ਦਿਲਪ੍ਰੀਤ ਪਿੰਡ ਪਹੁੰਚਿਆ ਤਾਂ ਪਹਿਲੇ ਮੋੜ ਤੇ ਹੀ ਆਦਿ-ਧਰਮੀਆਂ ਦੇ ਮੁੰਡਿਆਂ ਨੇ ਧੂਣੀ ਲਾਈ ਹੋਈ ਸੀ। ਪਿੰਡ ਦੇ ਕਾਫੀ ਜਵਾਨ ਧੂਣੀ ਸੇਕ ਰਹੇ ਸੀ। ਦਿਲਪ੍ਰੀਤ ਉੱਥੋਂ ਦੀ ਲੰਘਣ ਲੱਗਾ ਤਾਂ ਮੁੰਡਿਆਂ ਨੇ ਅਵਾਜ਼ ਮਾਰ ਕੇ ਉੱਥੇ ਹੀ ਸੱਦ ਲਿਆ। ਤਰਖਾਣਾ ਦਾ ਜੀਤੂ ਅਤੇ ਨਿੱਮ ਵਾਲਿਆਂ ਦਾ ਕੂਕੀ, ਹੱਥਾਂ ਤੇ ਜਰਦਾ ਮਲ੍ਹ ਮਲ੍ਹ ਕੇ ਖਾਂਦੇ ਪਏ ਸੀ। ਉਹਨਾਂ ਨੂੰ ਦੇਖ ਕੇ ਦਿਲਪ੍ਰੀਤ ਤੋਂ ਰਿਹਾ ਨਾ ਗਿਆ ਅਤੇ ਬੋਲ ਉੱਠਿਆ, “ਯਾਰ, ਕੀ ਤੁਸੀਂ ਆ ਸਵਾਹ ਖੇਹ ਜਿਹੀ ਖਾਂਦੇ ਰਹਿੰਦੇ ਹੋ।”
“ਤੂੰ ਖਾ ਕੇ ਤਾਂ ਦੇਖ ਫਿਰ ਪਤਾ ਲੱਗੇ ਕੇ ਅਸੀਂ ਕਿਉਂ ਖਾਂਦੇ ਆਂ।”
ਚਮਾਰਾਂ ਦਾ ਨਾਜਰ ਜੋ ਹੁਣ ਕਾਫੀ ਸਿਆਣਾ ਹੋ ਚੁੱਕਾ ਸੀ ਬੋਲਿਆ, “ਸਰਦਾਰਾ, ਤੂੰ ਇਹਨਾ ਨੂੰ ਨਾਂ ਹੀ ਕੁੱਸ ਕਹਿ ਇਹਨਾਂ ਨੇ ਕਿਤੇ ਤੈਨੂੰ ਵਾਰੇ ਆਉਣ ਦੇਣਾ।”
“ਤਾਇਆ, ਇਹਨਾਂ ਨੂੰ ਦੇਖ ਕੇ ਹੋਰ ਵੀ ਕਈਆਂ ਨੇ ਲੱਗ ਜਾਣਾ ਹੈ।”
“ਕਾਕਾ, ਪਿੰਡ ਦੇ ਅੱਧੇ ਤੋਂ ਜ਼ਿਆਦਾ ਮੁੰਡੇ ਇਹ ਛੱਕਦੇ ਛੁੱਕਦੇ ਆ।” ਨਾਜਰ ਨੇ ਦੱਸਿਆ, “ਅੱਗੇ ਮੈਂ ਕਦੀ ਵੀ ਕਿਸੇ ਸਰਦਾਰ ਦੇ ਸਾਹਮਣੇ ਹੁੱਕਾ ਨਹੀ ਸੀ ਪੀਂਦਾਂ ਕਿ ਸਰਦਾਰ ਗੁੱਸਾ ਕਰਨਗੇ, ਹੁਣ ਸਰਦਾਰਾਂ ਦੇ ਮੁੰਡੇ ਹੁੱਕਾ ਤਾਂ ਇਕ ਪਾਸੇ ਸਭ ਕੁਝ ਹੀ ਚਾੜੀ ਜਾਂਦੇ ਨੇ।”
“ਉਦਾਂ ਤਾਂ ਤਾਇਆ ਉਹ ਵੀ ਹੈਗੇ ਨੇ ਜਿਹੜੇ ਇਹਨਾ ਚੀਜ਼ਾਂ ਨੂੰ ਹੱਥ ਨਹੀਂ ਲਾਉਂਦੇ।” ਦਿਲਪ੍ਰੀਤ ਨੇ ਸਰਦਾਰਾਂ ਦੇ ਮੁੰਡਿਆ ਦੀ ਹਾਲਤ ਤੋਂ ਸ਼ਰਮਿੰਦੇ ਹੁੰਦੇ ਕਿਹਾ, “ਆਹ ਜਰਦਾ ਤਾਂ ਭਈਆਂ ਨੇ ਲਿਆਂਦਾ ਹੈ ਪੰਜਾਬ ਵਿੱਚ।”
“ਨਾ ਸਰਦਾਰ ਜੀ, ਯੇਹ ਵੀ ਬਾਤ ਪੂਰੀ ਸੱਚ ਨਹੀ ਹੈ।” ਸਰਪੰਚਾਂ ਦਾ ਬਈਆ ਜੋ ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰੀ ਆਪਣੇ ਹੱਥ ਧੂੁਣੀ ਵਲ ਕਰਕੇ ਸੇਕ ਰਿਹਾ ਸੀ ਬੋਲਿਆ, “ਮੈਂ ਤੋ ਸ਼ਰਾਬ ਵੀ ਨਹੀਂ ਪੀਤਾ, ਪਾਪਾ ਜੀ ਕੇ ਸਾਥ ਸੁਬਾ-ਸ਼ਾਮ ਗੁਰੂਦੁਆਰਾ ਜਾਤਾਂ ਹੂੰ, ਇਸ ਦਫਾ ਮੈਨੇ ਤੋਂ ਆਪਣੇ ਕੇਸ ਵੀ ਨਹੀਂ ਕਟਵਾਏ, ਥੋੜੀ ਦੇਰ ਮੇ ਹੀ ਆਪ ਕੀ ਤਰ੍ਹਾਂ ਪਗੜੀ ਬਾਂਦਣੇ ਲੱਗ ਜਾਊਗਾ।”
“ਵਾਹ ਪਈ ਵਾਹ ਭਈਆ, ਬਸ ਆਉਂਦੀ ਵਾਰ ਤੈਨੂੰ ਪਿੰਡ ਦਾ ਸਰਪੰਚ ਬਣਾ ਦੇਣਾਂ।” ਨਾਜਰ ਨੇ ਹੱਸਦੇ ਹੋਏ ਕਿਹਾ, “ਪਹਿਲੀ ਵੋਟ ਮੇਰੀ ਹੋਵੇਗੀ।”
“ਸਰਦਾਰ ਇਸ ਨੂੰ ਸਰਪੰਚ ਬਣਨ ਦੇਣਗੇ।” ਕੂਕੀ ਨੇ ਪੁੱਛਿਆ, “ਅਗਲਿਆਂ ਨੇ ਇਹਨੂੰ ਵੋਟ ਹੀ ਪਾਉਣ ਨਹੀਂ ਦੇਣੀਂ, ਤਾਇਆ ਤੂੰ ਸਰਪੰਚੀ ਦੀਆਂ ਗੱਲਾਂ ਕਰੀ ਜਾਂਨਾ ਏਂ।”
“ਕਿਉਂ ਨਾ ਬਣਨ ਦੇਣਗੇ।” ਦਿਲਪ੍ਰੀਤ ਨੇ ਕਿਹਾ, “ਸਰਦਾਰਾਂ ਦੇ ਮੁੰਡੇ ਜੋ ਜਰਦੇ ਭੂੱਕੀਆਂ ਖਾਂਦੇ ਨੇ ਉਹਨਾਂ ਨਾਲੋ ਭਈਆਂ ਨੂੰ ਸਰਪੰਚ ਬਣਾਉਣਾ ਸੌ ਦਰਜ਼ੇ ਚੰਗਾ ਜੇ ਉਹ ਨਸ਼ਾ-ਪਤਾ ਨਾਂ ਕਰਦੇ ਹੋਣ ਅਤੇ ਨੇਕ ਇਨਸਾਨ ਹੋਣ।”
ਦਿਲਪ੍ਰੀਤ ਦੀ ਗੱਲ ਸੁਣ ਕੇ ਕਈ ਸ਼ਰਮਿੰਦੇ ਜਿਹੇ ਹੋ ਗਏ। ਦਿਲਪ੍ਰੀਤ ਨੇ ਉਹਨਾ ਦੀ ਸ਼ਰਮਿੰਦਗੀ ਦੀ ਪਰਵਾਹ ਕੀਤੇ ਬਗੈਰ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਆਪਣੇ ਘਰ ਵੱਲ ਨੂੰ ਮੁੜ ਪਿਆ।।