ਲੰਡਨ, (ਮਨਦੀਪ ਖੁਰਮੀ) – ਕਿਸੇ ਬੇ ਗਾਨੇ ਮੁਲਕ ਨੂੰ ਚੱਲੇ ਹੋ ਤਾਂ ਉੱਥੋਂ ਦੇ ਕਾਨੂੰਨ ਦਾ ਗਿਆਨ, ਵਿਚਰਨ ਦੀ ਤਹਿਜ਼ੀਬ ਨੂੰ ਵੀ ਨਾਲ ਲਿਆਉਣਾ ਨਹੀਂ ਭੁੱਲਣਾ ਚਾਹੀਦਾ। ਜੇਕਰ ਅਜਿਹਾ ਨਹੀਂ ਕਰਦੇ ਤਾਂ ਹੁਸ਼ਿਆਰਪੁਰੀਏ ਹਰਦੀਪ ਸਿੰਘ ਵਾਂਗੂੰ ਜੇਲ੍ਹ ਦਾ ਦਾਣਾ-ਪਾਣੀ ਛਕਣ ਦਾ ਸਬੱਬ ਵੀ ਬਣ ਸਕਦੈ। ਹੋਇਆ ਇਉਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਤ ਹਰਦੀਪ ਸਿੰਘ (35 ਸਾਲਾ) ਸੈਲਾਨੀ ਵੀਜ਼ੇ ‘ਤੇ ਇੰਗਲੈਂਡ ਆ ਰਿਹਾ ਸੀ। ਮੁੰਬਈ ਤੋਂ ਮਾਨਚੈਸਟਰ ਦੇ ਜਹਾਜ ਵਿੱਚ ਬੈਠੇ ਹਰਦੀਪ ਸਿਉਂ ਨੇ ਨਾਲ ਬੈਠੀ 20 ਕੁ ਸਾਲਾ ਦੀ ਔਰਤ ਸਵਾਰੀ ਨਾਲ ਗੱਲਾਂ ਬਾਤਾਂ ਸ਼ੁਰੂ ਕੀਤੀਆਂ। ਅੰਗਰੇਜ਼ੀ ਵੱਲੋਂ ਹੱਥ ਤੰਗ ਵਾਲੇ ਹਰਦੀਪ ਸਿੰਘ ਤੋਂ ਉਕਤ ਬੀਬੀ ਉਕਤਾ ਗਈ। ਜਿਉਂ ਹੀ ਜਹਾਜ਼ ਦੀਆਂ ਲਾਈਟਾਂ ਬੰਦ ਹੋਈਆਂ ਤੇ ਸਵਾਰੀਆਂ ਨੇ ਨੀਂਦ ਦੀ ਝਪਕੀ ਲੈਣੀ ਸ਼ੁਰੂ ਕੀਤੀ ਤਾਂ ਹਰਦੀਪ ਸਿੰਘ ਦੇ ਹੱਥਾਂ ਨੇ ਨਾਲ ਬੈਠੀ ਸਵਾਰੀ ਉੱਪਰ ਹਰਕਤ ਸ਼ੁਰੂ ਕਰ ਦਿੱਤੀ। ਫਰਵਰੀ ਮਹੀਨੇ ਵਾਪਰੀ ਇਸ ਘਟਨਾ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਮਿਨਸ਼ੁਲ ਸਟਰੀਟ ਕਰਾਊਨ ਕੋਰਟ ਵੱਲੋਂ ਅੱਜ ਉਸਨੂੰ ਜਿਣਸੀ ਛੇੜਛਾੜ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਛੇ ਮਹੀਨੇ ਦੇ ਸੈਲਾਨੀ ਵੀਜ਼ੇ ‘ਤੇ ਆਇਆ ਹਰਦੀਪ ਸਿੰਘ ਹੁਣ ਇੱਕ ਸਾਲ ਜੇਲ੍ਹ ਦਾ ਦਾਣਾ ਪਾਣੀ ਛਕਣ ਉਪਰੰਤ ਹੀ ਭਾਰਤ ਵਾਪਸ ਭੇਜਿਆ ਜਾਵੇਗਾ। ਪੀੜਤ ਔਰਤ ਨੇ ਸੁਣਵਾਈ ਦੌਰਾਨ ਦੱਸਿਆ ਕਿ ਹਰਦੀਪ ਸਿੰਘ ਨੇ ਛੇੜਛਾੜ ਦੇ ਨਾਲ ਨਾਲ ਉਸਨੂੰ ਚੁੰਮਣ ਦੀ ਕੋਸ਼ਿਸ਼ ਵੀ ਕੀਤੀ। ਸਿਰੋਂ ਪਾਣੀ ਲੰਘਣ ‘ਤੇ ਉਸਨੇ ਜਹਾਜ਼ ਦੇ ਪਿਛਲੇ ਪਾਸੇ ਵਾਲੇ ਸਟਾਫ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹਰਦੀਪ ਸਿੰਘ ਨੂੰ ਉਸ ਔਰਤ ਕੋਲੋਂ ਪਾਸੇ ਕਰ ਦਿੱਤਾ ਗਿਆ ਤੇ ਸਟਾਫ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਜਿਉਂ ਹੀ ਹਰਦੀਪ ਸਿੰਘ ਮਾਨਚੈਸਟਰ ਹਵਾਈ ਅੱਡੇ ‘ਤੇ ਉੱਤਰਿਆ ਤਾਂ ਪੁਲਿਸ ਉਸਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ।
ਇੰਗਲੈਂਡ ਦੇ ਸੈਲਾਨੀ ਵੀਜ਼ੇ ‘ਤੇ ਆਏ ਹਰਦੀਪ ਸਿੰਘ ਨੂੰ ਜਿਣਸੀ ਛੇੜਛਾੜ ਮਾਮਲੇ ‘ਚ ਇੱਕ ਸਾਲ ਕੈਦ
This entry was posted in ਅੰਤਰਰਾਸ਼ਟਰੀ.