ਫ਼ਤਹਿਗੜ੍ਹ ਸਾਹਿਬ – “ਮਲੇਰਕੋਟਲਾ ਦੇ ਪਿੰਡ ਹਥੋਆ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੀ ਦੁਖਾਂਤਿਕ ਕਾਰਵਾਈ ਹੋਈ ਹੈ, ਉਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਤੁਰੰਤ ਕੌਮੀ ਪੀੜਾ ਨੂੰ ਲੈਕੇ ਪਹੁੰਚਣਾ ਅਤੇ ਉਸ ਵਿਰੁੱਧ ਫੌਰੀ ਕਾਰਵਾਈ ਦੀ ਮੰਗ ਕਰਨ ਦੇ ਅਮਲ ਇਹ ਪ੍ਰਤੱਖ ਕਰਦੇ ਹਨ ਕਿ ਇਸ ਸਮੇਂ ਜਿਥੇ ਵੀ ਕੋਈ ਗੈਰ-ਧਾਰਮਿਕ, ਗੈਰ-ਕਾਨੂੰਨੀ, ਗੈਰ-ਸਮਾਜਿਕ ਘਟਨਾ ਵਾਪਰਦੀ ਹੈ ਤਾਂ ਸ. ਮਾਨ ਆਪਣਾ ਕੌਮੀ ਤੇ ਇਨਸਾਨੀ ਫਰਜ ਸਮਝਦੇ ਹੋਏ ਤੁਰੰਤ ਉਥੇ ਪਹੁੰਚਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਆਵਾਜ਼ ਉਠਾਉਦੇ ਹਨ । ਪਰ ਜਿਹੜੀਆ ਮੁਤੱਸਵੀ ਤਾਕਤਾਂ ਅਤੇ ਉਨ੍ਹਾਂ ਦੇ ਭਾਈਵਾਲ ਅਜਿਹੀਆ ਸਾਜਿ਼ਸਾਂ ਦਾ ਹਿੱਸਾ ਹਨ ਅਤੇ ਆਪਣੀ ਵੋਟ ਸਿਆਸਤ ਅਧੀਨ ਧਰਮਾਂ ਅਤੇ ਕੌਮਾਂ ਦੇ ਮਹਾਨ ਸਤਿਕਾਰਯੋਗ ਗ੍ਰੰਥਾਂ ਦਾ ਅਪਮਾਨ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ, ਉਨ੍ਹਾਂ ਵੱਲੋਂ ਸੰਗਤਾਂ ਨੂੰ ਗੁੰਮਰਾਹ ਕਰਨ ਹਿੱਤ ਕੀਤੀਆ ਜਾਣ ਵਾਲੀਆ ਕਾਰਵਾਈਆ ਵਿਚ ਗ੍ਰਸਤ ਹੋ ਕੇ ਕਦੀ ਵੀ ਨਾ ਤਾਂ ਮੁਆਫ਼ ਕਰਨਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਕੀਮਤ ਤੇ ਇਨ੍ਹਾਂ ਦੀਆਂ ਗੱਲਾਂ-ਬਾਤਾ ਉਤੇ ਭਰੋਸਾ ਕਰਨਾ ਚਾਹੀਦਾ ਹੈ । ਕਿਉਂਕਿ ਹਥੋਆ ਵਿਖੇ ਜੋ ਸ. ਗੋਬਿੰਦ ਸਿੰਘ ਲੌਗੋਵਾਲ ਸੰਗਤਾਂ ਦੀ ਝੂਠੀ ਹਮਦਰਦੀ ਲੈਣ ਲਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਸੰਬੰਧੀ ਪਹੁੰਚੇ ਹਨ, ਇਹ ਤਾਂ ਖੁਦ ਉਨ੍ਹਾਂ ਬਾਦਲ ਦਲੀਆ ਦਾ ਹੀ ਹਿੱਸਾ ਅਤੇ ਉਨ੍ਹਾਂ ਦੇ ਗੈਰ-ਧਾਰਮਿਕ, ਗੈਰ-ਕਾਨੂੰਨੀ ਹੁਕਮਾਂ ਉਤੇ ਕੰਮ ਕਰਨ ਵਾਲੇ ਹਨ ਜਿਸਦਾ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਨ੍ਹਾਂ ਦੇ ਪਹੁੰਚਣ ਤੇ ਜੁਆਬ ਲੈਣਾ ਬਣਦਾ ਹੈ ।”
ਇਹ ਵਿਚਾਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ ਅਤੇ ਸ. ਗੁਰਸੇਵਕ ਸਿੰਘ ਜਵਾਹਰਕੇ ਸਾਰੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਹਥੋਆ ਵਿਖੇ ਹੋਈ ਦੁਖਾਇਕ ਘਟਨਾ ਸੰਬੰਧੀ ਅਤੇ ਸ. ਲੌਗੋਵਾਲ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਦੀ ਬਜਾਇ ਮਗਰਮੱਛ ਦੇ ਹੰਝੂ ਵਹਾਉਣ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਪਰੋਕਤ ਆਗੂਆਂ ਨੇ ਕਿਹਾ ਕਿ ਮੌਜੂਦਾ ਹਕੂਮਤੀ ਪ੍ਰਬੰਧਕੀ ਦੋਸ਼ੀ ਪ੍ਰਣਾਲੀ ਵਿਚ ਸਿੱਖ ਕੌਮ ਨੂੰ ਕਾਨੂੰਨ, ਅਦਾਲਤਾਂ ਅਤੇ ਸਰਕਾਰਾਂ ਤੋਂ ਕਿਸੇ ਤਰ੍ਹਾਂ ਦਾ ਇਨਸਾਫ਼ ਮਿਲਣਾ ਅਸੰਭਵ ਜਾਪਦਾ ਹੈ । ਇਸ ਲਈ ਸਾਡੀ ਸਰਬੱਤ ਖ਼ਾਲਸਾ ਦੇ ਜਥੇਦਾਰ ਸਾਹਿਬਾਨ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਹਥੋਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਅਪਮਾਨਿਤ ਘਟਨਾ ਸੰਬੰਧੀ ਇਹ ਸੰਜ਼ੀਦਾ ਅਪੀਲ ਹੈ ਕਿ ਜਿਵੇਂ ਉਨ੍ਹਾਂ ਨੇ ਬਰਗਾੜੀ ਮੋਰਚੇ ਦੀ ਸੁਚੱਜੇ ਢੰਗ ਨਾਲ ਅਗਵਾਈ ਕਰਦੇ ਹੋਏ ਆਵਾਜ਼ ਬੁਲੰਦ ਕੀਤੀ ਸੀ, ਉਹ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਹਥੋਆ ਦੀ ਘਟਨਾ ਸੰਬੰਧੀ ਵੀ ਹਥੋਆ ਵਿਖੇ ਬੈਠਕੇ ਸਿੱਖੀ ਮਰਿਯਾਦਾਵਾ ਅਨੁਸਾਰ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿਵਾਉਣ ਅਤੇ ਅਜਿਹੇ ਸਾਜਿ਼ਸਕਾਰਾਂ ਨੂੰ ਦੁਨੀਆਂ ਦੇ ਚੌਰਾਹੇ ਵਿਚ ਨੰਗਾਂ ਕਰਨ ਦੀ ਜਿ਼ੰਮੇਵਾਰੀ ਨਿਭਾਉਣ । ਤਾਂ ਕਿ ਜੋ ਵਾਰ-ਵਾਰ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਅਤੇ ਵਲੂੰਧਰਣ ਦੇ ਸਾਜ਼ਸੀ ਢੰਗ ਨਾਲ ਅਮਲ ਹੋ ਰਹੇ ਹਨ ਉਨ੍ਹਾਂ ਨੂੰ ਪੂਰਨ ਤੌਰ ਤੇ ਬੰਦ ਕਰਵਾਉਣ ਲਈ ਮੌਜੂਦਾ ਸਰਕਾਰ ਉਤੇ ਜਿ਼ੰਮੇਵਾਰੀ ਪਾਈ ਜਾਵੇ ਅਤੇ ਉਨ੍ਹਾਂ ਨੂੰ ਅਜਿਹੀਆ ਹੋਣ ਵਾਲੀਆ ਦੁੱਖਦਾਇਕ ਕਾਰਵਾਈਆ ਲਈ ਜੁਆਬਦੇਹ ਬਣਾਉਣ ਲਈ ਅਮਲ ਕੀਤੇ ਜਾਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਫੌਰੀ ਹਥੋਆ ਵਿਖੇ ਪਹੁੰਚਕੇ ਕੌਮ ਨੂੰ ਇਸ ਸੰਜ਼ੀਦਾ ਮੁੱਦੇ ਉਤੇ ਲਾਮਬੰਦ ਕਰਦੇ ਹੋਏ ਜਮਹੂਰੀਅਤ ਅਤੇ ਅਮਨਮਈ ਪੱਖੀ ਸੰਘਰਸ਼ ਵਿੱਢਣਗੇ ।