ਅੰਮ੍ਰਿਤਸਰ – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ ੪:੦੦ ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਅਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ। ਇਹ ਦ੍ਰਿਸ਼ ਆਪਣੇ ਆਪ ਵਿਚ ਅਲੌਕਿਕ ਸੀ।
ਜੀਰੋ ਲਾਈਨ ਤੋਂ ਜਿਉਂ ਹੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰ ਸਹਿਤ ਲੈ ਕੇ ਭਾਰਤ ਦਾਖ਼ਲ ਹੋਏ ਤਾਂ ਸੰਗਤਾਂ ਨੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਸਰਹੱਦ ਦਾ ਮਾਹੌਲ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਭਾਰਤ ਦਾਖਲ ਹੋਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਜਥੇਦਾਰ ਤੋਤਾ ਸਿੰਘ, ਸ. ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਸ. ਗੁਲਜ਼ਾਰ ਸਿੰਘ ਰਣੀਕੇ, ਸ. ਨਿਰਮਲ ਸਿੰਘ ਕਾਹਲੋਂ, ਸ. ਵਿਰਸਾ ਸਿੰਘ ਵਲਟੋਹਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਸ੍ਰੀ. ਓ.ਪੀ. ਸੋਨੀ, ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਲੱਖਾਂ ਦੀ ਤਾਦਾਦ ਵਿਚ ਸੰਗਤਾਂ ਅਟਾਰੀ ਸਰਹੱਦ ਵਿਖੇ ਪੁੱਜੀਆਂ ਹੋਈਆਂ ਸਨ। ਇਥੇ ਪੰਜਾਬ ਪੁਲਿਸ ਨੇ ਆਪਣੇ ਰਵਾਇਤੀ ਢੰਗ ਨਾਲ ਗਾਡ ਆਫ ਆਨਰ ਦਿੱਤਾ। ਅਟਾਰੀ ਸਰਹੱਦ ਤੋਂ ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਸੇਵਾ ਨਿਭਾਈ।
ਇਸ ਦੌਰਾਨ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਅਟਾਰੀ ਸਰਹੱਦ ਤੋਂ ਸ੍ਰੀ ਅੰਮਿਤਸਰ ਦੇ ਰਸਤੇ ਵੱਖ-ਵੱਖ ਥਾਵਾਂ ‘ਤੇ ਸੰਪਰਦਾਵਾਂ ਅਤੇ ਸੰਗਤਾਂ ਵੱਲੋਂ ਲੰਗਰ ਲਗਾੲ ਗਏ। ਨਗਰ ਕੀਰਤਨ ਦੇ ਸਵਾਗਤ ਲਈ ਬੈਂਡ ਪਾਰਟੀਆਂ ਅਤੇ ਗਤਕਾ ਅਖਾੜਿਆਂ ਨੇ ਵੀ ਸ਼ਮੂਲੀਅਤ ਕੀਤੀ। ਸਕੂਲਾਂ ਦੇ ਬੱਚੇ ਵੀ ਖ਼ਾਲਸਾਈ ਬਾਣਾ ਪਹਿਨ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਸੰਗਤਾਂ ਲਈ ਲੰਗਰਾਂ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ।