ਨਵੀਂ ਦਿੱਲੀ- ਉਦਯੋਗਿਕ ਘਰਾਣਿਆ ਲਈ ਲਾਬਿੰਗ ਕਰਨ ਵਾਲੀ ਨੀਰਾ ਰਾਡੀਆ ਦੇ ਫ਼ੋਨ ਟੈਪਿੰਗ ਦੇ ਵਿਵਾਦ ਦੇ ਦੇਸ਼ ਵਿੱਚ ਕਾਫੀ ਚਰਚਿੱਤ ਹੋਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਫ਼ੋਨ ਟੈਪਿੰਗ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਜਾਣਕਾਰੀ ਹੈ ਕਿ ਇਸ ਮਸਲੇ ਨੂੰ ਲੈ ਕੇ ਉਦਯੋਗ ਜਗਤ ਬਹੁਤ ਘਬਰਾਇਆ ਹੋਇਆ ਹੈ। ਇਥੇ ਇਹ ਵਰਨਣਯੋਗ ਹੈ ਕਿ ਪ੍ਰਧਾਨਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਰਤਨ ਟਾਟਾ ਨੇ ਨੀਰਾ ਰਾਡੀਆ ਨਾਲ ਹੋਈ ਉਸ ਦੀ ਗੱਲਬਾਤ ਲੀਕ ਹੋਣ ਤੇ ਚਿੰਤਾ ਜਾਹਿਰ ਕੀਤੀ ਹੈ। ਕਾਰਪੋਰੇਟ ਸਪਤਾਹ ਦਾ ਉਦਘਾਟਨ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਫ਼ੋਨ ਟੈਪਿੰਗ ਦੇਸ਼ ਦੇ ਹਿਤ ਵਿੱਚ ਹੈ ਅਤੇ ਇਹ ਜਰੂਰੀ ਵੀ ਹੈ ਪਰ ਇਹ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਇਸ ਦਾ ਗਲਤ ਇਸਤੇਮਾਲ ਨਾਂ ਹੋਵੇ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਸ ਟੇਪ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ। ਕੈਬਨਿਟ ਸਕੱਤਰ ਕੇਐਮ ਚੰਦਰਸ਼ੇਖਰ ਨੂੰ ਇਸ ਸਬੰਧੀ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਫ਼ੋਨ ਟੈਪਿੰਗ ਕਰਨੀ ਵੀ ਪੈ ਜਾਵੇ ਤਾਂ ਇਹ ਕਾਰਵਾਈ ਨਿਯਮਾਂ ਦੇ ਅਧੀਨ ਹੋਣੀ ਚਾਹੀਦੀ ਹੈ। ਇਸਦਾ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ। ਰਾਸ਼ਟਰੀ ਸੁਰੱਖਿਆ ਦੀ ਹਿਫ਼ਾਜਤ, ਟੈਕਸ ਚੋਰੀ ਅਤੇ ਆਰਥਿਕ ਘਪਲੇ ਰੋਕਣ ਲਈ ਸਰਕਾਰੀ ਏਜੰਸੀਆਂ ਨੂੰ ਦਿਤੇ ਗਏ ਅਧਿਕਾਰਾਂ ਕਰਕੇ ਉਦਯੋਗ ਜਗਤ ਬਹੁਤ ਚਿੰਤਤ ਹੈ। ਜਿਕਰਯੋਗ ਹੈ ਕਿ ਇੱਕ ਮੈਗਜੀਨ ਨੇ ਰਾਡੀਆ ਦੀਆਂ 800 ਨਵੀਆਂ ਟੇਪਾਂ ਦਾ ਖੁਲਾਸਾ ਕੀਤਾ ਹੈ। ਟਾਟਾ ਨੇ ਸੋਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਇਸ ਟੇਪ ਦੇ ਪ੍ਰਕਾਸ਼ਨ ਤੇ ਰੋਕ ਲਗਾਈ ਜਾਵੇ। ਇਸ ਨਾਲ ਉਨ੍ਹਾਂ ਦੀ ਨਿਜਤਾ ਭੰਗ ਹੋਈ ਹੈ।