ਲੰਡਨ, (ਮਨਦੀਪ ਖੁਰਮੀ) – ਸਕਾਟਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜੇ ਆਪਣੀ ਕਰਮਭੂਮੀ ਦੀ ਬਿਹਤਰੀ ਲਈ ਕਾਰਜ ਕੀਤੇ ਹਨ ਤਾਂ ਉਹਨਾਂ ਜਨਮਭੂਮੀ ਦੀ ਆਰਥਿਕਤਾ ਨੂੰ ਵੀ ਹਮੇਸ਼ਾ ਵੱਡਾ ਹੁਲਾਰਾ ਦਿੱਤਾ ਹੈ। ਸਕਾਟਲੈਂਡ ਵਸਦੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਜਲਦੀ ਹੀ ਦੋਹਰੀ ਨਾਗਰਿਕਤਾ ਦੀ ਸਹੂਲਤ ਦੇਣ ਜਾ ਰਹੀ ਹੈ। ਜੇਕਰ ਉਹ ਚਾਹੁਣ ਤਾਂ ਦੋਹਰੀ ਨਾਗਰਿਕਤਾ ਵੀ ਰੱਖ ਸਕਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਕਾਟਲੈਂਡ ਸਥਿਤ ਭਾਰਤੀ ਦੂਤਘਰ ਵੱਲੋਂ ਗਲਾਸਗੋ ਦੇ ਲੌਰਨ ਹੋਟਲ ਵਿੱਚ “ਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ“ ਨਾਂ ਹੇਠ ਸੈਮੀਨਾਰ ਕਰਵਾਏ ਸੈਮੀਨਾਰ ਦੌਰਾਨ ਭਾਰਤੀ ਦੂਤ ਸ਼੍ਰੀਮਤੀ ਅੰਜੂ ਰੰਜਨ ਨੇ ਕੀਤਾ।ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਉਹਨਾਂ ਨੇ ਸਕਾਟਲੈਂਡ ਵਿੱਚ ਭਾਰਤੀ ਦੂਤਘਰ ਦੇ ਕੰਮਾਂ, ਨਾਗਰਿਕਾਂ ਤੇ ਦੂਤਘਰ ਦੇ ਆਪਸੀ ਤਾਲਮੇਲ-ਸਹਿਯੋਗ ਅਤੇ ਭਾਰਤੀ ਸਰਕਾਰ ਦੀਆਂ ਅਗਾਊ ਨੀਤੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਗਲਾਸਗੋ ਦੇ ਸਾਬਕਾ ਕੌਂਸਲਰ ਸੋਹਣ ਸਿੰਘ ਰੰਧਾਵਾ ਨੇ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਸਕਾਟਲੈਂਡ ਵਿੱਚ ਭਾਰਤੀ ਸੱਭਿਆਚਾਰ, ਸੰਸਥਾਵਾਂ, ਸਭਾਵਾਂ, ਉਦਯੋਗਪਤੀਆਂ, ਪ੍ਰਭਾਵਸ਼ਾਲੀ ਭਾਰਤੀ ਨਾਗਰਿਕਾਂ ਬਾਰੇ ਜਾਣ ਪਹਿਚਾਣ ਕਰਵਾਉਣ ਦੇ ਨਾਲ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਇਲਾਵਾ ਸਰਵ ਸ੍ਰੀ ਵਿਵੇਕ ਭੱਟਮਿਸ਼ਰਾ, ਭਾਰਤੀ ਐਸੋਸੀਏਸ਼ਨ ਔਰਗਨਾਈਜੇਸ਼ਨ ਸਕਾਟਲੈਂਡ ਦੇ ਮੁਖੀ ਐੱਸ ਆਰ ਬਾਘਾ, ਸਾਬਕਾ ਮੁਖੀ ਅੰਮ੍ਰਿਤਪਾਲ ਕੌਸ਼ਲ, ਸਕਾਟਿਸ਼ ਭਾਰਤੀ ਕਲਾ-ਕੇਂਦਰ ਦੇ ਮੁਖੀ ਮਹਿੰਦਰ ਢਾਲ, ਸਿੱਖ ਸੰਯੋਗ ਸਕਾਟਲੈਂਡ ਦੇ ਮੁਖੀ ਓ ਬੀ ਈ ਸ਼੍ਰੀਮਤੀ ਤ੍ਰਿਸ਼ਨਾ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕਾਟਲੈਂਡ ਦੇ ਮਸ਼ਹੂਰ ਫੋਟੋਗ੍ਰਾਫਰ ਹਰਮਨ ਰੌਡਰਿਕਸ ਨੇ ਪਿਛਲੇ ਤੀਹ ਵਰਿ੍ਹਆਂ ਵਿੱਚ ਤਕਰੀਬਨ ਦੁਨੀਆਂ ਦੇ ਹਰ ਕੋਨੇ ਤੋਂ ਖਿੱਚੀਆਂ ਪੰਜਾਹ ਹਜ਼ਾਰ ਤੋਂ ਉੱਪਰ ਤਸਵੀਰਾਂ ਅਤੇ ਉਹਨਾਂ ਦੀਆਂ ਪ੍ਰਦਰਸ਼ਨੀਆਂ ਬਾਰੇ ਦੱਸਿਆ ।ਇਸ ਦੌਰਾਨ ਜੋਤਿਮਾ ਬੈਨਰਜੀ ਅਤੇ ਜੇਤਲ ਜਾਲਾ ਵੱਲੋਂ ਪ੍ਰੰਪਰਿਕ ਨ੍ਰਿਤ ਕਲਾਵਾਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਸਕਾਟਲੈਂਡ ਭਾਰਤੀ ਦੂਤ ਸ਼੍ਰੀਮਤੀ ਅੰਜੂ ਰੰਜਨ ਵੱਲੋਂ ਸਕਾਟਲੈਂਡ ਵਿੱਚ ਭਾਰਤੀਆਂ ਦੇ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸੋਹਣ ਸਿੰਘ ਰੰਧਾਵਾ, ਮੋਹਿੰਦਰ ਢਾਲ, ਐੱਸ ਆਰ ਬਾਘਾ ਅਤੇ ਸ਼੍ਰੀਮਤੀ ਤ੍ਰਿਸ਼ਨਾ ਸਿੰਘ ਨੂੰ ਉਹਨਾਂ ਦੀਆ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ ਆਯੋਜਨ
This entry was posted in ਅੰਤਰਰਾਸ਼ਟਰੀ.