ਫ਼ਤਹਿਗੜ੍ਹ ਸਾਹਿਬ – “ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾ ਰਿਹਾ ਹੈ । ਜਦੋਂਕਿ ਮੁਤੱਸਵੀ ਹੁਕਮਰਾਨਾਂ ਬੀਜੇਪੀ ਤੇ ਆਰ.ਐਸ.ਐਸ. ਦੀ ਗੁਲਾਮ ਬਣੀ ਐਸ.ਜੀ.ਪੀ.ਸੀ. ਇਹ ਦਿਹਾੜਾ ਬਿਕਰਮੀ ਕੈਲੰਡਰ ਅਨੁਸਾਰ ਮਨਾ ਰਹੀ ਹੈ । ਇਸਦੀ ਬਦੌਲਤ ਹੀ ਪਾਕਿਸਤਾਨ ਹਕੂਮਤ ਵੱਲੋਂ ਇੰਡੀਆਂ ਤੋਂ ਜਾਣ ਵਾਲੇ ਸਿੱਖ ਕੌਮ ਦੇ ਜਥੇ ਨੂੰ ਇਸ ਵਾਰੀ ਪ੍ਰਵਾਨਗੀ ਨਹੀਂ ਦਿੱਤੀ ਗਈ । ਜਿਸ ਲਈ ਐਸ.ਜੀ.ਪੀ.ਸੀ. ਦੇ ਮੌਜੂਦਾ ਅਧਿਕਾਰੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ, ਜੋ ਸਿੱਖ ਕੌਮ ਦੀ ਅਣਖ਼ੀਲੀ ਤੇ ਵੱਖਰੀ ਪਹਿਚਾਣ ਅਤੇ ਵੱਖਰੇ ਕੈਲੰਡਰ ਨੂੰ ਪ੍ਰਵਾਨ ਨਾ ਕਰਕੇ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਦੇ ਹੋਏ ਕੌਮੀ ਦਿਹਾੜਿਆ ਨੂੰ ਹਿੰਦੂਤਵ ਸੋਚ ਵਿਚ ਰਲਗੜ ਕਰ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਪਿੱਠ ਦੇ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਿਕਰਮੀ ਕੈਲੰਡਰ ਅਨੁਸਾਰ ਮਨਾਉਣ ਦੇ ਪ੍ਰੋਗਰਾਮ ਨੂੰ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਪਾਕਿਸਤਾਨ ਹਕੂਮਤ ਵੱਲੋਂ ਜੋ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ, ਉਸ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਇਮਰਾਨ ਖਾਨ ਦੀ ਪਾਕਿਸਤਾਨ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ ਮਨਾ ਰਹੀ ਹੈ, ਉਸ ਵਿਚ ਸਰਧਾ ਪੂਰਵਕ ਦਰਸ਼ਨ ਕਰਨ ਲਈ ਇੰਡੀਆਂ ਤੋਂ ਜਾਣ ਵਾਲੇ ਜਥੇ ਨੂੰ ਬਿਲਕੁਲ ਨਾ ਰੋਕੇ । ਕਿਉਂਕਿ ਸਿੱਖ ਕੌਮ ਲਈ ਇਹ ਦਿਹਾੜਾ ਬਹੁਤ ਹੀ ਮਹੱਤਵਪੂਰਨ ਅਤੇ ਸੰਜ਼ੀਦਾ ਹੈ । ਬੇਸ਼ੱਕ ਐਸ.ਜੀ.ਪੀ.ਸੀ. ਨਾਨਕਸ਼ਾਹੀ ਕੈਲੰਡਰ ਨੂੰ ਅਪ੍ਰਵਾਨ ਕਰਕੇ ਪਾਕਿਸਤਾਨ ਹਕੂਮਤ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਕਰ ਰਹੀ ਹੈ, ਇਸਦੇ ਬਾਵਜੂਦ ਵੀ ਪਾਕਿਸਤਾਨ ਹਕੂਮਤ ਨੂੰ ਸਿੱਖ ਕੌਮ ਦੇ ਸਰਧਾ ਅਤੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਜੋ ਜਥੇ ਉਤੇ ਰੋਕ ਲਗਾਈ ਗਈ ਹੈ, ਉਸ ਨੂੰ ਖ਼ਤਮ ਕਰਕੇ ਲਾਹੌਰ ਵਿਖੇ ਸ਼ਹੀਦੀ ਸਥਾਂਨ ਨੂੰ ਨਤਮਸਤਕ ਹੋਣ ਦੀ ਇਜਾਜਤ ਦੇਵੇ ਤਾਂ ਜੋ ਸਰਧਾ ਵਾਲੇ ਸਿੱਖ ਲਾਹੌਰ ਵਿਖੇ ਪਹੁੰਚ ਸਕਣ ਅਤੇ ਜੋ ਐਸ.ਜੀ.ਪੀ.ਸੀ. ਵੱਖਰੀ ਤਰੀਕ ਨੂੰ ਮਨਾ ਰਹੀ ਹੈ, ਉਹ ਇੰਡੀਆਂ ਵਿਚ ਇਹ ਦਿਨ ਮਨਾ ਲਵੇ ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਇਮਰਾਨ ਖਾਨ ਹਕੂਮਤ ਲਾਹੌਰ ਵਿਖੇ ਸ਼ਹੀਦੀ ਸਥਾਂਨ ਤੇ ਜਾਣ ਵਾਲੇ ਜਥੇ ਤੇ ਲਗਾਈ ਰੋਕ ਨੂੰ ਖ਼ਤਮ ਕਰਕੇ ਇਜ਼ਾਜਤ ਦੇ ਦੇਵੇਗੀ ਕਿਉਂਕਿ ਲਾਹੌਰ ਸਿੱਖ ਕੌਮ ਦੇ ਖ਼ਾਲਸਾ ਰਾਜ ਦੀ ਰਾਜਧਾਨੀ ਵੀ ਹੈ ਅਤੇ ਗੁਰੂ ਸਾਹਿਬਾਨ ਜੀ ਦੀਆਂ ਯਾਦਾਂ ਨਾਲ ਸਮਰਪਿਤ ਸਥਾਂਨ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਨਹਿਰੂ ਦੀ ਮੰਦਭਾਵਨਾ ਦੀ ਬਦੌਲਤ ਸਾਡੀ ਲਾਹੌਰ ਰਾਜਧਾਨੀ ਪਹਿਲੇ ਖੁਸ ਗਈ ਅਤੇ ਜੋ ਇਥੇ ਚੰਡੀਗੜ੍ਹ ਰਾਜਧਾਨੀ ਬਣਾਈ ਗਈ ਸੀ, ਉਹ ਵੀ ਇਨ੍ਹਾਂ ਨੇ ਸਾਜਿ਼ਸਾਂ ਰਾਹੀ ਸਾਨੂੰ ਮਲਕੀਅਤ ਨਹੀਂ ਦਿੱਤੀ । ਇਸ ਲਈ ਸ੍ਰੀ ਇਮਰਾਨ ਖਾਨ ਸਾਡੇ ਲਾਹੌਰ ਦੇ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਇਹ ਇਜਾਜਤ ਜ਼ਰੂਰ ਦੇਣ ।