ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਣਕ ਖੋਜ ਵਿੱਚ ਵਿਸ਼ਵ ਪ੍ਰਸਿੱਧੀ ਹਾਸਿਲ ਕਰਨ ਕਾਰਨ ਹੁਣ ਇਸ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਕੇਂਦਰ ਨੂੰ ਭਾਰਤ ਸਰਕਾਰ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ 34.56 ਕਰੋੜ ਦੇ ਖੋਜ ਪ੍ਰੋਜੈਕਟ ਵਿਚੋਂ 18.33 ਕਰੋੜ ਰੁਪਏ ਦਾ ਹਿੱਸਾ ਹਾਸਿਲ ਹੋਇਆ ਹੈ। ਪੂਰੇ ਪ੍ਰੋਜੈਕਟ ਦਾ ਕਾਰਜ 4 ਸਾਲਾਂ ਵਿੱਚ ਨੇਪਰੇ ਚਾੜਨ ਲਈ ਕੌਮੀ ਪਲਾਂਟ ਬਾਇਓ ਟੈਕਨਾਲੋਜੀ ਖੋਜ ਕੇਂਦਰ ਨਵੀਂ ਦਿੱਲੀ ਅਤੇ ਦਿੱਲੀ ਯੂਨੀਵਰਸਿਟੀ ਸਾਊਥ ਕੈਂਪਸ, ਦਿੱਲੀ ਨੂੰ ਇਸ ਵਿੱਚ ਭਾਈਵਾਲ ਬਣਾਇਆ ਗਿਆ ਹੈ। ਸਮੁੱਚੇ ਖੋਜ ਪ੍ਰੋਜੈਕਟ ਦਾ ਮੁੱਖ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਵੇਗਾ ਅਤੇ ਅੰਤਰ ਰਾਸ਼ਟਰੀ ਤਾਲਮੇਲ ਦੀ ਜਿੰਮੇਂਵਾਰੀ ਵੀ ਇਸੇ ਯੂਨੀਵਰਸਿਟੀ ਦੀ ਲਗਾਈ ਗਈ ਹੈ।
ਪ੍ਰੈਸ ਕਾਨਫਰੰਸ ਵਿੱਚ ਅੱਜ ਇਹ ਜਾਣਕਾਰੀ ਦਿੰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ : ਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਕਣਕ ਖੋਜ ਵਿੱਚ ਮਾਲੀਕਿਊਲਰ ਬਾਇਓਆਲੋਜੀ ਰਾਹੀਂ ਕਣਕ ਦੇ ਅਨੁਵੰਸ਼ਕੀ ਗੁਣ ਜਾਨਣ ਅਤੇ ਪਛਾਨਣ ਲਈ ਇਹ ਖੋਜ ਪ੍ਰੋਜੈਕਟ ਯਕੀਨਨ ਮਾਨਵਤਾ ਦੀ ਸੇਵਾ ਵਿੱਚ ਵੱਡੀਆਂ ਪੁਲਾਘਾਂ ਪੁੱਟੇਗਾ ਕਿਉਂਕਿ ਵਿਸ਼ਵ ਭਰ ਵਿੱਚ ਕਣਕ ਨਾਲ ਸਬੰਧਿਤ ਆਰਥਿਕਤਾ ਸਭ ਤੋਂ ਬਲਵਾਨ ਹੈ ਅਤੇ ਸਾਲ 2000 ਤੋਂ ਬਾਅਦ ਸਮੁੱਚੇ ਵਿਸ਼ਵ ਵਿੱਚ ਕਣਕ ਦਾ ਝਾੜ ਇਕ ਖਾਸ ਪੱਧਰ ਤੋਂ ਉੱਪਰ ਨਹੀਂ ਜਾ ਸਕਿਆ। ਡੀ ਐਨ ਏ ਪਛਾਣ ਰਾਹੀਂ ਉਨ੍ਹਾਂ ਕਿਸਮਾਂ ਅਤੇ ਜ਼ੀਨਜ਼ ਦੀ ਨਿਸ਼ਾਨਦੇਹੀ ਕੀਤੀ ਜਾ ਸਕੇਗੀ ਜਿਹੜੀਆਂ ਕਣਕ ਦਾ ਝਾੜ ਵਧਾਉਣ ਅਤੇ ਮਿਆਰ ਸੁਧਾਰਨ ਵਿੱਚ ਜਿੰਮੇਂਵਾਰੀ ਸਮਝੀਆਂ ਜਾਣਗੀਆਂ। ਡਾ: ਕੰਗ ਨੇ ਦੱਸਿਆ ਕਿ ਕਣਕ ਬੜੀ ਗੁੰਝਲਦਾਰ ਫ਼ਸਲ ਹੈ ਅਤੇ ਕਣਕ ਦੇ 17000 ਮਿਲੀਅਨ ਮੂਲ ਜੋੜੇ ਡੀ ਐਨ ਏ ਹਨ ਜਿਹੜੇ ਝੋਨੇ ਦੇ ਅਨੁਵੰਸ਼ਕੀ ਤੱਤਾਂ ਨਾਲ 40 ਗੁਣਾਂ ਵਧੇਰੇ ਅਤੇ ਮਨੁੱਖ ਦੇ ਅਨੁਵੰਸ਼ਕੀ ਤੱਤਾਂ ਨਾਲੋਂ 5 ਗੁਣਾਂ ਵੱਡੇ ਹਨ। ਇਸ ਖੋਜ ਦਾ ਮਨੋਰਥ ਵੱਖ-ਵੱਖ ਦੇਸ਼ਾਂ ਵਿੱਚ ਹੋ ਰਹੀ ਖੋਜ ਦਾ ਆਪਸੀ ਤਾਲਮੇਲ ਕਰਕੇ ਮਾਨਵ ਹਿਤੈਸ਼ੀ ਨਤੀਜੇ ਕੱਢਣਾ ਹੈ। ਉਨ੍ਹਾਂ ਦੱਸਿਆ ਕਿ ਇਸ ਬਹੁ ਦੇਸ਼ੀ ਕੋਸ਼ਿਸ਼ ਨੂੰ ਅੰਤਰ ਰਾਸ਼ਟਰੀ ਕਣਕ ਅਨੁਵੰਸ਼ਕੀ ਪਛਾਣ ਕੰਸ਼ੋਰਸ਼ੀਅਮ ਦੀ ਦੇਖਰੇਖ ਹੇਠ ਹੀ ਨੇਪਰੇ ਚਾੜਿਆ ਜਾਵੇਗਾ। ਡਾ: ਕੰਗ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਣਕ ਦੇ ਕਰੋਮੋਸੋਮ 2 ਏ ਦੀ ਪਛਾਣ ਲਈ ਭਾਰਤ ਸਥਿਤ 2 ਹੋਰ ਸੰਸਥਾਵਾਂ ਕੌਮੀ ਬਾਇਓ ਟੈਕਨਾਲੋਜੀ ਖੋਜ ਕੇਂਦਰ ਅਤੇ ਦਿੱਲੀ ਯੂਨੀਵਰਸਿਟੀ ਸਾਊਥ ਕੈਂਪਸ, ਨਵੀਂ ਦਿੱਲੀ ਦਾ ਵੀ ਸਹਿਯੋਗ ਲਵੇਗੀ। ਇਨ੍ਹਾਂ ਤਿੰਨੋਂ ਸੰਸਥਾਵਾਂ ਨੂੰ ਭਾਰਤ ਸਰਕਾਰ ਦੇ ਬਾਇਓ ਟੈਕਨਾਲੋਜੀ ਮਹਿਕਮੇ ਨੇ ਇਹ ਖੋਜ ਰਾਸ਼ੀ ਦਿੱਤੀ ਹੈ। ਡਾ: ਕੰਗ ਨੇ ਦੱਸਿਆ ਕਿ ਭਾਰਤ ਵਿਸ਼ਵ ਵਿੱਚ ਦੂਜੇ ਨੰਬਰ ਦਾ ਕਣਕ ਉਤਪਾਦਕ ਹੈ ਅਤੇ ਇਹ ਖੋਜ ਯਕੀਨਨ ਭਾਰਤ ਦੀ ਸਥਿਤੀ ਕਣਕ ਖੋਜ ਅਤੇ ਵਿਕਾਸ ਉਪਰੰਤ ਉਤਪਾਦਨ ਵਿੱਚ ਸੁਧਾਰੇਗੀ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਏ ਵਿਸ਼ਵ ਖੁਰਾਕ ਪੁਰਸਕਾਰ ਵਿਜੇਤਾ ਅਤੇ ਝੋਨੇ ਦੀ ਖੋਜ ਦੇ ਪਿਤਾਮਾ ਡਾ: ਗੁਰਦੇਵ ਸਿੰਘ ਖੁਸ਼ ਨੇ ਏਨਾ ਵੱਡਾ ਖੋਜ ਪ੍ਰੋਜੈਕਟ ਮਿਲਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਪ੍ਰੋਜੈਕਟ ਦੇ ਆਉਣ ਨਾਲ ਉਨ੍ਹਾਂ ਦਾ ਚਿਰਾਂ ਪੁਰਾਣਾ ਸੁਪਨਾ ਪੂਰਾ ਹੋਇਆ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਵਿਸ਼ਵ ਪੱਧਰ ਤੇ ਵਿਗਿਆਨਕ ਆਦਾਨ ਪ੍ਰਦਾਨ ਬਗੈਰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਅੰਤਰ ਰਾਸ਼ਟਰੀ ਸੂਝਬੂਝ ਬਗੈਰ ਏਡੇ ਵੱਡੇ ਪ੍ਰੋਜੈਕਟ ਨੂੰ ਯੋਗ ਅਗਵਾਈ ਦੇ ਸਕਣਾ ਡਾ: ਮਨਜੀਤ ਸਿੰਘ ਕੰਗ ਦੀ ਸਮਰੱਥਾ ਹੀ ਹੈ। ਡਾ. ਖੁਸ਼ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਪ੍ਰੋਜੈਕਟ ਦੇ ਮਿਲਣ ਨਾਲ ਤਿੰਨ ਖੁਸ਼ੀਆਂ ਹੋਈਆਂ ਹਨ ਇਕ ਤਾਂ ਉਨ੍ਹਾਂ ਦੀ ਉਸ ਸੰਸਥਾ ਨੂੰ ਇਹ ਮਾਣ ਮਿਲਿਆ ਹੈ ਜਿਥੇ ਉਹ ਪੜ੍ਹੇ ਹਨ, ਦੂਜੀ ਖੁਸ਼ੀ ਇਹ ਹੈ ਕਿ ਉਨ੍ਹਾਂ ਦੇ ਦੋ ਵਿਦਿਆਰਥੀਆਂ ਡਾ. ਕੁਲਦੀਪ ਸਿੰਘ ਅਤੇ ਡਾ. ਨਵਤੇਜ ਸਿੰਘ ਬੈਂਸ ਨੇ ਇਸ ਪ੍ਰੋਜੈਕਟ ਦੀ ਅਗਵਾਈ ਕਰਨੀ ਹੈ ਅਤੇ ਤੀਸਰੀ ਖੁਸ਼ੀ ਇਹ ਹੈ ਕਿ ਉਨ੍ਹਾਂ ਦੇ ਮਿੱਤਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਦੀ ਯੋਗਤਾ ਕਾਰਨ ਇਹ ਪ੍ਰੋਜੈਕਟ ਪੰਜਾਬ ਨੂੰ ਮਿਲਿਆ ਹੈ। ਡਾ: ਖੁਸ਼ ਨੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਹੈ ਕਿ ਉਨ੍ਹਾਂ ਦੇ ਖੋਜ ਅਦਾਰੇ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਕੰਮ ਕਰਨ ਲਈ ਭਾਰਤ ਸਰਕਾਰ ਦੇ ਬਾਇਓ ਟੈਕਨਾਲੋਜੀ ਮਹਿਕਮੇ ਨੇ ਏਡੇ ਵੱਡੀ ਰਕਮ ਅਤੇ ਜਿੰਮੇਂਵਾਰੀ ਸੌਂਪੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਇਓ ਟੈਕਨਾਲੋਜੀ ਮਾਹਿਰ ਡਾ: ਸਤਬੀਰ ਸਿੰਘ ਗੋਸਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੋਜ ਕਾਰਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਾਇਓ ਟੈਕਨਾਲੋਜੀ ਕੇਂਦਰ ਵਿੱਚ ਨਿਰਦੇਸ਼ਕ ਡਾ: ਕੁਲਦੀਪ ਸਿੰਘ ਨੂੰ ਮੁੱਖ ਵਿਸ਼ਲੇਸ਼ਣਕਾਰ ਥਾਪਿਆ ਗਿਆ ਹੈ ਜਦ ਕਿ ਡਾ: ਪ੍ਰਵੀਨ ਛੁਨੇਜਾ, ਡਾ: ਨਵਤੇਜ ਸਿੰਘ ਬੈਂਸ, ਡਾ: ਯੋਗੇਸ਼ ਵਿਕਲ ਅਤੇ ਡਾ: ਓ ਪੀ ਗੁਪਤਾ ਸਹਿਯੋਗੀ ਵਿਸ਼ਲੇਸ਼ਣਕਾਰ ਹੋਣਗੇ। ਡਾ: ਗੋਸਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮਿਲਣ ਨਾਲ ਯੂਨੀਵਰਸਿਟੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ 21ਵੀਂ ਸਦੀ ਦੀਆਂ ਖੁਰਾਕ ਲੋੜਾਂ ਪੂਰੀਆਂ ਕਰਨ ਵਾਲੀ ਸੰਸਥਾ ਵਜੋਂ ਹੋਰ ਪੱਕੀ ਪਛਾਣ ਮਿਲੇਗੀ ਕਿਉਂਕਿ ਇਸ ਪ੍ਰੋਜੈਕਟ ਰਾਹੀਂ ਹੋਣ ਵਾਲੀ ਖੋਜ ਨਾਲ ਕਣਕ ਬਰੀਡਰਾਂ, ਕਿਸਮਾਂ ਸੁਧਾਰਕਾਂ ਅਤੇ ਬਾਇਓ ਟੈਕਨਾਲੋਜੀ ਮਾਹਿਰਾਂ ਨੂੰ ਨਵੀਂ ਖੋਜ ਦਿਸ਼ਾ ਹਾਸਿਲ ਹੋਵੇਗੀ। ਇਸ ਬਾਰੀਕੀ ਵਾਲੀ ਤਕਨਾਲੋਜੀ ਦੇ ਇਸ ਯੂਨੀਵਰਸਿਟੀ ਵਿੱਚ ਆਉਣ ਨਾਲ ਖੋਜ ਨੂੰ ਨਵੀਂ ਬਾਰੀਕੀ ਅਤੇ ਵਿਗਿਆਨੀਆਂ ਨੂੰ ਵੀ ਸੁਯੋਗ ਅਗਵਾਈ ਹਾਸਿਲ ਹੋ ਸਕੇਗੀ।
ਬਾਇਓ ਟੈਕਨਾਲੋਜੀ ਕੇਂਦਰ ਨੂੰ ਸਰਕਾਰ ਵੱਲੋਂ 18.33 ਕਰੋੜ ਦਾ ਖੋਜ ਪ੍ਰੋਜੈਕਟ ਮਿਲਿਆ
This entry was posted in ਖੇਤੀਬਾੜੀ.