਾਜਾਂ ਵਿਚ ਵੋਟਾਂ ਪੈਣਗੀਆਂ ਉਨ੍ਹਾਂ ਦੇ ਨਾਮ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਹਿਮਾਚਲ, ਕੇਰਲ, ਮੇਘਾਲਿਆ, ਮਿਜ਼ੋਰਮ, ਨਗਾਲੈਂਡ, ਪੰਜਾਬ, ਸਿਕੱਮ, ਤੇਲੰਗਾਨਾ, ਤਮਿਲਨਾਡੂ, ਉਤਰਾਖੰਡ, ਅੰਡੇਮਾਨ-ਨਿਕੋਬਾਰ, ਦਾਦਰਾ ਨਗਰ ਹਵੇਲੀ, ਦਮਨ ਐਂਡ ਦੀਵ, ਲਕਸ਼ਦੀਪ, ਦਿੱਲੀ, ਪਾਂਡੁਚੇਰੀ, ਚੰਡੀਗੜ੍ਹ।
ਦੋ ਪੜਾਵਾਂ ਦੌਰਾਨ ਕਰਨਾਟਕ, ਮਣੀਪੁਰ, ਰਾਜਸਥਾਨ, ਤ੍ਰਿਪੁਰਾ।
ਤਿੰਨ ਪੜਾਵਾਂ ਦੌਰਾਨ ਅਸਮ, ਛਤੀਸਗੜ੍ਹ।
ਚਾਰ ਪੜਾਵਾਂ ਦੌਰਾਨ ਝਾਰਖੰਡ, ਮੱਧਪ੍ਰਦੇਸ਼, ਮਹਾਰਾਸ਼ਟਰ ਉਡੀਸਾ।
ਪੰਜ ਪੜਾਵਾਂ ਦੌਰਾਨ ਜੰਮੂ ਕਸ਼ਮੀਰ।
ਸੱਤ ਪੜਾਵਾਂ ਦੌਰਾਨ ਬਿਹਾਰ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਇਸ ਵਾਰ ਲੋਕਸਭਾ ਚੋਣਾਂ ਵਿਚ ਕੁੱਲ 90 ਕਰੋੜ ਵੋਟਰ ਹੋਣਗੇ। ਲੋਕਸਭਾ ਚੋਣਾਂ ਦੇ ਲਈ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਅਰੋੜਾ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਫਾਰਮ 26 ਵਿਚਲੀਆਂ ਸਾਰੀਆਂ ਜਾਣਕਾਰੀਆਂ ਨਹੀਂ ਭਰਦਾ ਤਾਂ ਉਸਦੀ ਨਾਮਜ਼ਦਗ਼ੀ ਰੱਦ ਹੋ ਜਾਵੇਗੀ। ਨਾਲ ਹੀ ਬਿਨਾਂ ਪੈਨ ਕਾਰਡ ਵਾਲੇ ਉਮੀਦਵਾਰਾਂ ਦੀ ਨਾਮਜ਼ਦਗ਼ੀ ਰੱਦ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਬਾਰੇ ਕੋਈ ਭਰਮ ਪੈਦਾ ਨਾ ਹੋਵੇ ਇਸ ਲਈ ਈਵੀਐਮ ਮਸ਼ੀਨ ‘ਤੇ ਉਮੀਦਵਾਰਾਂ ਦੀ ਫੋਟੋ ਵੀ ਦਿਸੇਗੀ।