ਅੱਜ ਦੀਪੀ ਜਦੋਂ ਕਾਲਜ ਤੋਂ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਛੋਟੀ ਭੈਣ ਰੱਜਵੀਰ ਇਕ ਪੈਕਟ ਲਈ ਬਾਹਰਲੇ ਗੇਟ ਦੇ ਮੂਹਰੇ ਹੀ ਖਲੋਤੀ ਸੀ। ਦੀਪੀ ਨੂੰ ਆਉਂਦਿਆ ਦੇਖ ਉਹ ਚਹਿਕਦੀ ਹੋਈ ਉਸ ਵਲ ਦੌੜੀ ਗਈ ਅਤੇ ਬੋਲੀ, “ਦੇਖ, ਭੈਣ ਜੀ, ਮੈਨੂੰ ਸਕੂਲ ਵਿਚੋਂ ਇਨਾਮ ਮਿਲਿਆ, ਮੈਂ ਸਕੂਲ ਵਿਚੋਂ ਪਹਿਲੇ ਨੰਬਰ ਤੇ ਆਈ ਹਾਂ।” ਦੀਪੀ ਨੇ ਉਸ ਨੂੰ ਘੁੱਟ ਕੀ ਸੀਨੇ ਨਾਲ ਲਾ ਲਿਆ ਅਤੇ ਕੋਲ ਪਏ ਮੰਜੇ ਤੇ ਬਹਿ ਕੇ ਉਸ ਪੈਕਟ ਨੂੰ ਖੋਲ੍ਹਣ ਲਗ ਪਈਆਂ। ਦੀਪੀ ਦੀ ਭੈਣ ਸੋਨੀ ਅਤੇ ਭਰਾ ਵਿਕਰਮ ਵੀ ਕੋਲ ਆ ਗਏ। ਬੰਡਲ ਵਿਚੋਂ ਕਾਪੀਆਂ ਅਤੇ ਪੈਨ ਨਿਕਲੇ। ਸਾਰਿਆਂ ਨੇ ਰੱਜਵੀਰ ਨੂੰ ਪਿਆਰ ਕੀਤਾ। ਸੁਰਜੀਤ ਨੇ ਤਾਂ ਖੁਸ਼ ਹੋਣਾ ਹੀ ਸੀ ਸਗੋਂ ਹਰਨਾਮ ਕੌਰ ਵੀ ਬਹੁਤ ਖੁਸ਼ ਹੋਈ। ਰੱਜਵੀਰ ਨੂੰ ਆਪਣੀ ਬੁਕਲ ਵਿਚ ਲੈਂਦੀ ਬੋਲੀ, “ਇਹ ਮੇਰੀ ਧੀ ਤਾਂ ਵਕੀਲ ਬਣੇਗੀ।”
ਜਦੋਂ ਸੁਰਜੀਤ ਨੇ ਇਹ ਗੱਲ ਸੁਣੀ ਤਾਂ ਉਸ ਨੂੰ ਉਹ ਟਾਈਮ ਚੇਤੇ ਆ ਗਿਆ ਕਿ ਜਦੋਂ ਰੱਜਵੀਰ ਜਨਮੀ ਸੀ ਤਾਂ ਕਿਵੇ ਘਰ ਵਿਚ ਸੋਗ ਵਰਤ ਗਿਆ ਸੀ। ਇਹੀ ਹਰਨਾਮ ਕੌਰ ਸੁਰਜੀਤ ਨਾਲ ਸਿੱਧੇ ਮੂੰਹ ਬੋਲਦੀ ਵੀ ਨਹੀਂ ਸੀ। ਦੇਰ ਆਏ ਦਰੁਸਤ ਆਏ ਦੀ ਗੱਲ ਸੋਚ ਕੇ ਸੁਰਜੀਤ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਉਸ ਦੀ ਸੱਸ ਪਹਿਲਾਂ ਨਾਲੋ ਕਿੰਨੀ ਬਦਲ ਗਈ ਹੈ, ਪਹਿਲਾਂ ਨਾਲੋ ਉਸ ਨੂੰ ਗੁੱਸਾ ਵੀ ਹੁਣ ਘੱਟ ਚੜ੍ਹਦਾ ਹੈ ਅਤੇ ਨਾ ਹੀ ਸੁਰਜੀਤ ਨੂੰ ਕੋਈ ਟੋਕਾ-ਟਾਕੀ ਕਰਦੀ ਆ। ਸੁਰਜੀਤ ਪਿਛਲੀਆਂ ਗੱਲਾਂ ਬਾਰੇ ਪਤਾ ਨਹੀ ਕਿੰਨਾ ਚਿਰ ਹੋਰ ਸੋਚੀ ਜਾਂਦੀ ਜੇ ਕਰ ਗਿਆਨ ਕੌਰ ਜੋ ਹੁਣੇ ਹੀ ਗੁਰਦੁਆਰੇ ਤੋਂ ਮੁੜੀ ਸੀ ਉਸ ਨੂੰ ਆ ਕੇ ਨਾ ਬੁਲਾਉਂਦੀ, “ਲੈ ਧੀਏ, ਪ੍ਰਸ਼ਾਦ।” ਸੁਰਜੀਤ ਨੇ ਆਪਣੇ ਸਿਰ ਦਾ ਦੁੱਪਟਾ ਠੀਕ ਕੀਤਾ ਤੇ ਦੋਹੇ ਹੱਥ ਜੋੜ ਕੇ ਪ੍ਰਸ਼ਾਦ ਲਿਆ। ਵੇਲਾ ਸਿੰਘ ਦੇ ਮਰਨ ਤੋਂ ਬਾਅਦ ਗਿਆਨ ਕੌਰ ਆਪਣਾ ਜ਼ਿਆਦਾ ਟਾਈਮ ਧਾਰਮਿਕ ਕੰਮਾਂ ਵਿਚ ਹੀ ਬਿਤਾਉਂਦੀ ਸੀ। ਦੋਨੋ ਵੇਲੇ ਗੁਰਦੁਆਰੇ ਜਾਂਦੀ ਸੀ। ਹੁਣ ਮੁਖਤਿਆਰ ਦਾ ਪਰਿਵਾਰ ਹੀ ਉਸ ਦਾ ਪ੍ਰੀਵਾਰ ਸੀ। ਇਸੇ ਪ੍ਰੀਵਾਰ ਦੀ ਸੁੱਖ ਹਮੇਸ਼ਾ ਮੰਗਦੀ। ਇਸ ਪ੍ਰੀਵਾਰ ਦੇ ਕਿਸੇ ਜੀਅ ਨੇ ਵੀ ਉਸ ਨੂੰ ਕਦੀ ਟੋਕਿਆ ਨਹੀਂ ਸੀ। ਘਰ ਵਿਚ ਜਦੋਂ ਵੀ ਨਵੀਂ ਫਸਲ ਆਉਂਦੀ ਗਿਆਨ ਕੌਰ ਉਸ ਨੂੰ ਸਭ ਤੋਂ ਪਹਿਲਾਂ ਗੁਰਦੁਆਰੇ ਚੜ੍ਹਾ ਕੇ ਆੳਂਦੀ। ਹੁਣ ਤਾਂ ਉਹ ਮੁਖਤਿਆਰ ਕੋਲੋ ਆਪਣੀ ਜ਼ਮੀਨ ਦਾ ਠੇਕਾ ਵੀ ਲੈਣੋ ਹਟ ਗਈ ਸੀ। ਪਿਛਲੀ ਵਾਰੀ ਜਦੋਂ ਠੇਕੇ ਦੇ ਪੈਸੇ ਮੁਖਤਿਆਰ ਉਸ ਨੂੰ ਦੇਣ ਲੱਗਾ ਤਾਂ ਉਸ ਨੇ ਸਾਫ ਕਹਿ ਦਿੱਤਾ, “ਪੁੱਤ, ਇਹ ਸਾਰੇ ਪੈਸੇ ਤੂੰ ਆਪਦੇ ਕੋਲ ਰੱਖਿਆ ਕਰ, ਜਦੋਂ ਮੈਨੂੰ ਚਾਹੀਦੇ ਹੋਣਗੇ ਮੈਂ ਆਪ ਹੀ ਤੇਰੇ ਕੋਲੋਂ ਲੈ ਲਿਆ ਕਰਾਂਗੀ।”
ਸੁਰਜੀਤ ਨੂੰ ਪ੍ਰਸ਼ਾਦ ਦੇਣ ਤੋਂ ਬਾਅਦ ਗਿਆਨ ਕੌਰ ਬੈਠਕ ਵੱਲ ਨੂੰ ਚਲੀ ਗਈ।
ਲਉ, ਪੁੱਤ ਪਹਿਲਾਂ ਪ੍ਰਸ਼ਾਦ, ਫਿਰ ਟੈਲੀਵੀਜ਼ਨ ਦੇਖਿਉ।”
ਕੁੜੀਆ ਨੇ ਤਾਂ ਆਪਣੇ ਸਿਰ ਢੱਕ ਲਏ, ਪਰ ਵਿਕਰਮ ਦਾ ਸਿਰ ਨੰਗਾ ਸੀ। ਗਿਆਨ ਕੌਰ ਨੇ ਦੀਪੀ ਦੀ ਚੁੰਨੀ ਦਾ ਇਕ ਹਿੱਸਾ ਫੜ ਕੇ ਉਸ ਦੇ ਸਿਰ ਉਪਰ ਦਿੱਤਾ ਅਤੇ ਨਾਲ ਹੀ ਕਿਹਾ, “ਪੁੱਤ, ਇਕ ਗੱਲ ਮੇਰੀ ਤੁਸੀਂ ਹਮੇਸ਼ਾ ਚੇਤੇ ਰੱਖਣੀ, ਨੰਗੇ ਸਿਰ ਕਦੀ ਪ੍ਰਸ਼ਾਦ ਨਹੀ ਲੈਣਾ ਅਤੇ ਜੁੱਤੀ ਪਾ ਕੇ ਕਦੇ ਅਰਦਾਸ ਨਹੀ ਕਰਨੀ।”
ਦੀਪੀ ਨੇ ਕਿਹਾ, “ਤਾਈ ਜੀ, ਮੈਂ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਕਰਦੀ ਹਾਂ।”
“ਤੇਰਾ ਤਾਂ ਪੁੱਤ ਮੈਨੂੰ ਪਤਾ ਹੈ।” ਗਿਆਨ ਕੌਰ ਨੇ ਕਿਹਾ, “ਪਰ ਆ ਛੋਟਿਆਂ ਨੂੰ ਇਹਨਾ ਗੱਲਾਂ ਦਾ ਅਜੇ ਨਹੀ ਪਤਾ।”