ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬਾ ਅਤੇ ਸਰਹੱਦੀ ਸਿੱਖ ਵਸੋਂ ਵਾਲੇ ਇਲਾਕੇ ਜਿਥੇ ਸਿੱਖ ਵਸੋਂ ਵੱਸਦੀ ਹੈ, ਉਸਨੂੰ ਜੰਗ ਵਰਗੇ ਖ਼ਤਰਨਾਕ ਸ਼ਬਦ ਅਤੇ ਅਮਲ ਤੋਂ ਦੂਰ ਰੱਖਣ ਲਈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹੀ ਦ੍ਰਿੜਤਾਂ ਨਾਲ ਸਟੈਂਡ ਲੈਦੀ ਆ ਰਹੀ ਹੈ । ਜਦੋਂਕਿ ਕਾਂਗਰਸ, ਬੀਜੇਪੀ ਅਤੇ ਇਨ੍ਹਾਂ ਦੇ ਸਹਿਯੋਗੀ ਬਾਦਲ ਦਲੀਏ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਲਈ ਜੰਗ ਦੀ ਗੱਲ ਨੂੰ ਭੜਕਾਉਦੇ ਹਨ । ਇਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹ ਕਹਿਕੇ ਕਿ 42 ਸੀ.ਆਰ.ਪੀ.ਐਫ. ਦੇ ਜਵਾਨ ਮਾਰੇ ਜਾਣ ਤੇ ਅਸੀਂ 84 ਮਾਰਾਂਗੇ, ਦੀ ਬਿਆਨਬਾਜੀ ਕਰਕੇ ਕੇਵਲ ਮਨੁੱਖਤਾ ਵਿਰੋਧੀ ਅਮਲ ਹੀ ਨਹੀਂ ਕਰ ਰਹੇ, ਬਲਕਿ ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆਂ ਦੀਆਂ ਕੀਮਤੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੀਆਂ ਕਾਰਵਾਈਆ ਕਰ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਦੇ ਪੰਜਾਬ ਸੂਬੇ ਅਤੇ ਮਨੁੱਖਤਾ ਪੱਖੀ ਜੰਗ ਦੇ ਵਿਰੁੱਧ ਨਿਰੰਤਰ ਦ੍ਰਿੜਤਾ ਨਾਲ ਲੈਦੇ ਆਏ ਸਟੈਂਡ ਦੀ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਵੋਟ ਬੈਂਕ ਦੀ ਸਵਾਰਥੀ ਨੀਤੀ ਅਧੀਨ ਜੰਗ ਦੀਆਂ ਗੱਲਾਂ ਨੂੰ ਭੜਕਾਉਣ ਦੀਆਂ ਕਾਰਵਾਈਆ ਦੀ ਪੁਰਜੋਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਾ ਤਾਂ ਸ੍ਰੀ ਮੋਦੀ ਨੇ ਮੁਲਕ ਨਿਵਾਸੀਆਂ ਨਾਲ ਕੀਤੇ ਵਾਅਦੇ 2 ਕਰੌੜ ਨੌਕਰੀਆਂ ਦੇਣ ਅਤੇ ਹਰ ਇੰਡੀਅਨ ਨਾਗਰਿਕ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਨ, ਬਾਹਰਲੇ ਮੁਲਕਾਂ ਵਿਚ ਕਰੋੜਾਂ-ਅਰਬਾਂ ਦੇ ਕਾਲੇ ਧਨ ਨੂੰ ਵਾਪਿਸ ਲਿਆਉਣ ਅਤੇ ਇਥੇ ਰਿਸ਼ਵਤਖੋਰੀ ਨੂੰ ਖ਼ਤਮ ਕਰਕੇ ਸੰਪੂਰਨ ਰੂਪ ਵਿਚ ਅਮਨ-ਚੈਨ ਕਾਇਮ ਕਰਨ ਦੇ ਵਾਅਦੇ ਪੂਰੇ ਨਹੀਂ ਕੀਤੇ । ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਹਰ ਨਿਵਾਸੀ ਨੂੰ ਸਮਾਰਟ ਫੋਨ, ਘਰ-ਘਰ ਨੌਕਰੀ, ਕਿਸਾਨਾਂ ਦੇ ਕਰਜੇ ਖ਼ਤਮ ਕਰਨ, ਡਰੱਗ ਮਾਫ਼ੀਆ ਅਤੇ ਰੇਤ ਮਾਫੀਆ ਦਾ ਅੰਤ ਕਰਨ ਅਤੇ ਰਿਸ਼ਵਤਖੋਰੀ ਨੂੰ ਬੰਦ ਕਰਨ ਆਦਿ ਵਾਅਦੇ ਵੀ ਪੂਰੇ ਨਹੀਂ ਕੀਤੇ ।
ਇਥੋਂ ਤੱਕ ਮੋਦੀ ਹਕੂਮਤ ਨੇ ਪਾਕਿਸਤਾਨ ਤੋਂ ਆਉਣ-ਜਾਣ ਵਾਲੀਆ ਵਸਤਾਂ ਉਤੇ 200% ਟੈਕਸ ਲਗਾਕੇ, ਜੀ.ਐਸ.ਟੀ. ਵਧਾਕੇ ਅਤੇ ਨੋਟਬੰਦੀ ਕਰਕੇ ਇਥੋਂ ਦੇ ਵਪਾਰੀ, ਟਰਾਸਪੋਰਟਰ, ਜਿ਼ੰਮੀਦਾਰ, ਖੇਤ ਅਤੇ ਇੰਡਸਟਰੀ ਮਜ਼ਦੂਰ ਦੀ ਮਾਲੀ ਹਾਲਤ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਇਥੋਂ ਦੀ ਇਕੋਨੋਮੀ ਦਾ ਭੱਠਾ ਬਿਠਾ ਦਿੱਤਾ ਹੈ । ਸ੍ਰੀ ਮੋਦੀ ਦੀ ਹਕੂਮਤ ਨੂੰ 5 ਸਾਲ ਹੋ ਗਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇ 2 ਸਾਲ ਬੀਤ ਚੁੱਕੇ ਹਨ । ਦੋਵਾਂ ਵੱਲੋਂ ਜੰਗ ਦੀ ਗੱਲ ਨੂੰ ਭੜਕਾ ਕੇ ਕ੍ਰਮਵਾਰ ਇੰਡੀਆਂ ਅਤੇ ਪੰਜਾਬ ਦੀਆਂ ਚੋਣਾਂ ਜਿੱਤਣ ਦੀ ਗੱਲ ਕਰਕੇ ਅਰਾਜਕਤਾ ਪੈਦਾ ਕੀਤੀ ਜਾ ਰਹੀ ਹੈ । ਰੂਲ ਆਫ਼ ਲਾਅ ਨਾਮ ਦੀ ਸੈਅ ਕਿਤੇ ਨਜ਼ਰ ਨਹੀਂ ਆਉਦੀ । ਮੋਦੀ ਦੇ ਸੀਨੀਅਰ ਵਜ਼ੀਰ ਸ੍ਰੀ ਜੇਟਲੀ ਵਰਗਿਆ ਨੂੰ ਇੰਡੀਆ ਦੇ ਹਸਪਤਾਲਾਂ ਅਤੇ ਡਾਕਟਰਾਂ ਉਤੇ ਭਰੋਸਾ ਹੀ ਨਹੀਂ, ਜੋ ਆਪਣਾ ਇਲਾਜ ਅਮਰੀਕਾ ਕਰਵਾਉਣ ਜਾਂਦੇ ਹਨ । ਜਦੋਂ ਇਨ੍ਹਾਂ ਨੂੰ ਆਪਣੇ ਮੈਡੀਕਲ ਪ੍ਰਬੰਧ ਉਤੇ ਹੀ ਵਿਸ਼ਵਾਸ ਨਹੀਂ, ਫਿਰ ਇਹ ਆਪਣੀ ਫ਼ੌਜ ਉਤੇ ਕਿਵੇਂ ਵਿਸ਼ਵਾਸ ਬਣਾ ਸਕਣਗੇ ? ਬਾਲਾਕੋਟ ਵਿਖੇ ਕੀਤੇ ਗਏ ਸਰਜੀਕਲ ਲਈ ਇਨ੍ਹਾਂ ਨੇ ਫ਼ੌਜ ਦੇ ਨਿਯਮਾਂ ਅਨੁਸਾਰ ਫ਼ੌਜੀ ਜਰਨੈਲਾਂ ਨੂੰ ਵਿਸ਼ਵਾਸ ਵਿਚ ਹੀ ਨਹੀਂ ਲਿਆ ਅਤੇ ਦੂਸਰੇ ਮੁਲਕ ਨਾਲ ਜੰਗ ਵਰਗੇ ਹਾਲਾਤ ਪੈਦਾ ਕਰਨ ਦਾ ਮਨੁੱਖਤਾ ਵਿਰੋਧੀ ਫੈਸਲਾ ਆਪਣੇ ਸਵਾਰਥੀ ਹਿੱਤਾ ਲਈ ਕੀਤਾ ।