ਸਟਾਕਹੋਮ-ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ਇਕ ਕਾਰ ਧਮਾਕਾ ਹੋਇਆ। ਜਿਸ ਤੋਂ ਬਾਅਦ ਲੱਗੀ ਅੱਗ ਦੌਰਾਨ ਇਕ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਸ ਦੌਰਾਨ ਦੋ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਧਮਾਕੇ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਇਕ ਆਦਮੀ ਨੂੰ ਮਰਿਆ ਹੋਇਆ ਵੇਖਿਆ। ਪੁਲਿਸ ਅਨੁਸਾਰ ਉਥੇ ਇਕ ਹੋਰ ਧਮਾਕਾ ਹੋਇਆ ਸੀ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਹੜਾ ਆਦਮੀ ਮਰਿਆ ਹੋਇਆ ਮਿਲਿਆ ਉਸ ਪਾਸ ਧਮਾਕਾਖੇਜ਼ ਜੰਤਰ ਵੀ ਸੀ। ਸਵੀਡਨ ਦੇ ਵਿਦੇਸ਼ ਮੰਤਰੀ ਕਾਰਲ ਬਿਲਟ ਨੇ ਆਪਣੀ ਪ੍ਰਤੀਕਿਰਿਆ ਵਿਚ ਕਿਹਾ ਸੀ ਕਿ ਇਹ ਦਹਿਸ਼ਤਗਰਦ ਹਮਲਾ ਸੀ। ਸੁਰੱਖਿਆ ਏਜੰਸੀਆਂ ਵਲੋਂ ਇਸ ਧਮਾਕੇ ਦੀ ਜਾਂਚ ਇਕ ਅਤਿਵਾਦੀ ਹਮਲੇ ਵਜੋਂ ਹੋ ਰਹੀ ਹੈ। ਧਮਾਕੇ ਤੋਂ ਕੁਝ ਮਿੰਟ ਪਹਿਲਾਂ ਹੀ ਇਕ ਸਥਾਨਕ ਨਿਊਜ਼ ਏਜੰਸੀ ਟੀਟੀ ਅਤੇ ਸੁਰੱਖਿਆ ਏਜੰਸੀਆਂ ਨੂੰ ਇਕ ਈਮੇਲ ਮਿਲੀ ਸੀ ਜਿਸ ਵਿਚ ਹਮਲੇ ਦੀ ਧਮਕੀ ਦਿੱਤੀ ਗਈ ਸੀ। ਉਸ ਈਮੇਲ ਵਿਚ ਕਿਹਾ ਗਿਆ ਸੀ ਕਿ ਪੈਗੰਬਰ ਮੁਹੰਮਦ ਦੇ ਕਾਰਟੂਨ ਦੀ ਨਿਖੇਧੀ ਸਵੀਡਨ ਸਰਕਾਰ ਵਲੋਂ ਨਹੀਂ ਸੀ ਕੀਤੀ ਗਈ। ਕਿਉਂਕਿ ਉਸਨੇ ਆਪਣੀਆਂ ਫੌਜਾਂ ਅਫ਼ਗਾਨਿਸਤਾਨ ਭੇਜੀਆਂ ਹਨ, ਇਸ ਲਈ ਇਹ ਧਮਾਕੇ ਕੀਤੇ ਜਾ ਰਹੇ ਹਨ। ਅਫ਼ਗਾਨਿਸਤਾਨ ਵਿਚ ਅਮਰੀਕੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਵਿਚ ਸਵੀਡਨ ਦੇ ਅੰਦਾਜ਼ਨ 400 ਫੌਜੀ ਤੈਨਾਤ ਹਨ।