ਫਿਰਕੂ ਦੰਗਿਆਂ ਦਾ
ਮਨਾਂ ਅੰਦਰ ਬਿਠਾਇਆ ਡਰ
ਅੰਦਰੋਂ ਨਿਕਲਦਾ ਹੀ ਨਹੀਂ
ਬਹੁਤੇ ਚੇਹਰੇ
ਸਹਿਮੇ-ਸਹਿਮੇ
ਜਿਹੇ ਨਜ਼ਰ ਆਉਂਦੇ ਨੇ
ਤੇ ਬਹੁਤੇ ਤਾਂ
ਆਲੋਪ ਹੀ ਹੋ ਗਏ ਨੇ
ਨਾਅਰੇ
ਜੋ ਹੱਕ ਦੀ ਆਵਾਜ਼ ਬੁਲੰਦ ਕਰਦੇ ਸੀ
ਹੱਕਾਂ ਲਈ ਜੂਝਦੇ
ਨਾਅਰੇ ਲਾਉਂਦੇ
ਜੈਕਾਰਿਆਂ ਤੋਂ ਤ੍ਰਬਕ ਗਏ ਨੇ
ਜੈਕਾਰੇ
ਜੈਕਾਰੇ ਉਹ
ਜਿੰਨ੍ਹਾਂ ਦੀ ਆਡ ਵਿੱਚ
ਕਤਲ ਤੱਕ
ਮਾਫ ਹੋ ਜਾਂਦੇ ਨੇ
ਸੱਤਾ ਦੀ ਸਹਿ ਲੈ
ਬਲਾਤਕਾਰ
ਰਿਵਾਜ ਬਣ ਗਿਆ ਹੈ
ਦਲਿਤ
ਘੱਟ ਗਿਣਤੀ
ਬਿਨ੍ਹਾਂ ਗੁਨਾਹੋਂ
ਗੁਨਾਹਗਾਰ ਹੋ ਗਏ
ਸਮਾਨਤਾ
ਸੰਵਿਧਾਨ ਦੇ ਅਨੁਛੇਦਾਂ ਵਿੱਚ
ਕੈਦ ਹੋ ਕੇ ਰਹਿ ਗਈ ਹੈ
ਹਰ ਰਾਤ
ਪਹਿਲਾਂ ਨਾਲ਼ੋਂ ਸਹਿਮੀ ਜਿਹੀ
ਹਰ ਸਵੇਰ
ਪਹਿਲਾਂ ਨਾਲ਼ੋਂ ਉਦਾਸ ਜਿਹੀ
ਇਹਨਾਂ ਉਦਾਸੀਆਂ ਵਿੱਚ ਹੀ ਤਾਂ
ਸਾਡਾ ਵਾਸ ਹੈ
ਇਸ ਤੋਂ ਪਹਿਲਾਂ
ਕੇ ਕੋਈ ਰਸੂਖ਼ਵਾਨ
ਸਾਨੂੰ
ਜਿਉਂਦਿਆਂ ਦੇਖ
ਸਾਨੂੰ ਮਾਰਨ ਲਈ
ਮਰਨ ਵਰਤ ‘ਤੇ
ਬੈਠੇ
‘ਸਾਇਮਨ ਕਮ ਬੈਕ’
ਅਸੀਂ ਅਜੇ ਹੋਰ
ਜਿਉਣਾਂ ਚਾਹੁੰਦੇ ਹਾਂ।