ਨਵੀਂ ਦਿੱਲੀ – ਪਟਿਆਲਾ ਹਾਉਸ ਕੋਰਟ ਵਿੱਚ ਨਿਆਇਮੂਰਤੀ ਪੂਨਮ ਏ ਬਾਂਬਾ ਦੀ ਅਦਾਲਤ ਵਿੱਚ ਸੁਲਤਾਨਪੁਰੀ ਥਾਣੇ ਵਿੱਚ ਦਰਜ ਐਫ.ਆਈ.ਆਰ. ਸੀ.ਬੀ.ਆਈ ਬਨਾਮ ਸੱਜਣ ਕੁਮਾਰ ਕੇਸ ਦੀ ਅੱਜ ਸੁਣਵਾਈ ਹੋਈ। ਦਿੱਲੀ ਕਮੇਟੀ ਦੇ ਸੀਨੀਅਰ ਵਕੀਲ ਸ. ਗੁਰਬਖਸ਼ ਸਿੰਘ ਦੀ ਮੌਜ਼ਦਗੀ ਵਿੱਚ, ਜਿਸ ਵਿੱਚ ਮੁੱਖ ਗਵਾਹ ਜੋਗਿੰਦਰ ਸਿੰਘ ਦਾ ਸੱਜਣ ਕੁਮਾਰ ਦੇ ਵਕੀਲਾਂ ਨੇ ਕਰਾਸ ਐਗਜਾਮਿਨ ਕੀਤਾ। ਉਨ੍ਹਾਂ ਦੇ ਵਕੀਲਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਜਿਸਦੇ ਜਵਾਬ ਵਿੱਚ ਗਵਾਹ ਜੋਗਿੰਦਰ ਸਿੰਘ ਆਪਣੇ ਪਹਿਲਾਂ ਵਾਲੇ ਬਿਆਨਾਂ ਉੱਤੇ ਅਟੱਲ ਰਹੇ। ਜੋਗਿੰਦਰ ਸਿੰਘ ਨੇ ਉਸ ਦਿਨ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਾਣਯੋਗ ਕੋਰਟ ਨੂੰ ਦੱਸਿਆ ਕਿ ਸੱਜਣ ਕੁਮਾਰ ਆਪ ਅਤੇ ਆਪਣੇ ਸਾਥੀਆਂ ਸਮੇਤ ਉੱਥੇ ਘਟਨਾਂ ਥਾਂ ਉੱਤੇ ਮੌਜੂਦ ਸਨ, ਜਿਸਨੂੰ ਉਹ ਚੰਗੀ ਤਰ੍ਹਾਂ ਪਛਾਣਦੇ ਹਨ। ਉਨ੍ਹਾਂ ਨੇ ਵੇਖਿਆ ਕਿ ਸੱਜਣ ਕੁਮਾਰ ਆਪ ਭੀੜ ਨੂੰ ਉਕਸਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਤੁਮ ਲੋਗੋ ਕੇ ਪਾਸ 72 ਘੰਟੇ ਕਾ ਸਮਾਂ ਹੈ, ਸਿਖੋਂ ਨੇ ਹਮਾਰੀ ਮਾਂ ਇੰਦਰਾ ਗਾਂਧੀ ਕੋ ਮਾਰਾ ਹੈ, ਇਸ ਲਈ ਕੋਈ ਭੀ ਸਿੱਖ ਜਿੰਦਾ ਨਹੀਂ ਬਚਨਾ ਚਾਹਿਏ। ਸ੍ਰ. ਜੋਗਿੰਦਰ ਸਿੰਘ ਦਾ ਕਰਾਸ ਐਗਜਾਮਿਨ ਅੱਜੇ ਚੱਲ ਰਿਹਾ ਹੈ ਤੇ ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਵੇਗੀ ਜਿਸ ਵਿੱਚ ਜੋਗਿੰਦਰ ਸਿੰਘ ਦੀ ਗਵਾਹੀ ਪੂਰੀ ਹੋ ਜਾਵੇਗੀ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਸ. ਜਗਦੀਪ ਸਿੰਘ ਕਾਹਲੋ ਅਤੇ ਦਿੱਲੀ ਕਮੇਟੀ ਮੈਂਬਰ ਤੇ 1984 ਦੇ ਦੰਗਾ ਪੀੜਤ ਸੋਸਾਈਟੀ ਪ੍ਰਮੁੱਖ ਸ. ਆਤਮਾ ਸਿੰਘ ਲੁਬਾਣਾ ਪੂਰੇ ਸਮਾਂ ਅਦਾਲਤ ਵਿੱਚ ਮੌਜੂਦ ਸਨ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਦ੍ਰਿੜ ਨਿਸ਼ਚੇ ਨਾਲ 1984 ਕਤਲੇਆਮ ਦੇ ਪੀੜਤਾਂ ਅਤੇ ਗਵਾਹਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨਗੇ ਅਤੇ ਸੱਜਣ ਕੁਮਾਰ ਨੂੰ ਇਸ ਕੇਸ ਵਿੱਚ ਵੀ ਸਖ਼ਤ ਤੋਂ ਸਖ਼ਤ ਸੱਜਾ ਮਿਲੇ ਇਸਦੇ ਲਈ ਪੂਰਜੋਰ ਪੈਰਵੀ ਕੀਤੀ ਜਾਵੇਗੀ।