ਨਵੀਂ ਦਿੱਲੀ : ਖਾਲਸਾ ਦੇ ਸਾਜਨਾ ਦਿਵਸ ਵੈਸਾਖੀ ਪੁਰਬ ਮੌਕੇ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਸ਼ਾਮ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਾਇਆ ਗਿਆ। ਜਿਸ ਵਿੱਚ ਪੰਥ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਵੈਸਾਖੀ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਿੰਦੋਸਤਾਨ ਵਿੱਚ ਹੀ ਨਹੀਂ ਸਗੋਂ ਦੇਸ਼ ਤੋਂ ਬਾਹਰ ਵੀ ਬੜੀ ਸ਼ਾਨੋਸ਼ਾਕਤ ਨਾਲ ਸਿੱਖਾਂ ਵੱਲੋਂ ਉਥੋਂ ਦੀਆਂ ਸਰਕਾਰਾਂ ਅਤੇ ਵਸਨੀਕਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਵਰਗੀ ਸਿਰਮੌਰ ਸੰਸਥਾ ਜੋ ਸਿੱਖਾਂ ਦੇ ਹੱਕਾਂ ਦੀ ਰਾਖੀ ਅਤੇ ਆਪਣੇ ਇਤਿਹਾਸ ਤੋਂ ਸੰਸਾਰ ਭਰ ਦੇ ਲੋਕਾਂ ਨੂੰ ਜਾਣੂੰ ਕਰਾਉਣ ਲਈ ਹਮੇਸ਼ਾਂ ਮੋਹਰਲੀ ਕਤਾਰ ਵਿੱਚ ਖੜ੍ਹੀ ਰਹਿੰਦੀ ਹੈ, ਇਹ ਆਪ ਜੀ ਦੇ ਸਹਿਯੋਗ ਨਾਲ ਹੀ ਇਹ ਸਭ ਕੁੱਝ ਕਰਨ ਦੇ ਸਮਰਥ ਹੈ। ਉਨ੍ਹਾਂ ਨੇ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਦੀਆਂ ਚਲ ਰਹੀਆਂ ਤਿਆਰੀਆਂ ਅਤੇ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਸਿੱਖ ਜਰਨੈਲਾਂ ਅਤੇ ਹੋਰ ਇਤਿਹਾਸ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਅਣਗੋਲਿਆਂ ਕਰਕੇ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ, ਉਸ ਨੂੰ ਦਿੱਲੀ ਕਮੇਟੀ ਵੱਲੋਂ ਸੋਸਲ ਮੀਡੀਆ ’ਤੇ ਖੇਤਰੀ ਭਾਸ਼ਾਵਾਂ ਵਿੱਚ 2-3 ਮਿੰਟ ਦੀਆਂ ਵੀਡਿਓ ਕਲਿੱਪਾਂ ਰਾਹੀ ਦਿਖਾਉਣ ਅਤੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਤੋਂ ਸੋਸਲ ਮੀਡੀਆ, ਫੇਸ ਬੁੱਕ, ਇੰਸਟਾਗ੍ਰਾਮ, ਟਵਿਟਰ ਉੱਤੇ ਕੀਰਤਨ ਪ੍ਰੋਗਰਾਮ ਲਾਈਵ ਕਰਨ ਬਾਰੇ ਵੀ ਸੰਗਤਾਂ ਨੂੰ ਦੱਸਿਆ।
ਸ. ਸਿਰਸਾ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਨਿੱਜੀ ਲੜਾਈਆਂ ਨੂੰ 1984 ਦੇ ਨਾਮ ਨਹੀਂ ਜੋੜਨਾ ਚਾਹੀਦਾ। ਸਾਡੇ ਭੈਣ-ਭਰਾਵਾਂ ਜਿਨ੍ਹਾਂ ਨੇ 1984 ਦਾ ਸੰਤਾਪ ਆਪਣੇ ਪਿੰਢੇ ਉੱਤੇ ਹੰਢਾਇਆ ਹੈ, ਉਨ੍ਹਾਂ ਨੂੰ ਇਸ ਦੁੱਖ ਬਾਰੇ ਪੁੱਛ ਕੇ ਦੇਖੋ। ਸਰਕਾਰੇ-ਦਰਬਾਰੇ ਤੇ ਅਦਾਲਤਾਂ ਵਿੱਚ ਜਾ ਕੇ ਸਾਨੂੰ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਅਤੇ ਇਨਸਾਫ ਲਈ ਅੱਜ ਤੱਕ ਕੀ ਕੁੱਝ ਨਹੀਂ ਕਰਨਾ ਪੈ ਰਿਹਾ ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀਂ ਹੈ। 1984 ਹਿੰਦੋਸਾਨ ਦੇ ਲੋਕਤੰਤਰ ਉਪਰ ਇੱਕ ਐਸਾ ਕਾਲਾ ਧੱਬਾ ਹੈ, ਜੋ ਰਹਿੰਦੀ ਦੁਨੀਆਂ ਤੱਕ ਮਿਟ ਨਹੀਂ ਸਕਦਾ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੇ ਵੈਸਾਖੀ ਦੇ ਦਿਹਾੜੇ ਦੀ ਵਧਾਈ ਦਿੰਦਿਆਂ ਹੋਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵੈਸਾਖੀ ਵਾਲੇ ਦਿਨ ਸਾਜੇ ਇਸ ਖਾਲਸੇ ਨੇ ਸੰਸਾਰ ਭਰ ਵਿੱਚ ਜੋ ਮੱਲਾਂ ਮਾਰੀਆਂ ਹਨ ਉਸ ਤੋਂ ਕੋਈ ਵੀ ਅਣਜਾਣ ਨਹੀਂ ਹੈ। ਅੱਜ ਅਸੀਂ ਜਿਨ੍ਹਾਂ ਸੂਰਬੀਰਾਂ, ਯੋਧਿਆਂ ਦੀਆਂ ਗਾਥਾਵਾਂ ਸੁਣਾ ਕੇ ਆਪਣੇ ਆਪ ‘ਚ ਫਖਰ ਮਹਿਸੂਸ ਕਰਦੇ ਹਾਂ ਉਹ ਇਸੇ ਦਿਹਾੜੇ ਦੀ ਦੇਣ ਹੈ। ਉਨ੍ਹਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕਰਦਿਆਂ ਕਿਹਾ ਨੂੰ ਸਾਨੂੰ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨਾ ਚਾਹੀਦਾ ਹੈ। ਬੱਚਿਆਂ ਲਈ ਇਤਿਹਾਸ ਸੰਬਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਚਾਹੀਦੀ ਹੈ, ਉਹ ਮੁਹੱਈਆ ਕਰਵਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
ਇਸ ਮੌਕੇ ’ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਜਪਾਇਆ। ਦਿੱਲੀ ਕਮੇਟੀ ਵੱਲੋਂ 12ਵੀਂ ਜਮਾਤ ਦੀਆਂ ਹੋਈਆਂ ਪ੍ਰਿਖਿਆਵਾਂ ‘ਚ ਪੰਜਾਬੀ ਵਿਸ਼ੇ ਵਿੱਚ 85 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਕੇਂਦਰੀ ਮੰਤਰੀ ਸ੍ਰੀ ਹਰਸ਼ਵਰਧਨ ਅਤੇ ਇਲਾਕੇ ਦੇ ਕੌਂਸਲਰ ਸ. ਅਵਤਾਰ ਸਿੰਘ, ਕਮੇਟੀ ਦੇ ਮੀਤ ਪ੍ਰਧਾਨ ਸ. ਕੁਲਵੰਤ ਸਿੰਘ ਬਾਠ, ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਸ. ਚਮਨ ਸਿੰਘ, ਸ. ਪਰਮਜੀਤ ਸਿੰਘ ਚੰਢੋਕ, ਸ. ਪਰਮਜੀਤ ਸਿੰਘ ਰਾਣਾ, ਸ. ਜਤਿੰਦਰਪਾਲ ਸਿੰਘ ਗੋਲਡੀ, ਸ. ਅਮਰਜੀਤ ਸਿੰਘ ਪਿੰਕੀ, ਸ. ਜਸਬੀਰ ਸਿੰਘ ਜੱਸੀ, ਸ. ਰਮਿੰਦਰ ਸਿੰਘ ਸਵੀਟਾ ਅਤੇ ਹੋਰ ਪੱਤਵੰਤੇ ਸੱਜਣਾਂ ਨੇ ਵੀ ਹਾਜ਼ਰੀਆਂ ਭਰੀਆਂ।