ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪਿਤਾ ਏਸੀ ਦਾ ਇਸਤੇਮਾਲ ਨਹੀਂਕਰ ਰਹੇ। ਬਿਲਾਵਲ ਨੇ ਇਹ ਸ਼ਬਦ ਉਸ ਸਮੇਂ ਕਹੇ ਜਦੋਂ ਉਹ ਅਦਾਲਤ ਵਿੱਚ ਜਰਦਾਰੀ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਰੀਮਾਂਡ ਨੂੰ ਲੈ ਕੇ ਸੁਣਵਾਈ ਲਈ ਆਏ ਸਨ। ਆਸਿਫ਼ ਅਲੀ ਜਰਦਾਰੀ ਅਤੇ ਉਨ੍ਹਾਂ ਦੀ ਭੈਣ ਫਰਿਆਲ ਫਰਜ਼ੀ ਬੈਂਕ ਖਾਤੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।
ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਹਾਲ ਹੀ ਵਿੱਚ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਸੈਲ ਦਾ ਏਸੀ ਹਟਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਪ੍ਰਧਾਨਮੰਤਰੀ ਇਮਰਾਨ ਨੇ ਪਿੱਛਲੇ ਹਫ਼ਤੇ ਆਪਣੇ ਅਮਰੀਕੀ ਦੌਰੇ ਦੌਰਾਨ ਕਿਹਾ ਸੀ ਕਿ ਜੇਲ੍ਹਾਂ ਵਿੱਚ ਬੰਦ ਹਾਈ ਪ੍ਰੋਫਾਈਲ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਏਸੀ ਅਤੇ ਟੀਵੀ ਦੀਆਂ ਸਹੂਲਤਾਂ ਸਮਾਪਤ ਕਰ ਦਿੱਤੀਆਂ ਜਾਣਗੀਆਂ। ਬਿਲਾਵਲ ਭੁੱਟੋ ਨੇ ਇਸੇ ਕਰਕੇ ਹੀ ਆਪਣੇ ਪਿਤਾ ਸਾਬਕਾ ਰਾਸ਼ਟਰਪਤੀ ਜਰਦਾਰੀ ਵੱਲੋਂ ਪਹਿਲਾਂ ਹੀ ਇਹ ਸਹੂਲਤ ਨਾ ਲੈਣ ਸਬੰਧੀ ਇਹ ਬਿਆਨ ਦਿੱਤਾ ਹੈ।