ਇਸਲਾਮਾਬਾਦ-ਪਾਕਿਸਤਾਨ ਨੇ ਭਾਰਤ ਅਤੇ ਫਰਾਂਸ ਵਿਚਕਾਰ ਹੋਏ ਪ੍ਰਮਾਣੂ ਸਮਝੌਤੇ ਨੂੰ ਦੱਖਣ ਏਸ਼ੀਆ ਦੇ ਲਈ ਖ਼ਤਰਾ ਦਸਦੇ ਹੋਏ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਬਾਸਿਤ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਵਿਚਕਾਰ ਪ੍ਰਮਾਣੂ ਸਮਝੌਤੇ ਨਾਲ ਦੱਖਣ ਏਸ਼ੀਆ ਦੇ ਵੱਖ ਵੱਖ ਦੇਸ਼ਾਂ ਦੇ ਸੰਤੁਲਨ ‘ਤੇ ਨਕਾਰਾਤਮਕ ਅਸਰ ਪਵੇਗਾ।
ਅਬਦੁਲ ਬਾਸਿਤ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਹੋ ਜਿਹੇ ਸਮਝੌਤੇ ਸ਼ਾਂਤੀ ਲਈ ਹੋ ਰਹੇ ਯਤਨਾਂ ਨੂੰ ਨਾ ਸਿਰਫ਼ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਖੇਤਰ ਵਿਚ ਅਸੰਤੁਲਨ ਪੈਦਾ ਕਰਦੇ ਹਨ, ਜਿਸ ਨਾਲ ਦੁਨੀਆਂ ਦੀ ਸ਼ਾਂਤੀ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਜਿ਼ਕਰਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਰਕੋਜ਼ੀ ਨੇ ਬੀਤੇ ਸੋਮਵਾਰ ਨੂੰ ਦਿੱਲੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਾਲ ਇਕ ਪ੍ਰਮਾਣੂ ਸਮਝੌਤਾ ਕੀਤਾ ਸੀ ਜਿਸ ਅਨੁਸਾਰ ਫ਼ਰਾਂਸ ਭਾਰਤ ਨੂੰ ਦੋ ਪ੍ਰਮਾਣੂ ਰਿਐਕਟਰ ਦੇਵੇਗਾ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਸਕੱਤਰ ਜੀ ਕੇ ਪਿਲੱਈ ਦੇ ਬਿਆਨ ਨੂੰ ਵੀ ਭੁਲੇਖੇ ਪੈਦਾ ਕਰਨ ਵਾਲਾ ਬਿਆਨ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸੰਜ਼ੀਦਗ਼ੀ ਨਾਲ ਇਸ ਮੁਕਦਮੇ ਦੀ ਪੈਰਵੀ ਕਰ ਰਿਹਾ ਹੈ। ਪਿਲੱਈ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਮੁੰਬਈ ਹਮਲਿਆਂ ਦੇ ਮੁਕਦਮੇ ਦੀ ਕਾਰਵਾਈ ਸਬੰਧੀ ਪਾਕਿਸਤਾਨ ਸਿਰਫ਼ ਦਿਖਾਵਾ ਕਰ ਰਿਹਾ ਹੈ।
ਭਾਰਤ-ਫਰਾਂਸ ਸਮਝੌਤੇ ਨੂੰ ਪਾਕਿ ਨੇ ਦਸਿਆ ਸ਼ਾਂਤੀ ਲਈ ਖ਼ਤਰਾ
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.