ਅਕਾਲੀ ਦਲ ਦੇ 98 ਸਾਲਾਂ ਦੇ ਇਤਿਹਾਸ ਵਿਚ ਅਜਿਹਾ ਮੌਕਾ ਕਦੀਂ ਵੀ ਨਹੀਂ ਆਇਆ ਕਿ ਅਕਾਲੀ ਦਲ ਦੀ ਹਾਲਤ ਇਤਨੀ ਪਤਲੀ ਹੋਵੇ। ਸਗੋਂ ਅਕਾਲੀ ਦਲ ਅਤੇ ਖਾਸ ਤੌਰ ਤੇ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ। ਪ੍ਰੰਤੂ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਖ਼ੁਦਗਰਜ਼ੀ ਭਾਰੂ ਹੋ ਗਈ ਅਤੇ ਸਿਆਸੀ ਤਾਕਤ ਦੀ ਭੁੱਖ ਨੇ ਸ਼ਹੀਦਾਂ ਦੀ ਜਥੇਬੰਦੀ ਨੂੰ ਧਰਮ ਨਿਰਪੱਖ ਅਤੇ ਕੌਮੀ ਪੱਧਰ ਦੀ ਪਾਰਟੀ ਬਣਾਉਣ ਦਾ ਕਦਮ ਚੁੱਕਿਆ ਤਾਂ ਅਕਾਲੀ ਦਲ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ। ਜੇ ਇਹ ਕਹਿ ਲਿਆ ਜਾਵੇ ਕਿ ‘‘ਜਦੋਂ ਵਾੜ ਹੀ ਖੇਤ ਦਾ ਖਾਣ ਲੱਗ ਜਾਵੇ ਤਾਂ ਖੇਤ ਦਾ ਕੀ ਬਚਣਾ ਹੈ’’ ਇਸ ਵਿਚ ਕੋਈ ਗ਼ਲਤ ਗੱਲ ਨਹੀਂ? ਇਹੋ ਹਾਲ ਅੱਜ ਦੇ ਅਕਾਲੀ ਦਲ ਦਾ ਹੈ, ਜਿਹੜਾ ਪੰਜਾਬ ਸਰਕਾਰ ਤੇ ਲਗਾਤਾਰ 10 ਸਾਲ ਕਾਬਜ਼ ਰਿਹਾ ਹੈ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿਛਲੇ ਲੰਮੇ ਸਮੇਂ ਤੋਂ ਰਾਜ ਕਰ ਰਿਹਾ ਹੈ। ਇਹ ਦੋਵੇਂ ਸੰਸਥਾਵਾਂ ਆਪਣੇ ਮਨੋਰਥ ਨੂੰ ਭੁੱਲਕੇ ਸਿਆਸੀ ਤਾਕਤ ਦਾ ਆਨੰਦ ਮਾਣ ਰਹੀਆਂ ਹਨ।
ਸ਼ਰੋਮਣੀ ਅਕਾਲੀ ਦਲ ਨੇ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਅਕਾਲ ਤਖ਼ਤ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੰਜੀ ਸਾਹਿਬ ਦੀਵਾਨ, ਚੀਫ ਖਾਲਸਾ ਦੀਵਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਿਚ ਵੀ ਰਾਜਨੀਤਕ ਦਖ਼ਲ ਅੰਦਾਜ਼ੀ ਕਰਕੇ ਨੁਕਸਾਨ ਕਰ ਦਿੱਤਾ ਹੈ। ਨਿਸ਼ਾਨ ਸਾਹਿਬਾਂ ਦੇ ਰੰਗ ਬਦਲ ਦਿੱਤੇ, ਨਾਨਕਸ਼ਾਹੀ ਕੈਡਰ, ਗੁਰੂ ਕੇ ਲੰਗਰ, ਸਿਰੋਪਿਆਂ ਦਾ ਭਗਵਾਂਕਰਨ, ਪੰਥ ਵਿਚੋਂ ਛੇਕਣ ਦਾ ਸਿਧਾਂਤ, ਆਦਿ ਕੰਮਾਂ ਨੇ ਸਿੱਖ ਧਰਮ ਦਾ ਨੁਕਸਾਨ ਕੀਤਾ ਹੈ। ਧਰਮ ਪ੍ਰਚਾਰ ਕਮੇਟੀ ਨੂੰ ਤਾਂ ਸਿੱਖ ਵਿਰੋਧੀ ਆਰ ਐਸ ਐਸ ਦਾ ਅੱਡਾ ਬਣਾ ਦਿੱਤਾ ਹੈ, ਜਿਸ ਕਰਕੇ ਨੌਜਵਾਨਾਂ ਵਿਚ ਪਤਿਤਪੁਣਾ ਭਾਰੂ ਹੈ। ਗੁਰੂ ਘਰਾਂ ਦੀ ਮਾਣ ਮਰਿਆਦਾ ਨੂੰ ਖ਼ਤਮ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ 1920 ਵਿਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਖਾਲੀ ਕਰਵਾਉਣ ਲਈ ਹੋਂਦ ਵਿਚ ਆਇਆ ਸੀ। ਇਸ ਜਥੇਬੰਦੀ ਦਾ ਮੁੱਖ ਮੰਤਵ ਹੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਸੀ। ਇਹ ਪਹਿਰਾ ਤਾਂ ਹੀ ਦਿੱਤਾ ਜਾ ਸਕਦਾ ਸੀ, ਜੇਕਰ ਗੁਰੂ ਘਰਾਂ ਦਾ ਪ੍ਰਬੰਧ ਗੁਰਮਤਿ ਦੇ ਧਾਰਨੀ ਗੁਰਮੁੱਖਾਂ ਕੋਲ ਹੋਵੇਗਾ। ਇਸ ਲਈ ਉਦੋਂ ਦੇ ਸ਼ਰੋਮਣੀ ਅਕਾਲੀ ਦਲ ਨੇ ਮਹੰਤਾਂ ਤੋਂ ਗੁਰਦੁਆਰੇ ਖਾਲੀ ਕਰਵਾਉਣ ਲਈ ਕਦੀਂ ਜੈਤੋ ਦਾ ਮੋਰਚਾ, ਕਦੀਂ ਚਾਬੀਆਂ ਦਾ ਮੋਰਚਾ ਅਤੇ ਹੋਰ ਅਨੇਕਾਂ ਮੋਰਚੇ ਲਾਏ ਅਤੇ ਬੇਸ਼ੁਮਾਰ ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਉਨ੍ਹਾਂ ਸ਼ਹਾਦਤਾਂ ਇਸੇ ਕਰਕੇ ਦਿੱਤੀਆਂ ਸਨ ਕਿ ਸਿੱਖੀ ਨੂੰ ਆਂਚ ਨਾ ਆਵੇ। ਕੁਰਬਾਨੀਆਂ ਦਾ ਮਕਸਦ ਜਿੰਦ ਜਾਵੇ ਤਾਂ ਬੇਸ਼ੱਕ ਜਾਵੇ ਪ੍ਰੰਤੂ ਗੁਰੂ ਦੀ ਸਿੱਖੀ ਨੂੰ ਨੁਕਸਾਨ ਨਾ ਪਹੁੰਚੇ। ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਖਾਲੀ ਕਰਵਾਕੇ ਰਹਿਤ ਮਰਿਆਦਾ ਕਾਇਮ ਕੀਤੀ। ਅੰਗਰੇਜ਼ਾਂ ਨੇ ਆਪਣੇ ਪਿਠੂਆਂ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ 1925 ਦਾ ਲੰਗੜਾ ਗੁਰਦੁਆਰਾ ਐਕਟ ਬਣਾ ਦਿੱਤਾ, ਜਿਸ ਰਾਹੀਂ ਗੁਰਮੁੱਖ ਵੋਟਾਂ ਪਾ ਕੇ ਆਪਣੀ ਨੁਮਾਇੰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰ ਲੈਣ ਜੋ ਇਤਿਹਾਸਕ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰ ਸਕੇ। ਸੰਸਾਰ ਵਿਚ ਕਿਸੇ ਵੀ ਧਾਰਮਿਕ ਸਥਾਨਾ ਦੇ ਪ੍ਰਬੰਧ ਲਈ ਵੋਟਾਂ ਰਾਹੀਂ ਚੋਣ ਨਹੀਂ ਹੁੰਦੀ। ਚੋਣ ਕਰਵਾਉਣ ਦਾ ਮਤਲਬ ਸਿੱਖਾਂ ਵਿਚ ਵੰਡੀਆਂ ਪਾਉਣਾ ਸੀ, ਜਿਸ ਵਿਚ ਉਹ ਸਫਲ ਹੋ ਗਏ।
ਬੜੇ ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਕਦੀਂ ਸੋਚਿਆ ਵੀ ਨਹੀਂ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਇਕ ਸਦੀ ਤੋਂ ਵੀ ਘੱਟ ਸਮੇਂ ਵਿਚ ਹੀ ਸ਼ਹੀਦਾਂ ਦੀ ਜਥੇਬੰਦੀ ਵਿਚ ਗਿਰਾਵਟ ਇਸ ਹੱਦ ਤੱਕ ਪਹੁੰਚ ਜਾਵੇਗੀ ਕਿ ਇਹ ਆਪਣੇ ਸਿੱਖ ਧਰਮ ਦੀ ਰੱਖਿਆ ਕਰਨ ਦੀ ਥਾਂ ਸਿਰਫ ਸਿੱਖ ਧਰਮ ਦੇ ਵਕਾਰ ਨੂੰ ਦਾਅ ਤੇ ਲਾਕੇ ਸਿਆਸੀ ਤਾਕਤ ਪ੍ਰਾਪਤ ਕਰਨ ਵਿਚ ਹੀ ਮਸ਼ਰੂਫ ਹੋ ਜਾਵੇਗੀ। ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਸਿੱਖ ਸੰਸਥਾਵਾਂ ਦਾ ਘਾਣ ਕਰ ਦੇਵੇਗੀ। ਸ਼ਰਮ ਦੀ ਗੱਲ ਇਹ ਹੈ ਕਿ ਜਿਸ ਜਥੇਬੰਦੀ ਨੇ ਸਿੱਖ ਧਰਮ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਸੀ, ਉਹੀ ਜਥੇਬੰਦੀ ਸਿੱਖ ਧਰਮ ਦਾ ਨੁਕਸਾਨ ਕਰਨ ਤੇ ਤੁਲੀ ਹੋਈ ਹੈ। ਵੈਸੇ ਤਾਂ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਦੇ ਪੰਥਕ ਕਹਾਉਣ ਵਾਲੇ ਸਿਆਸਤਦਾਨਾ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ ਪ੍ਰੰਤੂ 2015 ਵਿਚ ਤਾਂ ਹੱਦ ਹੀ ਹੋ ਗਈ ਜਦੋਂ ਪੰਥਕ ਸਰਕਾਰ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ਤੇ ਚੰਡੀਗੜ ਬੁਲਾਕੇ ਹੁਕਮ ਕਰ ਦਿੱਤਾ ਕਿ ਸਿਰਸਾ ਡੇਰੇ ਦੇ ਮੁੱਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਾਣੇ ਦੀ ਨਕਲ ਕਰਨ ਕਰਕੇ 2007 ਵਿਚ ਪੰਥ ਵਿਚੋਂ ਛੇਕਣ ਦੇ ਦਿੱਤੇ ਗਏ ਹੁਕਮਨਾਮੇ ਨੂੰ ਵਾਪਸ ਲੈ ਲਿਆ ਜਾਵੇ। ਸਿੱਖ ਧਰਮ ਦੇ ਪਵਿਤਰ ਤਖ਼ਤਾਂ ਦੇ ਸਰਬਰਾਹ ਜਥੇਦਾਰਾਂ ਦੀ ਸਿਅਣਪ ਵੀ ਵੇਖੋ ਕਿ ਉਨ੍ਹਾਂ ਸਰਕਾਰ ਦੇ ਹੁਕਮਾਂ ਨੂੰ ਅਲਾਹੀ ਹੁਕਮ ਸਮਝਦਿਆਂ 24 ਸਤੰਬਰ 2015 ਨੂੰ ਉਹ ਹੁਕਮਨਾਮਾ ਵਾਪਸ ਲੈ ਲਿਆ, ਜਿਸ ਰਾਹੀਂ ਡੇਰੇ ਦੇ ਮੁੱਖੀ ਨੂੰ ਪੰਥ ਵਿਚੋਂ ਛੇਕਣ ਦਾ ਫ਼ੈਸਲਾ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਸਿਰਸਾ ਡੇਰੇ ਦੇ ਮੁੱਖੀ ਨੇ ਪੱਤਰ ਨਹੀਂ ਲਿਖਿਆ, ਜਿਸਨੂੰ ਪੰਥ ਵਿਚੋਂ ਛੇਕਿਆ ਗਿਆ ਸੀ ਬਲਕਿ ਡੇਰੇ ਦੇ ਨੁਮਾਇੰਦੇ ਨੇ 21 ਸਤੰਬਰ ਨੂੰ ਹੁਕਮਨਾਮਾ ਵਾਪਸ ਲੈਣ ਦੀ ਹਿੰਦੀ ਭਾਸ਼ਾ ਵਿਚ ਅਰਜੀ ਦਿੱਤੀ ਸੀ, ਉਸ ਚਿੱਠੀ ਵਿਚ ਨਾ ਤਾਂ ਮੁਆਫ਼ੀ ਮੰਗੀ ਤੇ ਨਾ ਹੀ ਨਕਲ ਕਰਨ ਦੀ ਗ਼ਲਤੀ ਮੰਨੀ ਗਈ ਫਿਰ ਵੀ ਤਿੰਨ ਦਿਨ ਬਾਅਦ 24 ਸਤੰਬਰ ਨੂੰ ਵਾਪਸ ਲੈ ਲਿਆ। ਜਿਸ ਦਿਨ ਮੁਆਫ਼ ਕਰਨ ਦਾ ਫ਼ੈਸਲਾ ਹੋਇਆ ਮੁਆਫ਼ ਕਰਨ ਲਈ ਪ੍ਰਚਲਤ ਪ੍ਰਣਾਲੀ ਨਹੀਂ ਅਪਣਾਈ ਗਈ। ਦੋਸ਼ੀ ਆਪ ਹਾਜ਼ਰ ਨਹੀਂ ਹੋਇਆ। ਇਨ੍ਹਾਂ ਸਬੂਤਾਂ ਵਾਲਾ ਪੰਥਕ ਅਸੈਂਬਲੀ ਸ੍ਰੀ ਅੰਮ੍ਰਿਤਸਰ ਵੱਲੋਂ 60 ਪੰਨਿਆਂ ਦਾ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੱਚਾ ਚਿੱਠਾ’’ (ਵਾਈਟ ਪੇਪਰ) ਪ੍ਰਕਾਸ਼ਤ ਕੀਤਾ ਗਿਆ ਹੈ, ਜਿਸ ਵਿਚ ਇਹ ਸਾਰਾ ਕੁਝ ਦਿੱਤਾ ਗਿਆ ਹੈ। ਇਹ ਕੱਚਾ ਚਿੱਠਾ ਗੁਰਤੇਜ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਪੱਤਰਕਾਰ ਨੇ ਸੰਪਾਦਤ ਕੀਤਾ ਹੈ। ਇਹ ਲੇਖ ਪੰਥਕ ਅਸੈਂਬਲੀ ਦੇ ਕੱਚੇ ਚਿੱਠੇ ਦੇ ਤੱਥਾਂ ਤੇ ਅਧਾਰਤ ਹੈ। ਇਤਨੀ ਜਲਦੀ ਫੈਸਲਾ ਕਰਨਾ ਵੀ ਦਾਲ ਵਿਚ ਕਾਲਾ ਦੱਸ ਰਿਹਾ ਹੈ।
ਅਕਾਲੀ ਦਲ ਦੀ ਇਹ ਵੋਟਾਂ ਦੀ ਸਿਆਸਤ ਸੀ ਜੋ 2016 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਸੀ। ਇਸ ਫ਼ੈਸਲੇ ਨਾਲ ਤਖ਼ਤਾਂ ਦੇ ਜਥੇਦਾਰਾਂ ਦੇ ਵਕਾਰ ਨੂੰ ਗਹਿਰੀ ਸੱਟ ਵੱਜੀ, ਜਿਨ੍ਹਾਂ ਨੂੰ ਸਿੱਖ ਪੰਥ ਆਪਣੇ ਸਿੱਖ ਧਰਮ ਦੇ ਰੱਖਵਾਲੇ ਅਤੇ ਪ੍ਰੇਰਨਾ ਸਰੋਤ ਮੰਨਦਾ ਸੀ। ਇਥੇ ਹੀ ਬੱਸ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੇ ਫ਼ੈਸਲੇ ਨੂੰ ਸਹੀ ਦਰਸਾਉਣ ਲਈ ਅਖ਼ਬਾਰਾਂ ਅਤੇ ਟੀ ਵੀਂ ਚੈਨਲਾਂ ਨੂੰ 82 ਲੱਖ 50 ਹਜ਼ਾਰ ਰੁਪਏ ਦੇ ਇਸ਼ਤਿਹਾਰ ਦਿੱਤੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜਥੇਦਾਰਾਂ ਦੇ ਫ਼ੈਸਲੇ ਨੂੰ ਸਹੀ ਕਿਹਾ। ਇਸ ਸੰਬੰਧੀ ਜਦੋਂ ਪੰਜਾਬ ਦੇ ਲੋਕ ਸੜਕਾਂ ਤੇ ਆ ਗਏ ਤਾਂ ਫਿਰ ਉਹ ਵਾਪਸ ਲੈਣ ਦਾ ਹੁਕਮਨਾਮਾ 16 ਅਕਤੂਬਰ ਨੂੰ ਰੱਦ ਕਰਨਾ ਪਿਆ। ਇਸ ਫ਼ੈਸਲੇ ਤੋਂ ਬਾਅਦ, ਇਥੇ ਹੀ ਬਸ ਨਹੀਂ ਸ਼ਹੀਦਾਂ ਦੀ ਜਥੇਬੰਦੀ ਦੇ ਮੰਤਰੀਆਂ ਨੂੰ ਲੋਕਾਂ ਵਿਚ ਜਾਣ ਦੇ ਆਪਣੇ ਪ੍ਰੋਗਰਾਮ ਰੱਦ ਕਰਨੇ ਪੈ ਗਏ। ਕਿਥੇ ਇਹ ਅਕਾਲੀ ਨੇਤਾ ਜਿਹੜੇ ਧਰਮ ਦਾ ਨੁਕਸਾਨ ਕਰਨ ਤੇ ਤੁਲੇ ਹੋਏ ਹਨ, ਕਿਥੇ ਸਿਰਦਾਰ ਕਪੂਰ ਸਿੰਘ ਵਰਗੇ ਸਿਰਲੱਥ ਨੇਤਾ ਜਿਹੜੇ ਨਸ਼ਾ ਕਰਨ ਵਾਲੇ, ਤੰਬਾਕੂ ਪੀਣ ਵਾਲੇ ਅਤੇ ਪਤਿਤ ਸਿੱਖਾਂ ਦੀ ਵੋਟ ਲੈਣ ਤੋਂ ਹੀ ਇਨਕਾਰੀ ਸਨ। ਇਹੋ ਅਕਾਲੀ ਦਲ ਦੀ ਲੀਡਰਸ਼ਿਪ ਦਾ ਦੁਖਾਂਤ ਹੈ। ਮੀਰੀ ਪੀਰੀ ਦਾ ਸੰਕਲਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇਹ ਦਰਸਾਉਂਦਾ ਸੀ ਕਿ ਰਾਜ ਭਾਗ ਵਿਚ ਸਿੱਖ ਧਰਮ ਪ੍ਰਫੁਲਤ ਹੋਵੇਗਾ। ਪੰਜਾਬ ਵਿਚ ਸਾਰਾ ਕੁਝ ਇਸਦੇ ਉਲਟ ਹੋਇਆ। ਪੰਥਕ ਸਰਕਾਰ ਹੁੰਦਿਆਂ ਸਿੱਖ ਧਰਮ ਦੀਆਂ ਪਰੰਪਰਾਵਾਂ ਨਾਲ ਖਿਲਵਾੜ ਹੋਣ ਲੱਗ ਪਿਆ। ਅਕਾਲੀ ਦਲ ਵੋਟਾਂ ਪੰਥ ਦੇ ਨਾਂ ਅਤੇ ਸਿੱਖ ਧਰਮ ਨੂੰ ਖਤਰੇ ਦੇ ਨਾਂ ਤੇ ਮੰਗਦਾ ਰਿਹਾ ਹੈ ਪ੍ਰੰਤੂ ਆਪਣੇ ਧਰਮ ਦੀ ਵਿਚਾਰਧਾਰਾ ਦੀ ਰੱਖਿਆ ਤਾਂ ਕੀ ਕਰਨੀ ਸੀ ਸਗੋਂ ਇਸ ਦਾ ਸਤਿਆਨਾਸ ਕਰਨ ਤੇ ਤੁਲਿਆ ਹੋਇਆ ਹੈ। ਅਕਾਲੀ ਦਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 1 ਜੂਨ 2015 ਤੋਂ 19 ਅਕਤੂਬਰ 2015 ਤੱਕ 122 ਘਟਨਾਵਾਂ ਹੋਈਆਂ ਜੋ ਇਸ ਪ੍ਰਕਾਰ ਹਨ- 1 ਜੂਨ 2015 ਨੂੰ ਦੁਪਹਿਰ ਵੇਲੇ ਬੁਰਜ ਜਵਾਹਰ ਸਿੰਘ ਵਾਲਾ ਫ਼ਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ। 24 ਸਤੰਬਰ ਨੂੰ ਸਿੱਖ ਭਾਈਚਾਰੇ ਅਤੇ ਸਿੱਖ ਧਾਰਮਿਕ ਵਿਸ਼ਵਾਸ਼ ਦਾ ਮਜ਼ਾਕ ਉਡਾਉਣ ਵਾਲੇ ਪੋਸਟਰ ਬਰਗਾੜੀ ਪਿੰਡ ਦੀਆਂ ਕੰਧਾਂ ਤੇ ਚਿਪਕਾਏ ਗਏ।
24 ਸਤੰਬਰ ਨੂੰ ਹੁਕਮਨਾਮਾ ਵਾਪਸ ਲੈਣ ਕਰਨ ਤੋਂ ਤੁਰੰਤ ਬਾਅਦ ਉਸੇ ਦਿਨ ਸਮੁੱਚੇ ਪੰਜਾਬ ਵਿਚ ਡੇਰਾ ਸਿਰਸਾ ਦੇ ਮੁੱਖੀ ਵੱਲੋਂ ਬਣਾਈ ਗਈ ਫਿਲਮ ‘‘ਮੈਸੰਜਰ ਆਫ਼ ਗਾਡ’’ ਉਸੇ ਦਿਨ ਫਿਲਮ ਜਾਰੀ ਹੋ ਗਈ। ਇਸ ਤੋਂ ਸ਼ਪਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਡੇਰਾ ਸਿਰਸਾ ਦਾ ਪੂਰਾ ਤਾਲਮੇਲ ਸੀ। ਫਿਰ ਵੀ ਉਸ ਤੋਂ ਅਗਲੇ ਦਿਨ 25 ਸਤੰਬਰ ਨੂੰ ਉਹੀ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਦੇ ਨੇੜੇ ਪੀਰ ਢੋਡਾ ਦੀ ਸਮਾਧ ਉਤੇ ਲਗਾਏ ਗਏ। ਪੋਸਟਰਾਂ ਦੀ ਸ਼ਬਦਾਵਲੀ ਬਹੁਤ ਹੀ ਭੈੜੀ ਅਤੇ ਸ਼ਰਮਨਾਕ ਸੀ। ਮਸਲਾ ਇਸ ਫਿਲਮ ਨੂੰ ਪੰਜਾਬ ਵਿਚ ਵਿਖਾਉਣ ਦਾ ਸੀ। ਪੰਜਾਬ ਸਰਕਾਰ ਅਤੇ ਸਿਰਸਾ ਡੇਰੇ ਦੇ ਆਪਸੀ ਸਮਝੌਤੇ ਕਰਕੇ ਹੀ ਇਹ ਸਾਰਾ ਘਾਲਾ ਮਾਲਾ ਹੋਇਆ। 4 ਅਕਤੂਬਰ ਨੂੰ ਪਿੰਡ ਮੱਲਕੇ ਵਿਚ ਪਵਿਤਰ ਪੰਨੇ ਖਿਲਰੇ ਮਿਲੇ। 12 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਮਿਲੇ। 14 ਅਕਤੂਬਰ ਨੂੰ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਕੋਟਕਪੂਰੇ ਚੌਕ ਵਿਚ ਸ਼ਾਂਤਮਈ ਸੰਗਤ ਤੇ ਲਾਠੀਆਂ, ਪਾਣੀ ਦੀਆਂ ਬੁਛਾੜਾਂ ਅਤੇ ਹਵਾ ਵਿਚ ਗੋਲੀਆਂ ਚਲਾਈਆਂ ਗਈਆਂ। ਇਸੇ ਦਿਨ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ਤੇ ਬੈਠੀਆਂ ਸਿੱਖ ਸੰਗਤਾਂ ਤੇ ਗੋਲੀਆਂ ਨਾਲ ਦੋ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ 4 ਸਿੰਘ ਜ਼ਖ਼ਮੀ ਹੋ ਗਏ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਅਕਾਲੀ ਸਰਕਾਰ ਦੋਸ਼ੀਆਂ ਨੂੰ ਫੜ ਨਹੀਂ ਸਕੀ। ਗੱਲ ਇਥੇ ਵੀ ਖ਼ਤਮ ਨਹੀਂ ਹੁੰਦੀ ਉਲਟਾ ਸਿੱਖ ਸੰਗਤ ਤੇ ਕੇਸ ਦਰਜ ਕਰ ਦਿੱਤਾ ਗਿਆ। ਦੋ ਨੌਜਵਾਨਾ ਤੇ ਵਿਦੇਸ਼ ਵਿਚੋਂ ਪੈਸੇ ਲੈਕੇ ਗੜਬੜ ਕਰਨ ਦਾ ਇਲਜ਼ਾਮ ਲਗਾ ਦਿੱਤਾ ਜੋ ਬਾਅਦ ਵਿਚ ਝੂਠਾ ਸਾਬਤ ਹੋਇਆ। ਚਲੋ ਇਹ ਮੰਨ ਲੈਂਦੇ ਹਾਂ ਕਿ ਘਟਨਾਵਾਂ ਵਿਚ ਸਰਕਾਰ ਦਾ ਹੱਥ ਨਹੀਂ ਪ੍ਰੰਤੂ ਸਰਕਾਰ ਦੋਸ਼ੀਆਂ ਨੂੰ ਫੜਨ ਦੀ ਥਾਂ ਉਨ੍ਹਾਂ ਦਾ ਬਚਾਓ ਕਰਦੀ ਰਹੀ। ਅਸਿਧੇ ਤੌਰ ਤੇ ਬੇਅਦਬੀ ਕਰਨ ਦੀ ਸਰਕਾਰ ਜ਼ਿੰਮੇਵਾਰ ਬਣ ਗਈ। ਇਹ ਸਾਡੀ ਪੰਥਕ ਸਰਕਾਰ ਦੀ ਕਾਰਗੁਜ਼ਾਰੀ ਹੈ। ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਫਤਿਹ ਸਿੰਘ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਇਕ ਕਵਿਤਾ ਲਿਖੀ ਸੀ, ਜਿਸ ਦੀਆਂ ਕੁਝ ਲਾਈਨਾ ਇਸ ਪ੍ਰਕਾਰ ਹਨ-
ਪਹਿਲੀ ਪੌੜੀ ਸਿਆਸਤ ਕੀ, ਪੱਕਾ ਹੋਵੇ ਬੇਸ਼ਰਮ।
ਦੂਜੀ ਪੌੜੀ ਸਿਆਸਤ ਕੀ, ਨਾ ਕੋਈ ਨੇਮ ਅਤੇ ਨਾ ਹੀ ਧਰਮ।
ਤੀਜੀ ਪੌੜੀ ਸਿਆਸਤ ਕੀ, ਸਭ ਕੁਝ ਕਰੀ ਜਾਓ ਕੋਈ ਨਹੀਂ ਭਰਮ।
ਚੌਥੀ ਪੌੜੀ ਸਿਆਸਤ ਕੀ, ਅੰਦਰੋਂ ਕੌੜੇ ਤੇ ਬਾਹਰੋਂ ਨਰਮ।
ਸੰਤ ਫਤਿਹ ਸਿੰਘ ਦੀ ਇਹ ਉਦੋਂ ਦੀ ਲਿਖੀ ਹੋਈ ਕਵਿਤਾ ਅੱਜ ਦੇ ਸ਼ਰੋਮਣੀ ਅਕਾਲੀ ਦਲ ਤੇ ਪੂਰੀ ਢੁਕਦੀ ਹੈ ਕਿਉਂਕਿ ਅਕਾਲੀ ਦਲ ਦੇ ਨੇਤਾਵਾਂ ਦੀ ਕਾਰਗੁਜ਼ਾਰੀ ਅਜਿਹੀ ਹੋ ਗਈ ਹੈ ਕਿ ਲੋਕ ਉਨ੍ਹਾਂ ਤੋਂ ਘਿਰਣਾ ਕਰਨ ਲੱਗ ਗਏ ਹਨ। ਪੰਜਾਬ ਵਿਚ ਨਸ਼ਿਆਂ ਅਤੇ ਗੈਂਗਸਟਰਾਂ ਦਾ ਬੋਲਬਾਲਾ ਉਨ੍ਹਾਂ ਦੇ ਰਾਜ ਵਿਚ ਪ੍ਰਫੁਲਤ ਹੋਇਆ। ਨੌਜਵਾਨ ਪੀੜ•ੀ ਨੂੰ ਸਿਆਸਤ ਵਿਚ ਸਫਲਤਾ ਪ੍ਰਾਪਤ ਕਰਨ ਲਈ ਗੁਮਰਾਹ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੀ ਭਾਈਵਾਲੀ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਕਿਉਂਕਿ ਦੋਹਾਂ ਪਾਰਟੀਆਂ ਦੇ ਸਿਧਾਂਤ ਵੱਖੋ ਵੱਖਰੇ ਹਨ। ਅਕਾਲੀ ਦਲ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਭਾਈਵਾਲ ਹੋਣ ਕਰਕੇ ਉਨ੍ਹਾਂ ਦੇ ਦਬਾਆ ਥੱਲੇ ਪੰਥ ਦਾ ਕਬਾੜਾ ਕਰ ਰਿਹਾ ਹੈ। ਲੰਮੇ ਸਮੇਂ ਵਿਚ ਇਸ ਭਾਈਵਾਲੀ ਦੇ ਨਤੀਜੇ ਸਿੱਖ ਜਗਤ ਲਈ ਖ਼ਤਰਨਾਕ ਸਾਬਤ ਹੋਣਗੇ।