ਲੁਧਿਆਣਾ:- ਮਾਸਕੋ ਸਟੇਟ ਯੂਨੀਵਰਸਿਟੀ ਰੂਸ ਤੋਂ ਆਏ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਡਾ: ਪਾਵੇਲ ਸਾਰੋਕਿਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ: ਐਮ ਐਸ ਸਵਾਮੀਨਾਥਨ ਪਾਰਕ ਵਿੱਚ ਕਚਨਾਰ ਦਾ ਬੂਟਾ ਲਾਉਂਦਿਆਂ ਕਿਹਾ ਹੈ ਕਿ ਇਹ ਬੂਟੇ ਦੋਸਤੀ ਦੇ ਪ੍ਰਤੀਕ ਹਨ ਅਤੇ ਇਨ੍ਹਾਂ ਨੂੰ ਗਿਆਨ ਦਾ ਪਾਣੀ ਲਗਾਤਾਰ ਪਾਉਣ ਨਾਲ ਹੀ ਮਨੁੱਖਤਾ ਲਈ ਕਲਿਆਣਕਾਰੀ ਵਿਗਿਆਨ ਦੀ ਸਿਰਜਣਾ ਸੰਭਵ ਹੈ। ਉਨ੍ਹਾਂ ਆਖਿਆ ਕਿ ਹਿੰਦ-ਰੂਸ ਦੋਸਤੀ ਦੀ ਬੁਨਿਆਦ ਹੀ ਮਾਨਵ ਕਲਿਆਣ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖਾਂ ਦੀ ਸਲਾਮਤੀ ਵੀ ਸਾਡਾ ਸਾਂਝਾ ਏਜੰਡਾ ਹੈ। ਇਸ ਮੌਕੇ ਵਾਤਾਵਰਨ ਸੰਭਾਲਕਾਰ ਅਤੇ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਸ: ਨਰਿੰਦਰ ਸਿੰਘ ਨੰਦਾ, ਬਾਬਾ ਫਰੀਦ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਭਰੋਵਾਲ ਨੇ ਡਾ: ਸਾਰੋਕਿਨ ਦਾ ਸ਼ਹਿਰ ਵਾਸੀਆਂ ਵੱਲੋਂ ਸੁਆਗਤ ਕੀਤਾ। ਹੋਮ ਸਾਇੰਸ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਇਨ੍ਹਾਂ ਬੂਟਿਆਂ ਦੀ ਪਰਵਰਿਸ਼ ਦਾ ਅਹਿਦ ਕੀਤਾ ਕਿਉਂਕਿ ਇਸ ਪਾਰਕ ਵਿੱਚ ਮਹੱਤਵਪੂਰਨ ਵਿਅਕਤੀਆਂ ਦੇ ਹੱਥੋਂ ਹੀ ਬੂਟੇ ਲਗਵਾਏ ਜਾਂਦੇ ਹਨ।
ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਡਾ: ਸਾਰੋਕਿਨ ਨੂੰ ਤ੍ਰਿਵੈਣੀ ਦੇ ਰੁੱਖ ਵਿਖਾਏ ਜਿਥੇ ਬੋਹੜ, ਪਿੱਪਲ ਅਤੇ ਨਿੰਮ ਇਕੱਠੇ ਪਲ ਰਹੇ ਹਨ। ਉਨ੍ਹਾਂ ਦੱਸਿਆ ਕਿ ਤ੍ਰਿਵੈਣੀ ਸਦੀਆਂ ਤੋਂ ਵਾਤਾਵਰਨ ਸੰਭਾਲ ਦਾ ਪ੍ਰਤੀਕ ਹੈ।
ਇਸ ਉਪਰੰਤ ਡਾ: ਪਾਵੇਲ ਸਾਰੋਕਿਨ ਨੇ ਖੇਤੀ ਇੰਜੀਨੀਅਰਿੰਗ ਕਾਲਜ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਉਨ੍ਹਾਂ ਆਖਿਆ ਕਿ ਜਿਥੇ ਮਾਸਕੋ ਸਟੇਟ ਯੂਨੀਵਰਸਿਟੀ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕਾਲਜ ਨਾਲ ਵਿੱਦਿਆ ਦੇ ਖੇਤਰ ਵਿੱਚ ਆਪਸੀ ਆਦਾਨ ਪ੍ਰਦਾਨ ਦਾ ਅਹਿਦਨਾਮਾ ਹੈ ਉਥੇ ਇਸ ਅਹਿਦਨਾਮੇ ਨੂੰ ਹੁਣ ਵਿਸ਼ਾਲ ਆਧਾਰ ਦੇਣ ਦੀ ਲੋੜ ਹੈ ਅਤੇ ਇਸ ਨੂੰ ਖੋਜ ਤੀਕ ਵੀ ਵਧਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬਾਕੀ ਕਾਲਜਾਂ ਨਾਲ ਵੀ ਸਬੰਧ ਵਧਣੇ ਚਾਹੀਦੇ ਹਨ ਕਿਉਂਕਿ ਇਸ ਦਾ ਦੋਹਾਂ ਮੁਲਕਾਂ ਨੂੰ ਲਾਭ ਹੋਵੇਗਾ। ਇਸ ਮੌਕੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਪ੍ਰਤੀਨਿਧ ਵਜੋਂ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਮੀਟਿੰਗ ਵਿੱਚ ਸ਼ਾਮਿਲ ਹੋਏ। ਉਨ੍ਹਾਂ ਡਾ: ਸਾਰੋਕਿਨ ਵੱਲੋਂ ਦਿੱਤੀ ਪੇਸ਼ਕਸ਼ ਦੀ ਰੌਸ਼ਨੀ ਵਿੱਚ ਅੱਗੇ ਸਾਂਝ ਵਧਾਉਣ ਦੀ ਗੱਲ ਕਹੀ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਰਿਤਪਾਲ ਸਿੰਘ ਲੁਬਾਣਾ, ਇਸੇ ਕਾਲਜ ਦੇ ਕੋਆਰਡੀਨੇਟਰ ਖੋਜ ਅਤੇ ਪੰਜਾਬ ਖੇਤੀ ਇੰਜੀਨੀਅਰਾਂ ਦੀ ਸਭਾ ਦੇ ਪ੍ਰਧਾਨ ਇੰਜ: ਚਰਨਜੀਤ ਸਿੰਘ ਪਨੂੰ, ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਅਤੇ ਡਾ: ਵਿਸ਼ਾਲ ਬੈਕਟਰ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ। ਇਸ ਮੌਕੇ ਡਾ: ਸਾਰੋਕਿਨ ਨੂੰ ਖੇਤੀ ਇੰਜੀਨੀਅਰਾਂ ਦੀ ਪੰਜਾਬ ਇਕਾਈ ਵੱਲੋਂ ਇਸ ਦੇ ਪ੍ਰਧਾਨ ਚਰਨਜੀਤ ਸਿੰਘ ਪਨੂੰ ਅਤੇ ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀਆਂ ਨੇ ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ਦੋਸਤੀ ਦੇ ਬੂਟਿਆਂ ਨੂੰ ਗਿਆਨ ਦਾ ਪਾਣੀ ਲਗਾਤਾਰ ਪਾਈਏ-ਡਾ: ਪਾਵੇਲ ਸਾਰੋਕਿਨ
This entry was posted in ਖੇਤੀਬਾੜੀ.