ਅੰਮ੍ਰਿਤਸਰ – ਜਲਿਆਂ ਵਾਲਾ ਬਾਗ ਵਿੱਚ ਹੋਏ ਖੂਨੀ ਸਾਕੇ ਨੂੰ 13 ਅਪਰੈਲ 2019 ਨੂੰ 100 ਸਾਲ ਪੂਰੇ ਹੋ ਗਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਜਲਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸ਼ਤਾਬਦੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਲਈ ਜਲਿਆਂਵਾਲਾ ਬਾਗ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਭਾਰਤ ਦੇ ਇਤਿਹਾਸ ਵਿੱਚ ਜਲਿਆਂਵਾਲਾ ਬਾਗ ਅਜਿਹਾ ਖੂਨੀ ਸਾਕਾ ਹੈ ਜਿਸਨੂੰ ਸੁਣ ਕੇ ਅੱਜ ਵੀ ਰੌਗਟੇ ਖੜੇ ਹੋ ਜਾਂਦੇ ਹਨ। ਆਜ਼ਾਦੀ ਲਈ ਸਾਡੇ ਬਹਾਦਰ ਸ਼ਹੀਦਾਂ ਨੇ ਆਪਣਾ ਜੋ ਖੂਨ ਵਹਾਇਆ ਉਹ ਅਸੀਂ ਕਦੀਂ ਨਹੀਂ ਭੁੱਲ ਸਕਦੇ। ਅਸੀਂ ਸਾਰੀ ਜ਼ਿੰਦਗੀ ਜਲਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਅਣਗਿਣਤ ਸ਼ਹੀਦਾਂ ਦੇ ਰਿਣੀ ਰਹਾਂਗੇ ਜਿਨ੍ਹਾਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ। ਇਸ ਮੌਕੇ ਤੇ ਸ਼ਹੀਦਾਂ ਦੀ ਯਾਦ ਵਿੱਚ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ ਹੈ। ਹਾਲ ਹੀ ਵਿੱਚ ਬ੍ਰਿਟਿਸ਼ ਪ੍ਰਧਾਨਮੰਤਰੀ ਮੇ ਟੈਰੀਸਾ ਨੇ ਵੀ ਇਸ ਨੂੰ ਬਹੁਤ ਹੀ ਸ਼ਰਮਨਾਕ ਕਾਂਡ ਦੱਸਿਆ ਸੀ।
ਅੱਜ ਤੋਂ 100 ਸਾਲ ਪਹਿਲਾਂ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਦੀ ਭੀੜ ਤੇ ਗੋਲੀਆਂ ਚਲਾਉਣ ਦਾ ਆਦੇਸ਼ ਦਿੱਤਾ ਸੀ। ਸ੍ਰੀ ਹਰਮੰਦਿਰ ਸਾਹਿਬ ਦੇ ਨਜ਼ਦੀਕ ਸਥਿਤ ਜਲਿਆਂਵਾਲਾ ਬਾਗ ਵਿੱਚ 15-20 ਹਜ਼ਾਰ ਦੇ ਕਰੀਬ ਦੇਸ਼ਵਾਸੀ ਸਭਾ ਕਰ ਰਹੇ ਸਨ। ਜਿਆਦਾਤਰ ਲੋਕ ਆਪਣੇ ਪ੍ਰੀਵਾਰਾਂ ਦੇ ਨਾਲ ਵਿਸਾਖੀ ਦਾ ਮੇਲਾ ਵੇਖਣ ਆਏ ਸਨ, ਜਿੰਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਜਲਿਆਂਵਾਲਾ ਬਾਗ ਵਿੱਚ ਪੰਜਾਬ ਦੇ ਦੋ ਨੇਤਾਵਾਂ ਦੀ ਗ੍ਰਿਫਤਾਰੀ ਅਤੇ ਰੋਲਰ ਐਕਟ ਦੇ ਵਿਰੋਧ ਵਿੱਚ ਇੱਕ ਸਭਾ ਕੀਤੀ ਗਈ ਸੀ। ਜਿਸ ਤੋਂ ਬ੍ਰਿਟਿਸ਼ ਸਰਕਾਰ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ।ਇਹ ਕਿਹਾ ਜਾਂਦਾ ਹੈ ਕਿ 10 ਮਿੰਟ ਵਿੱਚ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਡਾਇਰ ਦੇ ਸਿਪਾਹੀ ਤਦ ਤੱਕ ਗੋਲੀਆਂ ਚਲਾਉਂਦੇ ਰਹੇ ਜਦੋਂ ਤੱਕ ਗੋਲੀਆਂ ਸਮਾਪਤ ਨਹੀਂ ਹੋ ਗਈਆਂ। ਇਸ ਘਟਨਾ ਵਿੱਚ 1000 ਲੋਕ ਮਾਰੇ ਗਏ ਸਨ ਅਤੇ 1500 ਤੋਂ ਵੱਧ ਜਖਮੀ ਹੋਏ ਸਨ।