ਦਫਤਰੋਂ ਘਰ ਆਉਂਦਿਆਂ ਹੀ ਮਹਿੰਦਰ ਪਾਲ ਨੇ ਆਪਣੀ ਪਤਨੀ ਨੂੰ ਅਵਾਜ ਮਾਰੀ, ”ਮਧੂ, ਇੱਕ ਗਲਾਸ ਪਾਣੀ ਦੇਣਾ, ਪਿਆਸ ਲੱਗੀ ਹੈ।” ਮਧੂ ਪਾਣੀ ਲੈ ਕੇ ਆਉਂਦੀ ਹੈ। ਅੱਜ ਤਾਂ ਬਹੁਤ ਥੱਕੇ ਨਜਰ ਆਉਂਦੇ ਹੋ”, ਮਧੂ ਬੋਲੀ। ਮੋਢੇ ਤੋਂ ਬੈਗ ਉਤਾਰ ਕੇ ਸੋਫੇ ਤੇ ਰੱਖਦਿਆਂ ਮਹਿੰਦਰ ਪਾਲ ਨੇ ਲੰਬਾ ਸਾਹ ਲਿਆ, ‘ਹਾਅ…।’ ਨਾਲ ਹੀ ਸਿਰ ਸੋਫੇ ਦੀ ਢੋਅ ਤੇ ਸੁੱਟ ਕੇ ਛੱਤ ਨੂੰ ਦੇਖਣ ਤੇ ਸੋਚਣ ਲੱਗ ਪੈਂਦਾ ਹੈ।
ਮਹਿੰਦਰ ਪਾਲ ਲੋਕਲ ਤਹਿਸੀਲ ਦਫਤਰ ਵਿੱਚ ਅੰਕੜਾ ਕਲਰਕ ਸੀ। ਮਧੂ ਧਾਰਮਿਕ ਸੁਭਾਅ ਦੀ ਗ੍ਰਹਿਣੀ ਹੈ। ਦੋਵੇਂ ਬੱਚੇ…ਬੇਟਾ ਸਾਹਿਲ ਤੇ ਬੇਟੀ ਅੰਜੂ ਕਾਲਜ ਦੇ ਵਿਦਆਰਥੀ ਨੇ।
ਮਹਿੰਦਰ ਪਾਲ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸਰਕਾਰੀ ਨੌਕਰੀ ਕਹਿਣਾ ਹੀ ਸੌਖਾ ਹੈ ਪਰ ਨਿਭਾਉਣੀ ਬੜੀ ਔਖੀ ਹੈ। ਅੱਜ-ਕੱਲ ਤਾਂ ਨਿਰੀ ਕੁੱਤੇ ਖਾਣੀ ਤੇ ਗੁਲਾਮੀ ਬਣ ਗਈ ਹੈ। ਬੰਦਾ ਜਾਂ ਤਾਂ ਅਫਸਰ ਹੋਵੇ ਜਾਂ ਸੇਵਾਦਾਰ…..ਪਰ ਸਰਕਾਰੀ ਬਾਊ ਕਦੇ ਨਾ ਬਣੇ…ਜੂਨ ਗਰਕ ਜਾਂਦੀ ਹੈ, ਬਾਊ ਬਣ ਕੇ,,। ਕੋਈ ਖੁਸ਼ ਹੋ ਕੇ ਕੁਝ ਦੇਜੇ, ਤਾਂ ਵੀ ਬੁਰਾ ਤੇ ਜੇ ਨਾ ਮਿਲੇ ਤਾਂ ਵੀ ਬਦਨਾਮੀ। ਉਪਰੋਂ ਵੱਡੇ ਅਫਸਰਾਂ ਦਾ ਅਫਸਰਪੁਣਾ ਡਾਕ ਦੀਆਂ ਫਾਇਲਾਂ ਚੁੱਕ-ਚੁੱਕ ਵਾਰ-ਵਾਰ ਦਫਤਰ ਦੇ ਅੰਦਰ ਝਾਕਣਾ ਕਿ ਅਫਸਰ ਵੇਹਲਾ ਹੈ ਜਾਂ ਨਹੀਂ ਫੇਰ ਡਾਕ ਸਾਇਨ ਕਰਵਾਉਣੀ, ਕੋਈ ਫਾਇਲ ਰਹਿ ਨਾ ਜਾਵੇ, ਕਾਹਲੀ- ਕਾਹਲੀ ਸਭੇ ਫਾਇਲਾਂ ਧਰਨੀਆਂ ਤੇ ਚੁੱਕਣੀਆਂ, ਫੇਰ ਕਿਸੇ ਅੜੀ ਫਸੀ ਜਾਂ ਲੇਟ ਹੋਈ ਫਾਇਲ ਤੇ ਸਫਾਈ ਦੇਣੀ ਤੇ ਕਾਰਨ ਸ਼ਪੱਸ਼ਟ ਕਰਨੇ, ਕਦੇ- ਕਦੇ ਅਫਸਰ ਦੇ ਜਰੂਰੀ ਫਾਇਲ ਨੂੰ ਕੋਲ ਰੱਖ ਲੈਣਾ, ਦੇਰੀ ਵਾਲੀ ਫਾਇਲ ਬਾਰੇ ਟੈਸ਼ਨ ਅਤੇ ਫਾਇਲਾਂ ਸਬੰਧੀ ਪਬਲਿਕ ਦਾ ਤੋੜ- ਤੋੜ ਖਾਣਾ, ਫੋਨ ਤੇ ਫੋਨ ਕਰਨੇ। ਸਾਰਾ ਦਿਨ ਮਸ਼ੀਨ ਵਾਂਗ ਕੰਮ ਕਰੋ ਤੇ ਰਾਤ ਨੂੰ ਟੈਸ਼ਨ ਨਾਲ ਨੀਂਦ ਨਾ ਆਉਣੀ ਤੇ ਜੇ ਉੱਠੋ ਫੇਰ ਦਿਨੇ ਉਹੋ ਰੋਣਾ- ਧੋਣਾ। ਐਤਵਾਰ, ਸ਼ਨੀਵਾਰ ਕੋਈ ਨਾ ਕੋਈ ਐਮਰਜੈਂਸੀ ਚਿੱਠੀ- ਪੱਤਰ, ਡਿਊਟੀ ਸੰਗੇ ਫਸੇ ਰਹਿੰਦੀ ਹੈ, ਬੱਚਿਆਂ ਦੀਆਂ ਫੀਸਾਂ, ਕੱਪੜੇ, ਬਿਜਲੀ ਦਾ ਬਿੱਲ ਤੇ ਘਰ ਦੇ ਹੋਰ ਲਟਰਮ- ਪਟਰਮ ਖਰਚੇ ਤੇ ਤਨਖਾਹ….ਤਨਖਾਹ ਦਾ ਤਾਂ ਆਉਣ ਦਾ ਬਾਦ ‘ਚ ਪਤਾ ਲੱਗਦਾ ਖਰਚੀ ਪਹਿਲਾਂ ਜਾਂਦੀ ਐ, ਜੇ ਕਿਤੇ ਤਨਖਾਹਾਂ ਹਫਤਾ ਲੇਟ ਹੋ ਜਾਣ ਤਾਂ ਜਾਨ ਸੰਗ ਨੂੰ ਆ ਜਾਂਦੀ ਐ, ਹੋਮ ਲੋਨ ਦੀ ਕਿਸ਼ਤ ਸਿਰੇ ਚੜੀ ਜਾਨ ਸੁਕਾਉਂਦੀ ਹੈ, ਫੇਰ ਐਧਰ – ਉਧਰ ਝਾਕਣਾ ਪੈਂਦਾ ਕਿ ਸੌਖਾ ਕਿਹੜਾ ਹੈ, ਸ਼ਾਇਦ ਕੋਈ ਡੰਗ ਸਾਰ ਦੇਵੇ। ਤੇ ਸਭ ਤੋਂ ਭੈੜਾ ਉਸਨੂੰ ਦਫਤਰ ਦਾ ਸੁਪਰਡੰਟ ਕਿਸ਼ੋਰੀ ਲਾਲ ਲੱਗਦਾ ਸੀ ਜੋ ਕਿ ਹਰ ਫਾਇਲ ਤੇ ਪੈਸੇ ਵਾਲੇ ਕੇਸ ਵਿੱਚ ਲਾਲਾਂ ਸੁੱਟਦਾ ਰਹਿੰਦਾ ਸੀ। ਹਰ ਵੇਲੇ ਸੂਹ ਲੈਂਦਾ ਰਹਿੰਦਾ ਸੀ ਕਿ ਕਿਹੜਾ ਬਾਊ ਕੀ- ਕੀ ਕੰਮ ਕਰਦਾ ਹੈ। ਫਾਇਦੇ ਵਾਲੀਆਂ ਫਾਇਲਾਂ ਘੁੱਟੀ ਰੱਖਦਾ ਤੇ ਖਾਸੀ ਦਿਲਚਸਪੀ ਲੈਂਦਾ। ”ਮੈਂ ਤਾਂ ਆਪਣੇ ਬੱਚਿਆਂ ਨੂੰ ਬਾਊਗਿਰੀ ਵਿੱਚ ਕਦੇ ਨਹੀ ਪਾਉਣਾ, ਕਦੇ ਵੀ ਨਹੀਂ” , ਉਹ ਗੁੱਸੇ ‘ਚ ਬੋਲਿਆ। ਉਹ ਇਕੇ ਸਾਹ ਸਾਰਾ ਹਾਲ ਸੁਣਾ ਗਿਆ।
ਮਹਿੰਦਰ ਪਾਲ ਦੀ ਪਤਨੀ ਬੋਲੀ, ‘ਰੋਜ ਹੀ ਤੁਹਾਨੂੰ ਦੇਖਦੀ ਹਾਂ, ਪਰੇਸ਼ਾਨ ਰਹਿੰਦੇ ਹੋ, ਤੁਸੀਂ ਬਾਹਲੀ ਚਿੰਤਾ ਨਾ ਕਰਿਆ ਕਰੋ, ਪ੍ਰਭੂ ਦਾ ਨਾਮ ਲਿਆ ਕਰੋ।’ ਸੱਚ ਹਾਂ.. ਮੈਂ ਕੱਲ ਸਵੇਰੇ ਮੰਦਰ ਗਈ ਸੀ ਤਾਂ ਮੰਦਰ ਵਾਲੇ ਵੱਡੇ ਪੰਡਤ ਜੀ ਨੇ ਤੁਹਾਡੀ ਸੁੱਖ ਸਾਂਦ ਪੁੱਛੀ ਤਾਂ ਮੈਂ ਤੁਹਾਡੇ ਬਾਰੇ ਗੱਲ ਕੀਤੀ ਸੀ, ਉਹ ਕਹਿੰਦੇ ਸੀ, ”ਸ਼ਨੀ ਭਾਰੂ ਲੱਗਦੈ, ਮਹਿੰਦਰ ਨੂੰ ਕਹੋ ਕੀੜੀਆਂ ਦੇ ਭੌਣ ਤੇ ਤਿਲ, ਚੌਲ ਤੇ ਸ਼ੱਕਰ ਆਦਿ ਜੋ ਵੀ ਮਿਲੇ, ਸ਼ਾਮ ਨੂੰ ਪਾ ਆਇਆ ਕਰੇ, ਇਹ ਜੀਵ ਰੱਬ ਦੇ ਨੇੜੇ ਹੁੰਦੇ ਨੇ, ਇਹ ਖੁਸ਼ ਤਾਂ ਰੱਬ ਖੁਸ਼, ਬੇਟਾ ਸਭ ਪਰੇਸ਼ਾਨੀਆਂ, ਮੁਸ਼ਕਿਲਾਂ ਦੂਰ ਹੋ ਜਾਣਗੀਆਂ, ਮਨ ਅਤੇ ਜਿੰਦਗੀ ਵਿੱਚ ਸ਼ਾਂਤੀ ਤੇ ਖੁਸ਼ੀ ਆਵੇਗੀ।”
“ਕੀੜੀਆਂ ਦਾ ਭੌਣ..??” ਮਹਿੰਦਰ ਪਾਲ, ਮਧੂ ਦੀ ਗੱਲ ਸੁਣ ਵਿਅੰਗੀ ਭਾਵਾਂ ਨਾਲ ਮੁਸਕਰਾਇਆ। ਸ਼ਾਇਦ ਇਹ ਹੱਲ ਉਸਨੂੰ ਬਹੁਤ ਹੀ ਨਿਗੂਣਾਂ ਤੇ ਬੇ- ਮਾਇਨਾ ਲੱਗ ਰਿਹਾ ਸੀ ਤੇ ਆਪਣੀ ਰੋਜ ਮਰਾ ਦੀ ਹਾਲਤ ਕੋਈ ਗੌਰੀ ਸ਼ੰਕਰ ਦੀ ਉੱਚੀ ਚੋਟੀ ਲੱਗ ਰਿਹਾ ਸੀ ਜਿਸਦੇ ਪੈਰਾਂ ਵਿੱਚ ਉਹ ਕੀੜੀ ਬਣ ਖੜਾ ਸੀ। ਮਧੂ ਬੋਲੀ, ”ਦੇਖੋ ਜੀ, ਹੁਣ ਕੋਈ ਟਾਲਾ ਨਹੀ ਕਰਨਾ, ਕੱਲ ਸ਼ਨੀਵਾਰ ਹੈ, ਛੁੱਟੀ ਵਾ ਤੇ ਤੁਸੀਂ ਸ਼ਾਮ ਨੁੰ ਕੀੜੀਆਂ ਦੇ ਭੌਣ ਤੇ ਤਿੱਲ ਤੇ ਚੌਣ ਪਾਵਣ ਜਾਵੋਗੇ।”
ਮਹਿੰਦਰ ਪਾਲ ਕੋਲ ਸਿਵਾਏ ਹਾਂ ਵਿੱਚ ਸਿਰ ਹਲਾਉਣ ਦੇ ਕੋਈ ਹੋਰ ਚਾਰਾ ਨਹੀ ਸੀ। ਸਾਰੀ ਰਾਤ ਸੋਚਦਾ ਰਿਹਾ ਤਿੱਲ ਤੇੇ ਚੌਲ ਜਿੰਦਗੀ ਦੀਆਂ ਸਭੇ ਤੰਗੀਆਂ ਦਾ ਹੱਲ ਹੋ ਸਕਦੇ ਨੇ ?? ਫੇਰ ਉਹਦੀਆਂ ਅੱਖਾਂ ਮੂਹਰੇ ਪੈਂਡਿੰਗ ਦਫਤਰੀ ਡਾਕ- ਫਾਇਲਾਂ ਦਾ ਪਰਬਤ ਆਣ ਖਲੋ ਗਿਆ।
ਸ਼ਨੀਵਾਰ ਛੁੱਟੀ ਵਾਲੇ ਦਿਨ ਉਹ ਉੱਠਦਾ ਤਾਂ ਲੇਟ ਹੁੰਦਾ ਸੀ, ਪਰ ਅੱਜ ਉਹ ਜਲਦੀ ਉੱਠਿਆ ਤੇ ਤੜਕ ਸਾਰ ਹੀ ਸੈਰ ਨੂੰ ਨਿਕਲ ਤੁਰਿਆ, ਉਸ ਸੋਚਿਆ ਏਸੇ ਬਹਾਨੇ ਕੀੜੀਆਂ ਦਾ ਭੌਣ ਲੱਭ ਜਾਵੇਗਾ। ਪਾਰਕ ਵਿੱਚ ਦੀ ਲੰਘਿਆ ਪਰ ਕੋਈ ਭੌਣ ਜਾਂ ਕੋਈ ਮਿੱਟੀ ਦੀ ਵਰਮੀ ਨਜਰ ਨਾ ਆਈ ਜਿੱਥੇ ਕੀੜੀਆਂ ਹੋਣ। ਫੇਰ ਧੁੱਪ ਚਮਕਣ ਲੱਗੀ ਤੇ ਉਹ ਗਰਮੀ ਤੋਂ ਡਰਦਾ ਘਰ ਵਾਪਸ ਪਰਤ ਆਇਆ। ਗਰਮੀ ਤੋਂ ਡਰ ਨੇ ਉਸ ਨੂੰ ਮਹਿਸੂਸ ਕਰਵਾਇਆ ਕਿ ਉਹ ਦਫਤਰ ਵਿੱਚ ਏ.ਸੀ ਦੀ ਠੰਡੀ ਹਵਾ ਵਿੱਚ ਬੈਠ ਬੈਠ ਕੇ ਕਿੰਨਾ ਸੋਹਲ ਹੋ ਗਿਆ ਸੀ। ਘਰ ਆ ਕੇ ਸਾਹ ਲੈ ਕੇ ਨਹਾ ਧੋ ਕੇ ਅਖਬਾਰੀ ਦੁਨੀਆਂ ਵਿੱਚ ਗੁਆਚ ਗਿਆ। ਚਾਹ ਦਾ ਕੱਪ ਫੜਾਉਂਦੀ ਮਧੂ ਬੋਲੀ, “ਆ ਗਏ ਸੈਰ ਕਰਕੇ।” ਉਹ ਬੋਲਿਆ ਮਧੂ, “ਮੈਂ ਸਾਰੇ ਰਾਹ ਦੇਖਦਾ ਗਿਆ ਪਰ ਕਿਤੇ ਵੀ ਕੋਈ ਕੀੜੀਆਂ ਦਾ ਭੌਣ ਜਾਂ ਵਰਮੀ ਨਹੀ ਦਿਖੀ।” ਮਧੂ ਮੁਸਕਰਾਈ ਤੇ ਬੋਲੀ, “ਵੇਖੋ ਜੀ, ਕੀੜੀਆਂ ਤੇ ਜੰਤੂ – ਪ੍ਰਾਣੀ ਤੜਕਸਾਰ ਕਿਥੇ ਲੱਭਣਗੇ। ਉਹ ਵੀ ਵਿਚਾਰੇ ਦਿਨ ਨਿਕਲੇ ਹੀ ਆਪਣੀ ਰੋਜੀ- ਰੋਟੀ ਦੀ ਭਾਲ ਵਿੱਚ ਨਿਕਲਦੇ ਨੇ ਤੇ ਸ਼ਾਮਾਂ ਪਈਆਂ ਦਾਨਾ- ਚੋਗਾ ਇੱਕਠਾ ਕਰਕੇ ਪਰਤਦੇ ਨੇ। ਉਹ ਤਾਂ ਸ਼ਾਮ ਨੁੂੰ ਮਿਲਣਗੇ, ਸੂਰਜ ਢਲਦਿਆਂ।”
ਮਹਿੰਦਰ ਪਾਲ ਫੇਰ ਸੋਚੀਂ ਪੈ ਗਿਆ ਕਿ ਸ਼ਾਇਦ ਮਧੂ ਠੀਕ ਕਹਿੰਦੀ ਹੈ। ਜੀਵ – ਜੰਤੂ, ਪਸ਼ੁੂ – ਪ੍ਰਾਣੀ ਵੀ ਗਰਮੀ- ਸਰਦੀ ਤੋਂ ਡਰਦੇ ਨੇ, ਪਰਿਵਾਰ ਲਈ ਦਾਨਾ-ਚੋਗਾ ਚੁੱਗ ਕੇ, ਘਰ ਨੂੰ ਪਰਤਦੇ ਨੇ, ਥੱਕ ਕੇ, ਮਿਹਨਤ ਕਰਕੇ,,,ਮਨੁੱਖਾਂ ਵਾਂਗ ਹੀ,,ਉਹਦੇ ਵਾਂਗ ਹੀ..।
“ਮਧੂ ਬੱਚੇ ਕਿੱਥੇ ਨੇ” ਮਹਿੰਦਰ ਪਾਲ ਨੇ ਪੁੱਛਿਆ। ”ਸਾਹਿਲ ਮੈਚ ਖੇਡਣ ਗਿਆ ਵਾ ਤੇ ਅੰਜੂ ਸਹੇਲੀ ਕੋਲੋਂ ਨੋਟਿਸ ਲੈਣ ਗਈ ਏ, ਜੀ’ ਰਸੋਈ ਅੰਦਰੋਂ ਮਧੂ ਨੇ ਅਵਾਜ ਦਿੱਤੀ। ਸਾਰਾ ਦਿਨ ਘਰ ਦੇ ਛੋਟੇ ਮੋਟੇ ਕਾਰ ਵਿਹਾਰਾਂ ਵਿੱਚ ਦਿਨ ਲੰਘ ਗਿਆ ਸ਼ਾਮਾਂ ਪੈਂਦਿਆਂ ਸੂਰਜ ਅਸਤ ਹੋਣ ਦੇ ਕਿਨਾਰੇ ਸੀ ਕਿ ਮਹਿੰਦਰ ਪਾਲ ਘਰੋਂ ਤੁਰ ਪਿਆ ਕੀੜੀਆਂ ਦੇ ਭੌਣ ਨੁੰ ਲੱਭਣ ਲਈ।
ਘਰ ਦੇ ਨੇੜਲਾ ਪਾਰਕ ਪਾਰ ਕਰਦੇ ਹੀ ਉਹ ਹੋਰ ਅੱਗੇ ਨਿਕਲ ਗਿਆ ਹੱਥ ਵਿੱਚ ਤਿਲਾਂ, ਚੌਲਾਂ ਤੇ ਸ਼ੱਕਰ ਦਾ ਛੋਟਾ ਲਿਫਾਫਾ ਕਿਸੇ ਵਿਸ਼ਵਾਸ਼ ਸੰਗ ਘੁੱਟ ਕੇ ਤੁਰਦਾ- ਤੁਰਦਾ ਉਹ ਸ਼ਹਿਰ ਤੋਂ ਦੂਰ ਨਿਕਲ ਗਿਆ।ਸ਼ਹਿਰ ਦੇ ਬਾਹਰਵਾਰ ਨਹਿਰ ਕਿਨਾਰੇ ਅਣਗਿਣਤ ਰੁੱਖਾਂ ਦੀਆਂ ਕਤਾਰਾਂ ਦੇਖ ਉਸਦਾ ਮਨ ਖੁਸ਼ ਹੋ ਗਿਆ। ਆਪਣੇ ਆਪ ਨੁੁੁੂੰ ਬੋਲਿਆ, “ਏਥੇ ਕੀੜੀਆਂ ਦਾ ਭੌਣ ਜਰੂਰ ਹੋਵੇਗਾ।”
ਨਹਿਰ ਕਿਨਾਰੇ ਠੰਡੀ ਹਵਾ, ਪਾਣੀ ਦੀ ਠੰਡਕ ਤੇ ਸ਼ਾਂਤੀ ਦੇ ਦ੍ਰਿਸ ਨੇ ਉਸਦੇ ਅਸ਼ਾਂਤ ਮਨ ਨੂੰ ਸ਼ਾਂਤ ਕੀਤਾ, ਪੰਛੀਆਂ ਦੀ ਚਹਿਕ ਤੇ ਰੌਲੀ ਵਿੱਚ ਆ ਕੇ ਉਸਨੂੰ ਵਧੀਆ ਤੇ ਸਕੂਨ ਭਰਿਆ ਲੱਗਾ। ਫੇਰ ਅੱਗੇ ਹੋਇਆ ਤਾਂ ਇੱਕ ਮਿੱਟੀ ਦੀ ਵਰਮੀ ਨਜਰੀ ਪਈ, ਉਹ ਖੁਸ਼ ਹੋ ਗਿਆ। ਨਜਦੀਕ ਉਸਨੂੰ ਕਾਫੀ ਕੀੜੀਆਂ ਦੀ ਰੌਣਕ ਤੇ ਹਿੱਲ – ਜੁੱਲ ਦਿਖੀ। ਕਈ ਕੀੜੀਆਂ ਵਰਮੀ ਵਿੱਚੋਂ ਆ ਰਹੀਆਂ ਸਨ ਤੇ ਕਈ ਕਤਾਰਾਂ ਜਾ ਰਹੀਆਂ ਸਨ। ਉਹ ਨੀਝ ਨਾਲ ਬੈਠਾ ਤੱਕਣ ਲੱਗਾ।
ਫੇਰ ਉਸਨੇ ਲਿਫਾਫੇ ਵਿੱਚੋਂ ਤਿੱਲ, ਚੌਲ ਤੇ ਸ਼ੱਕਰ ਕੱਢੀ ਤੇ ਕੀੜੀਆਂ ਦੀ ਕਤਾਰਾਂ ਅੱਗੇ ਖਿਲਾਰਿਆ। ਉਸਨੇ ਧਿਆਨ ਨਾਲ ਵੇਖਿਆ ਕਿ ਜੋ ਕੀੜੀਆਂ ਮਿੱਟੀ ਦੀ ਵਰਮੀ ਵਲੋਂ ਆ ਰਹੀਆਂ ਸਨ ਉਹ ਕਾਹਲੀ ਕਾਹਲੀ ਸ਼ੱਕਰ, ਤਿਲ ਤੇ ਚੌਲ ਜੋ ਵੀ ਹੱਥ ਲੱਗਾ, ਚੁੱਕ- ਚੁੱਕ ਘਰਾਂ ਨੂੰ ਲਿਜਾਣ ਲੱਗੀਆਂ, ਰਸਤੇ ਵਿੱਚ ਦੂਜੀਆਂ ਕੀੜੀਆਂ ਜੋ ਜਾ ਰਹੀਆਂ ਸਨ, ਉਨਾਂ ਨੂੰ ਵੇਖ ਵਾਪਸ ਤਿੱਲਾਂ ਚੌਲਾਂ ਤੇ ਸ਼ੱਕਰ ਵੱਲੇ ਭੱਜੀਆਂ। ਕੁਝ ਕੀੜੀਆਂ ਉਸ ਨੂੰ ਵਧੇਰੇ ਲੋਭੀ ਲੱਗੀਆਂ ਜੋ ਸ਼ੱਕਰ ਵਰਗੀ ਮਿੱਠੀ ਚੀਜ ਵੱਲੇ ਹੀ ਕੇਂਦਰਤ ਸਨ ਤੇ ਕੁਝ ਵਿਚਾਰੀਆਂ ਸਿਰਫ ਤਿਲ ਤੇ ਚੌਲ ਲਿਜਾ ਰਹੀਆਂ ਸਨ। ਕੁਝ ਕੀੜੀਆਂ ਦੀ ਚਾਲ ਤੇਜ ਤੇ ਦੂਹਰੇ – ਤੀਹਰੇ ਫੇਰੇ ਦੀ ਸੀ ਤੇ ਕੁਝ ਸਿਰਫ ਇੱਕ-ਇੱਕ ਦਾਨਾ ਹੀ ਆਪਣੇ ਘਰ ਤੱਕ ਲਿਜਾ ਰਹੀਆਂ ਸਨ। ਪਰ ਜਾ ਇੱਕੋ ਹੀ ਕਤਾਰ ਵਿੱਚ ਰਹੀਆਂ ਸਨ। ਇਨੇ ਨੂੰ ਵਰਮੀ ਅੰਦਰ ਜਾਣ ਵਾਲੇ ਸਮਾਨ ਦੀ ਆਮਦ ਨਾਲ ਅਣਗਿਣਤ ਕੀੜੀਆਂ ਬਾਹਰ ਆ ਗਈਆਂ। ਵੇਂਹਦਿਆਂ-ਵੇਂਹਦਿਆਂ ਹੀ ਭੌਣ ਵਿੱਚ ਰੌਣਕ ਹੋ ਗਈ। ਹਰ ਬੰਨੇ ਖੋਹ-ਮਈ ਤੇ ਕੁਰਬਲ-ਕੁਰਬਲ ਹੋਣ ਲੱਗੀ। ਹੁਣ ਉਸਨੇ ਬਚਦੇ ਤਿੱਲ, ਚੌਲ ਤੇ ਸ਼ੱਕਰ ਵੀ ਭੌਣ ਤੇ ਪਾ ਦਿੱਤਾ।
ਅਚਾਨਕ ਉਸਨੂੰ ਇੱਕ ਅਜੀਬ ਦ੍ਰਿਸ਼ ਦਿਿਸਆ ਜੋ ਇਸ ਸ਼ਾਂਤਮਈ ਮਾਹੌਲ ਵਿੱਚ ਖਲਬਲੀ ਪਾ ਗਿਆ। ਉਹ ਧਿਆਨ ਨਾਲ ਵੇਖਣ ਲੱਗ ਪਿਆ। ਇਹ ਇੱਕ ਵੱਡ ਅਕਾਰੀ ਕੀੜਾ ਸੀ ਜੋ ਭੱਜਾ ਆਇਆ ਤੇ ਧੱਕਾ-ਮੁੱਕੀ ਕਰਨ ਲੱਗਾ ਤੇ ਹਰ ਇੱਕ ਚੀਜ ਤੇ ਆਪਣਾ ਅਧਿਕਾਰ ਜਤਾਉਣ ਤੇ ਕਬਜਾ ਕਰਨ ਲੱਗਾ। ਮਿੱਠੀ ਸ਼ੱਕਰ ਦੇ ਵੱਡੇ ਢੇਲਿਆਂ ਤੇ ਮਾਲਕੀ ਜਤਾ ਰਿਹਾ ਸੀ। ਬਾਕੀ ਕੀੜੀਆਂ ਉਸਦੇ ਮਾਲਕੀ ਵਾਲੇ ਢੇਲਿਆਂ ਤੋਂ ਦੂਰੀ ਬਣਾ ਰਹੀਆਂ ਸਨ। ਇਹ ਉਸਨੁੰ ਬਿਲਕੁਲ ਸੁਪਰਡੰਟ ਕਿਸ਼ੋਰੀ ਲਾਲ ਵਰਗਾ ਲੱਗਾ ਇਹ ਉਨਾਂ ਵਰਗਾ ਸੀ ਜੋ ਦੂਜਿਆਂ ਦੀ ਸ਼ਾਂਤੀ ਭੰਗ ਕਰਦੇ ਹਨ। ਤਿਲ, ਚੌਲ ਅਤੇ ਸ਼ੱਕਰ ਆਪੋ-ਆਪਣੇ ਕੱਦ ਮੁਤਾਬਕ ਆਮ ਲੋਕਾਂ ਜਿਹੇ ਲੱਗੇ ਜਿਨਾਂ ਦਾ ਮਾਸ ਸਰਕਾਰੀ ਦਫਤਰਾਂ ਵਿੱਚ, ਹਸਪਤਾਲਾਂ ਵਿੱਚ ਤੇ ਹੋਰ ਨਿਜ਼ਾਮੀਂ ਤਾਕਤਾਂ ਵਲੋਂ ਚੂੰਢਿਆਂ ਜਾਂਦਾ ਹੈ ਤੇ ਇਹ ਸਿਲਸਿਲਾ ਹਰ ਥਾਂ ਜਾਰੀ ਹੈ।
ਇਸ ਸਭ ਨੇ ਉਸ ਦੇ ਮਨ ਦੀ ਅਸ਼ਾਂਤੀ ਤੇ ਪਰੇਸ਼ਾਨੀ ਹੋਰ ਵਧਾ ਦਿੱਤੀ। ਉਸਦੇ ਘਰ ਨੁੰ ਮੁੜਦੇ ਕਦਮ ਧੀਮੇ ਹੋ ਰਹੇ ਸਨ। ਇਹ ਸਭ ਦੇਖ ਉਸਦੀ ਥਕਾਨ ਪਹਾੜ ਵਾਂਗ ਵੱਧ ਰਹੀ ਸੀ। ਉਹ ਥੱਕ ਕੇ ਜਦ ਹਨੇਰੇ ਹੋਏ ਆਪਣੇ ਘਰ ਪਹੁੰਚਿਆ ਤਾਂ ਅੱਗੋ ਗੇਟ ਖੋਲਦਿਆਂ ਹੀ ਮਧੂ ਬੋਲੀ, ”ਕੀੜੀਆਂ ਦਾ ਭੌਣ ਲੱਭਾ।” ਉਸਦੀ ਗੱਲ ਵਿੱਚੇ ਹੀ ਟੋਕਦੇ ਹੋਏ ਉਹ ਇੱਕੋ ਹੀ ਗੱਲ ਕਹਿ ਸਕਿਆ, ”ਸਭ ਜਗਾ੍ਹ ਇੱਕੋ ਹੀ ਵਰਤਾਰਾ ਹੈ..ਇੱਕੋ ਹੀ…ਕੀੜੀਆਂ ਦੇ ਭੌਣ ਵਾਂਗਰ।” ਹੁਣ ਦੋਵਾਂ ਦੇ ਚੇਹਰਿਆਂ ਤੇ ਵੱਡੀ ਚੁੱਪੀ ਸੀ।