ਅੱਜ ਦਸੰਬਰ ਮਹੀਨੇ ਦੀ 15 ਤਾਰੀਕ ਦਾ ਦਿਨ ਸੀ। ਪਿੰਡ ਦੇ ਗੁਰਦੁਆਰੇ ਅੱਗੇ ਕਾਫੀ ਲੋਕ ਨਿੱਘੀ ਧੁੱਪ ਵਿਚ ਕਿਸੇ ਜੋਸ਼ ਵਿਚ ਖੜੇ ਸਨ ਅਤੇ ਵਾਰ ਵਾਰ ਬੋਲੇ ਸੋ ਨਿਹਾਲ ਦਾ ਜੈਕਾਰੇ ਛੱਡ ਰਹੇ ਸਨ। ਪੱਚੀਆਂ ਬੰਦਿਆ ਦਾ ਜੱਥਾ ਅੰਮ੍ਰਤਿਸਰ ਵੱਲ ਨੂੰ ਰਵਾਨਾ ਹੋ ਰਿਹਾ ਸੀ। ਇੰਦਰ ਸਿੰਘ ਸਫੈਦ ਨਵੇਂ ਕੁੜਤੇ ਪਜਾਮੇ ਅਤੇ ਨੀਲੀ ਜੈਕਟ ਵਿਚ ਸਜਿਆ ਪਿਆ ਸੀ। ਨੀਲੀ ਪੱਗ ਅਤੇ ਕਰੀਮ ਰੰਗ ਦੀ ਲੋਈ ਮੋਢਿਆਂ ਤੇ ਰੱਖੀ ਕਿਸੇ ਲੀਡਰ ਨਾਲੋ ਘੱਟ ਨਹੀ ਸੀ ਨਜ਼ਰ ਆ ਰਿਹਾ। ਗ੍ਰੰਥੀ ਸਾਹਿਬ ਨੇ ਅਕਾਲ ਪੁਰਖ ਅਤੇ ਗੁਰੂ ਸਹਿਬਾਨਾਂ ਅੱਗੇ ਕੌਮ ਦੀ ਚੜ੍ਹਦੀ ਕਲਾ ਅਤੇ ਜੱਥੇ ਦੀ ਰਵਾਨਗੀ ਲਈ ਅਰਦਾਸ ਕੀਤੀ। ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਿਆ ਇਹ ਦੋਹਰਾ ਪੜਿਆ,
ਵਾਹ ਪ੍ਰਗਟਿਉ ਮਰਦ ਅਗੰਮੜਾ, ਵਰਿਆਮ ਅਕੇਲਾ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਅਰਦਾਸ ਨੇ ਉਦਾਸ ਚੇਹਰਿਆਂ ਦੀ ਉਦਾਸੀ ਉਡਾ ਦਿੱਤੀ ਅਤੇ ਕਿਸੇ ਜੋਸ਼ ਭਰੀ ਆਸ ਨਾਲ ਭਰ ਦਿੱਤਾ। ਜੱਥੇ ਵਿਚ ਜਾਣ ਵਾਲਿਆਂ ਦੇ ਪਰਿਵਾਰ ਵੀ ਜੈਕਾਰੇ ਛੱਡਣ ਵਾਲਿਆ ਵਿਚ ਜਾ ਸ਼ਾਮਿਲ ਹੋਏ। ਜਾਣ ਤੋਂ ਪਹਿਲਾਂ ਆਪਣੇ ਆਪਣੇ ਪਰਿਵਾਰਾਂ ਨੂੰ ਸੁਨੇਹੇ ਦੇ ਰਹੇ ਸਨ, “ਗੰਨੇ ਟੈਮ ਨਾਲ ਮਿੱਲ ਤੇ ਸੁੱਟ ਦਿਉ, ਖੇਤਾ ਨੂੰ ਰੌਣੀ ਕਰਕੇ ਕਣਕ ਬੀਜਿਉ।” ਇੰਦਰ ਸਿੰਘ ਨੇ ਵੀ ਮੁਖਤਿਆਰ ਨੂੰ ਕਿਹਾ, “ਦੀਪੀ ਦੇ ਵਿਆਹ ਦੀ ਸਲਾਹ ਮੁੰਡੇ ਵਾਲਿਆਂ ਨਾਲ ਛੇਤੀ ਕਰ ਲਈਂ। ਮੈਂ ਤਾਂ ਸੋਚਦਾ ਸਾਂ ਕਿ ਹਾੜੀ ਦੀ ਫਸਲ ਚੁੱਕ ਕੇ ਵਿਆਹ ਕਰ ਦਈਏ।”
“ਕੋਈ ਨਹੀਂ, ਆਪਾਂ ਮੁੰਡੇ ਵਾਲਿਆਂ ਨਾਲ ਗਲ ਕਰਕੇ ਦੇਖ ਲਵਾਂਗੇ।” ਮੁਖਤਿਆਰ ਨੇ ਕਿਹਾ, “ਤੁਸੀਂ ਕਿਸੇ ਗੱਲ ਦਾ ਫਿਕਰ ਨਾਂ ਕਰਨਾ।”
“ਆਪਣੀ ਬੀਬੀ ਨੂੰ ਵੀ ਸਮਝਾ ਦਿਉ ਕਿ ਮੈਂ ਜੱਥੇ ਵਿਚ ਕਿਉਂ ਜਾ ਰਿਹਾ ਹਾਂ ਅਤੇ ਉਸ ਦਾ ਖਿਆਲ ਚੰਗੀ ਤਰ੍ਹਾਂ ਰੱਖਿਉ।”
“ਭਾਪਾ ਜੀ, ਡੈਡੀ ਨੇ ਤਹਾਨੂੰ ਦੱਸਿਆ ਹੈ ਨਾਂ, ਕਿ ਤੁਸੀਂ ਅਰਾਮ ਨਾਲ ਜੱਥੇ ਨਾਲ ਜਾਉ।” ਕੋਲ ਹੀ ਖਲੋਤੀ ਦੀਪੀ ਨੇ ਕਿਹਾ,
“ਬੀਬੀ ਜੀ ਦਾ ਫਿਕਰ ਨਾਂ ਕਰੋ, ਮੈਂ ਉਹਨਾ ਨਾਲ ਗੱਲ ਕੀਤੀ ਸੀ ਉਹ ਠੀਕ ਨੇਂ।”
ਜੱਥੇ ਨੂੰ ਤੋਰ ਕੇ ਪਿੰਡ ਵਾਸੀ ਆਪਣੇ ਆਪਣ ਕੰਮਾਂ ਵੱਲ ਨੂੰ ਤੁਰ ਪਏ। ਕਈ ਖੇਤਾਂ ਵੱਲ ਨੂੰ ਚੱਲ ਪਏ ਅਤੇ ਕਈ ਘਰਾਂ ਨੂੰ ਮੁੜ ਗਏ।