ਫ਼ਤਹਿਗੜ੍ਹ ਸਾਹਿਬ – “ਸਭ ਤੋਂ ਪਹਿਲੇ ਅਹਿਮਦਸ਼ਾਹ ਅਬਦਾਲੀ ਨੇ ਉਸ ਅਕਾਲ ਪੁਰਖ ਦੇ ਘਰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫਿਰਕੂ ਮੰਦਭਾਵਨਾ ਅਧੀਨ ਹਮਲਾ ਕਰਕੇ ਢਹਿ-ਢੇਰੀ ਕੀਤਾ । ਉਸ ਉਪਰੰਤ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਵਿਰੋਧੀ ਭਾਵਨਾ ਨੂੰ ਲੈਕੇ 1984 ਵਿਚ ਬਲਿਊ ਸਟਾਰ ਆਪ੍ਰੇਸ਼ਨ ਰਾਹੀ ਫ਼ੌਜੀ ਹਮਲਾ ਕੀਤਾ । ਇਸ ਉਪਰੰਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜੈਕਟਿਵ ਕਮੇਟੀ ਦੇ ਮੈਬਰਾਂ ਦੀਆਂ ਗੁਪਤ ਹਦਾਇਤਾ ਉਤੇ ਕਾਰ ਸੇਵਾ ਵਾਲੇ ਬਾਬਿਆ ਨੇ 200 ਸਾਲ ਦੀ ਪੁਰਾਤਨ ਇਤਿਹਾਸਿਕ ਦਰਸ਼ਨੀ ਡਿਊੜ੍ਹੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਮਾਰਤ ਨੂੰ ਜੇ.ਸੀ.ਬੀ. ਦੀਆਂ ਮਸ਼ੀਨਾਂ ਰਾਹੀ ਅਤੇ ਕੋਈ 50 ਦੇ ਕਰੀਬ ਕਾਰ ਸੇਵਕਾ ਨੇ ਰਾਤ ਦੇ 2:30 ਵਜੇ ਸਿੱਖ ਕੌਮ ਦੀਆਂ ਨਜ਼ਰਾਂ ਤੋਂ ਓਹਲੇ ਰਹਿਕੇ ਰਾਤੋ-ਰਾਤ ਇਹ ਕੌਮੀ ਵਿਰਸੇ ਅਤੇ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ਖ਼ਤਮ ਕਰਨ ਦੀ ਬਜਰ ਗੁਸਤਾਖੀ ਕੀਤੀ । ਜੋ ਕਿ ਸਮੁੱਚੀ ਸਿੱਖ ਕੌਮ ਲਈ ਅਸਹਿ ਤੇ ਅਕਹਿ ਹੈ । ਹੁਣ ਸਿੱਖ ਕੌਮ ਨੂੰ ਐਸ.ਜੀ.ਪੀ.ਸੀ. ਦੇ ਸੰਬੰਧਤ ਦੋਸ਼ੀ ਅਧਿਕਾਰੀਆ ਅਤੇ ਅਗਜੈਕਟਿਵ ਮੈਬਰਾਂ ਨੂੰ ਆਪਣੀਆ ਸਿੱਖੀ ਰਵਾਇਤਾ ਅਨੁਸਾਰ ਸਜ਼ਾ ਦੇਣ ਦਾ ਪ੍ਰਬੰਧ ਕਰੇ ਤਾਂ ਕਿ ਕੋਈ ਵੀ ਤਾਕਤ ਸਿੱਖੀ ਭੇਖ ਵਿਚ ਸਾਡੇ ਮਹਾਨ ਵਿਰਸੇ ਅਤੇ ਵਿਰਾਸਤ ਨੂੰ ਖ਼ਤਮ ਕਰਨ ਦੀ ਗੁਸਤਾਖੀ ਨਾ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਰਸ਼ਨੀ ਡਿਊੜ੍ਹੀ ਤਰਨਤਾਰਨ ਸਾਹਿਬ ਦੀ 200 ਸਾਲ ਪੁਰਾਣੀ ਇਤਿਹਾਸਿਕ ਯਾਦਗਰ ਨੂੰ ਐਸ.ਜੀ.ਪੀ.ਸੀ. ਦੇ ਮੌਜੂਦਾ ਅਧਿਕਾਰੀਆ ਅਤੇ ਅਗਜੈਕਟਿਵ ਮੈਬਰਾਂ ਦੀ ਸਿੱਖ ਵਿਰੋਧੀ ਸਾਜਿ਼ਸ ਲਈ ਦੋਸ਼ੀ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਨੂੰ ਬਣਦੀਆ ਰਵਾਇਤਾ ਅਨੁਸਾਰ ਸਜ਼ਾ ਦੇਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇਸ ਸਮੇਂ ਐਸ.ਜੀ.ਪੀ.ਸੀ. ਉਤੇ ਸਿੱਖੀ ਭੇਖ ਵਿਚ ਕਾਬਜ ਲੋਕ ਹਨ, ਉਹ ਅਸਲ ਵਿਚ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਸੰਗਠਨਾਂ ਦੀ ਹੀ ਪੈਦਾਇਸ ਹਨ ਅਤੇ ਉਨ੍ਹਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾ ਨੂੰ ਨੇਪਰੇ ਚਾੜਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ । ਇਸ ਲਈ ਮੌਜੂਦਾ ਐਸ.ਜੀ.ਪੀ.ਸੀ. ਸਿੱਖ ਕੌਮ ਦੀ ਆਨ-ਸਾਨ, ਵਿਰਸੇ ਅਤੇ ਵਿਰਾਸਤ ਨੂੰ ਸਾਂਭਣ ਅਤੇ ਸਿੱਖੀ ਪ੍ਰੰਪਰਾਵਾਂ, ਮਰਿਯਾਦਾਵਾ ਉਤੇ ਪਹਿਰਾ ਦੇਣ ਦੇ ਬਿਲਕੁਲ ਸਮਰੱਥ ਨਹੀਂ ਰਹੀ । ਇਨ੍ਹਾਂ ਨੂੰ ਕਾਨੂੰਨ ਅਤੇ ਇਖ਼ਲਾਕੀ ਕਦਰਾ-ਕੀਮਤਾ ਰਾਹੀ ਸਜ਼ਾ ਦੇਣੀ ਬਣਦੀ ਹੈ । ਉਨ੍ਹਾਂ ਇਹ ਵੀ ਚੇਤੇ ਕਰਵਾਉਦਿਆ ਕਿਹਾ ਕਿ ਮੌਜੂਦਾ ਸੈਂਟਰ ਵਿਚ ਕਾਬਜ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਨੇ ਪਹਿਲੇ ਕਾਂਗਰਸ ਦੀ ਹਕੂਮਤ ਸਮੇਂ 1992 ਵਿਚ ਬਾਬਰੀ ਮਸਜਿ਼ਦ ਨੂੰ ਸ਼ਹੀਦ ਕੀਤਾ, ਇਨ੍ਹਾਂ ਫਿਰਕੂਆ ਨੇ ਹੀ 1999 ਵਿਚ ਦੱਖਣੀ ਸੂਬਿਆਂ ਵਿਚ ਸਥਿਤ ਇਸਾਈ ਕੌਮ ਦੇ ਧਾਰਮਿਕ ਅਸਥਾਂਨ ਚਰਚਾਂ ਉਤੇ ਹਮਲੇ ਕਰਕੇ ਢਹਿ-ਢੇਰੀ ਕੀਤੇ, ਅੱਗਾਂ ਲਗਾਈਆ ਅਤੇ ਉਨ੍ਹਾਂ ਦੀਆਂ ਨਨਜ਼ਾਂ ਨਾਲ ਬਲਾਤਕਾਰ ਕੀਤੇ । ਇਸਾਈ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਹੀ ਪੈਟਰੋਲ ਛਿੜਕ ਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ । ਇਸੇ ਤਰ੍ਹਾਂ ਇਨ੍ਹਾਂ ਫਿਰਕੂਆ ਨੇ 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ 43 ਅੰਮ੍ਰਿਤਧਾਰੀ ਨਿਰਦੋਸ਼ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹੇ ਕਰਕੇ ਫ਼ੌਜ ਰਾਹੀ ਸ਼ਹੀਦ ਕਰ ਦਿੱਤਾ ਸੀ । 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਥੇ 2 ਹਜ਼ਾਰ ਮੁਸਲਮਾਨਾਂ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ ਕਰਵਾਇਆ ਸੀ । 2013 ਵਿਚ ਜਦੋਂ ਮੋਦੀ ਮੁੱਖ ਮੰਤਰੀ ਸਨ ਤਾਂ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਇਨ੍ਹਾਂ ਨੇ ਬੇਜ਼ਮੀਨੇ ਤੇ ਬੇਘਰ ਕਰਕੇ ਉਜਾੜ ਦਿੱਤੇ ਸਨ । ਇਨ੍ਹਾਂ ਸਭ ਵਾਪਰੇ ਦੁਖਾਤਾਂ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਜਾਂ ਤਾਂ ਅਜਿਹੀਆ ਸਾਜਿ਼ਸਾ ਵਿਚ ਭਾਈਵਾਲ ਰਹੇ ਜਾਂ ਫਿਰ ਅਜਿਹੇ ਜ਼ਬਰ-ਜੁਲਮ ਵਿਰੁੱਧ ਕੋਈ ਆਵਾਜ਼ ਨਾ ਉਠਾਕੇ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨਾਲ ਧੋਖਾ ਕਰਦੇ ਰਹੇ ਹਨ । ਹੁਣ ਸ੍ਰੀ ਤਰਨਤਾਰਨ ਸਾਹਿਬ ਦੀ ਡਿਊੜ੍ਹੀ ਨੂੰ ਢਹਿ-ਢੇਰੀ ਕਰਨ, ਸ੍ਰੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦੇ ਚੁੱਲ੍ਹੇ ਅਤੇ ਰਸੋਈ ਨੂੰ ਤਹਿਸ-ਨਹਿਸ ਕਰਨ । ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੁਰਾਤਨ ਸਾਹਿਬਜ਼ਾਦਿਆ ਨਾਲ ਸੰਬੰਧਤ ਇਤਿਹਾਸਿਕ ਯਾਦਗਰਾਂ ਖ਼ਤਮ ਕਰਨ ਅਤੇ ਹੋਰ ਕਈ ਗੁਰੂਘਰਾਂ ਵਿਚ ਅਜਿਹੀਆ ਨਿਸ਼ਾਨੀਆ ਨੂੰ ਮਿਟਾਉਣ ਲਈ ਮੌਜੂਦਾ ਬਾਦਲ ਦਲੀਏ ਅਤੇ ਐਸ.ਜੀ.ਪੀ.ਸੀ. ਦੇ ਕਾਬਜ ਅਧਿਕਾਰੀ ਸਿੱਖ ਕੌਮ ਦੇ ਮੁੱਖ ਦੋਸ਼ੀ ਹਨ ਜਿਨ੍ਹਾਂ ਨੂੰ ਬਿਲਕੁਲ ਵੀ ਕੌਮ ਵੱਲੋਂ ਬਖਸਿਆ ਨਹੀਂ ਜਾਣਾ ਚਾਹੀਦਾ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ।